ਸਿੱਧਵਾਂ ਬੇਟ, 25 ਸਤੰਬਰ ( ਬੌਬੀ ਸਹਿਜਲ, ਧਰਮਿੰਦਰ)
54 ਹਜ਼ਾਰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਪਿਛਲੇਂ ਲੰਮੇ ਸਮੇਂ ਤੋਂ ਲਟਕ ਰਹੀਆਂ ਹੱਕੀ ਮੰਗਾਂ ਨੂੰ ਲੈ ਕੇ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਪੰਜਾਬ ਸਰਕਾਰ ਤੇ ਹੱਲਾ ਬੋਲਣ ਲਈ ਪ੍ਰੋਗਰਾਮ ਉਲੀਕ ਲਿਆ ਹੈ ਤੇ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ 2 ਅਕਤੂਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਹਿਰ ਸੰਗਰੂਰ ਵਿਖੇ ਸੂਬਾ ਪੱਧਰੀ ਰੋਸ ਰੈਲੀ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਕੀਤੀ ਜਾ ਰਹੀ ਹੈ। ਉਪਰੋਕਤ ਜਾਣਕਾਰੀ ਯੂਨੀਅਨ ਦੀ ਜ਼ਿਲਾ ਪ੍ਰਧਾਨ ਗੁਰਅਮਿੰਰਤ ਕੌਰ ਲੀਹਾਂ ਅਤੇ ਬਲਾਕ ਪ੍ਰਧਾਨ ਮਨਜੀਤ ਕੌਰ ਢਿੱਲੋਂ ਬਰਸਾਲ ਨੇ ਦਿੱਤੀ । ਉਹਨਾਂ ਕਿਹਾ ਕਿ 2 ਅਕਤੂਬਰ 1975 ਨੂੰ ਕੇਂਦਰ ਸਰਕਾਰ ਨੇ ਆਈ ਸੀ ਡੀ ਐਸ ਸਕੀਮ ਸ਼ੁਰੂ ਕੀਤੀ ਸੀ ਤੇ ਇਸ ਸਕੀਮ ਨੂੰ ਚੱਲਦਿਆਂ ਲਗਭਗ 48 ਸਾਲ ਬੀਤ ਚੁੱਕੇ ਹਨ । ਪਰ ਹੈਰਾਨੀ ਭਰੀ ਗੱਲ ਹੈ ਕਿ ਐਨਾ ਲੰਮਾ ਸਮਾਂ ਬੀਤਣ ਦੇ ਬਾਵਜੂਦ ਵੀ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਸਮੇਂ ਦੀਆਂ ਸਰਕਾਰਾਂ ਨੇ ਅੱਖੋਂ ਪਰੋਖੇ ਕਰੀ ਰੱਖਿਆ ਤੇ ਉਹਨਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾਂਦਾ ਰਿਹਾ । ਜਿਸ ਕਰਕੇ ਜਥੇਬੰਦੀ ਨੂੰ ਭਾਰੀ ਸੰਘਰਸ਼ਾਂ ਵਿਚੋਂ ਗੁਜ਼ਰਨਾ ਪਿਆ ਹੈ ਤੇ ਜੇਲਾਂ ਤੱਕ ਜਾਣਾ ਪਿਆ।ਉਹਨਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਨਵੀਂ ਵਿੱਦਿਆ ਨੀਤੀ ਅਨੁਸਾਰ ਆਂਗਣਵਾੜੀ ਵਰਕਰਾਂ ਨੂੰ ਪ੍ਰੀ ਨਰਸਰੀ ਟੀਚਰ ਦਾ ਦਰਜਾ ਦੇਵੇ ਅਤੇ ਹੈਲਪਰਾਂ ਨੂੰ ਚੋਥੇ ਦਰਜੇ ਦਾ ਗਰੇਡ ਦਿੱਤਾ ਜਾਵੇ । 