ਜਗਰਾਓਂ, 21 ਸਤੰਬਰ ( ਲਿਕੇਸ਼ ਸ਼ਰਮਾਂ, ਅਸ਼ਵਨੀ)-ਪੰਦਰਾਂ ਜਨਤਕ ਜਥੇਬੰਦੀਆਂ ਤੇ ਆਧਾਰਿਤ “ਨਸ਼ਾ ਵਿਰੋਧੀ ਸਾਂਝਾ ਫਰੰਟ” ਵਲੋਂ ਅੱਜ ਜਗਰਾਂਓ ਸ਼ਹਿਰ ਦੀਆਂ ਮਜਦੂਰ ਬਸਤੀਆਂ ਚ ਲੋਕਾਂ ਨੂੰ ਨਸ਼ਿਆਂ ਦੇ ਮਾਰੂ ਹੱਲੇ ਖਿਲਾਫ ਸੁਚੇਤ ਕਰਨ ਲਈ ਕਾਫਲਾ ਮਾਰਚ ਕੀਤਾ ਗਿਆ। ਮੁਹੱਲਾ ਮਾਈ ਜੀਨਾ, ਮਜਦੂਰ ਅੱਡਾ ਰਾਏਕੋਟ ਰੋਡ, ਅਜੀਤ ਨਗਰ,ਰਾਣੀ ਵਾਲਾ ਖੂਹ, ਅਗਵਾੜ ਡਾਲਾ,ਆਵਾ ਮੁਹੱਲਾ, ਅਗਵਾੜ ਲੋਪੋ, ਲਹਿੰਦੀ ਭੈਣੀ,ਫੂਡ ਐਂਡ ਅਲਾਈਡ ਵਰਕਰਜ ਯੂਨੀਅਨ ਦੇ ਦਫਤਰ ਵਿਖੇ ਮਜਦੂਰ ਮਰਦ ਔਰਤਾਂ ਦੀਆਂ ਇਕੱਤਰਤਾਵਾਂ ਚ ਫਰੰਟ ਦੇ ਆਗੂਆਂ ਕੰਵਲਜੀਤ ਖੰਨਾ, ਬਲਰਾਜ ਸਿੰਘ ਕੋਟੳਮਰਾ, ਗੁਰਮੇਲ ਸਿੰਘ ਰੂਮੀ, ਹੁਕਮ ਰਾਜ ਦੇਹੜਕਾ , ਜਗਦੀਸ਼ ਸਿੰਘ ਕਾਓਂਕੇ,ਸੁਰਜੀਤ ਦੋਧਰ ਨੇ ਸੰਬੋਧਨ ਕੀਤਾ। ਉਨਾਂ ਬੋਲਦਿਆਂ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ, ਘਰਾਂ ਦੀ ਤਬਾਹੀ ਕਰਨ, ਸਮਾਜ ਚ ਜੁਰਮ ਦੇ ਵੱਧਣ ਦਾ ਕਾਰਨ ਨਸ਼ਾ ਵੀ ਹੈ। ਉਨਾਂ ਦੱਸਿਆ ਕਿ ਪੰਜਾਬ ਚ ਹਰ ਅੱਠ ਘੰਟੇ ਚ ਇਕ ਨੋਜਵਾਨ ਚਿੱਟੇ ਦੀ ਬਲੀ ਚੜ ਰਿਹਾ ਹੈ। ਨਸ਼ਾ ਸਮਗਲਰ ,ਪੁਲਸ ਅਤੇ ਸਰਕਾਰ ਦਾ ਗਠਜੋੜ ਇਸ ਨਸ਼ੇ ਦੇ ਮਾਰੂ ਹੱਲੇ ਲਈ ਜਿੰਮੇਵਾਰ ਹੈ। ਕਰੋੜਾਂ ਰੁਪਏ ਦੇ ਇਸ ਮੁਨਾਫੇ ਵਾਲੇ ਧੰਦੇ ਚ ਪੰਜਾਬ ਖਤਮ ਹੋ ਰਿਹਾ ਹੈ।ਉਨਾਂ ਨੇ ਮਜਦੂਰ ਬਸਤੀਆਂ ਚ ਬਹੁਤੇ ਘਰਾਂ ਚ ਚਿੱਟੇ ਕਾਰਨ ਹੋ ਰਹੇ ਉਜਾੜੇ ਖਿਲਾਫ ਅਤੇ ਅਪਣੀਆਂ ਰੋਜ਼ਮਰਾ ਦੀਆਂ ਮੰਗਾਂ ਲਈ ਸੰਘਰਸ਼ ਕਰਨ ਦੀ ਅਪੀਲ ਕੀਤੀ। ਬੁਲਾਰਿਆਂ ਨੇ 24 ਸਿਤੰਬਰ ਦਿਨ ਐਤਵਾਰ ਸਵੇਰੇ 11 ਵਜੇ ਪੁਰਾਣੀ ਦਾਣਾ ਮੰਡੀ ਮੰਦਰ ਵਾਲੀ ਧਰਮਸ਼ਾਲਾ ਚ ਹੋ ਰਹੀ ਨਸ਼ਾ ਵਿਰੋਧੀ ਕਨਵੈਨਸ਼ਨ ਚ ਸ਼ਾਮਲ ਹੋਣ ਦੀ ਅਪੀਲ ਕੀਤੀ। ਸਾਰੀਆਂ ਥਾਵਾਂ ਤੇ ਲੋਕਾਂ ਨੇ ਫੁਲਪੱਤੀਆਂ ਬਰਸਾ ਕੇ ਨਾਰੇ ਗੁੰਜਾ ਕੇ ਫਰੰਟ ਦੀ ਮੁਹਿੰਮ ਚ ਸ਼ਾਮਲ ਹੋਣ ਦਾ ਭਰੋਸਾ ਦਿੱਤਾ।ਉਨਾਂ ਦੱਸਿਆ ਕਿ ਵਿਦਵਾਨ ਬੁਲਾਰੇ ਡਾ: ਮੋਹਨ ਸ਼ਰਮਾ ਅਤੇ ਐਡਵੋਕੇਟ ਸੁਦੀਪ ਸਿੰਘ ਇਸ ਕਨਵੈਨਸ਼ਨ ਨੂੰ ਸੰਬੋਧਨ ਕਰਨਗੇ। ਇਸ ਸਮੇਂ ਬਲਬੀਰ ਸਿੰਘ ਅਗਵਾੜ ਲੋਪੋ, ਅਮੀਰ ਸਿੰਘ ਆਦਿ ਹਾਜਰ ਸਨ।