2017 ਤੋਂ ਆਂਗਣਵਾੜੀ ਸੈਂਟਰਾਂ ਦੇ ਖੋਹੇ ਹੋਏ ਬੱਚੇ ਜਿੰਨਾ ਬਾਰੇ ਨੋਟੀਫਿਕੇਸ਼ਨ ਵੀ ਜਾਰੀ ਹੋ ਚੁੱਕਾ ਸੀ ਵਾਪਸ ਸੈਂਟਰਾਂ ਵਿੱਚ ਭੇਜੇ ਜਾਣ ।ਐਨ ਜੀ ਓ ਅਧੀਨ ਚੱਲਦੇ 8 ਬਲਾਕਾਂ ਬਠਿੰਡਾ , ਸਿੱਧਵਾਂ ਬੇਟ , ਤਰਸਿੱਕਾ , ਖੂਈਆਂ ਸਰਵਰ , ਮੱਖੂ , ਡੇਰਾ ਬਾਬਾ ਨਾਨਕ , ਭਿੱਖੀਵਿੰਡ ਅਤੇ ਹਰਸਾਛੀਨਾ ਨੂੰ ਮੁੱਖ ਵਿਭਾਗ ਵਿੱਚ ਮਰਜ਼ ਕੀਤਾ ਜਾਵੇ । ਪੰਜਾਬ ਦੀਆਂ 54 ਹਜ਼ਾਰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਸਾਰੇ ਪਿਛਲੇ ਬਕਾਏ (ਮਾਣ ਭੱਤੇ ਦੇ) ਦਿੱਤੇ ਜਾਣ ਅਤੇ ਅੱਗੇ ਤੋਂ ਹਰ ਮਹੀਨੇ ਦੀ 3 ਤਰੀਕ ਨੂੰ ਮਾਣ ਭੱਤਾ ਦਿੱਤਾ ਜਾਵੇ । ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੋਟਾਂ ਵੇਲੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨਾਲ ਕੀਤਾ ਆਪਣਾ ਵਾਅਦਾ ਪੂਰਾ ਕਰੇ ਅਤੇ ਮਾਣ ਭੱਤਾ ਦੁੱਗਣਾ ਕੀਤਾ ਜਾਵੇ । ਆਂਗਣਵਾੜੀ ਸੈਂਟਰਾਂ ਦੀਆਂ ਇਮਾਰਤਾਂ ਆਧੁਨਿਕ ਸਹੂਲਤਾਂ ਵਾਲੀਆਂ ਬਣਾਈਆਂ ਜਾਣ ।ਉਹਨਾਂ ਦੱਸਿਆ ਕਿ ਵਰਕਰਾਂ ਤੇ ਹੈਲਪਰਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ । ਹਰੇਕ ਬਲਾਕ ਵਿਚੋਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਵੱਡੀ ਗਿਣਤੀ ਵਿੱਚ ਸੰਗਰੂਰ ਪੁੱਜਣਗੀਆਂ ਅਤੇ ਹਜ਼ਾਰਾਂ ਦਾ ਇਕੱਠ ਹੋਵੇਗਾ । ਉਹਨਾਂ ਇਹ ਵੀ ਕਿਹਾ ਕਿ ਡੇਢ ਸਾਲ ਦੌਰਾਨ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਨਾਲ ਇਕ ਵਾਰ ਵੀ ਮੀਟਿੰਗ ਨਹੀਂ ਕੀਤੀ ਜਦੋਂ ਕਿ ਵਰਕਰਾਂ ਤੇ ਹੈਲਪਰਾਂ ਸਾਲ ਭਰ ਤਨਖਾਹਾਂ ਨੂੰ ਵੀ ਤਰਸਦੀਆਂ ਰਹੀਆਂ ਹਨ ਤੇ ਉਹਨਾਂ ਦੀ ਗੱਲ ਨਹੀਂ ਸੁਣੀ ਗਈ । ਉਹਨਾਂ ਕਿਹਾ ਕਿ ਹੁਣ ਜਥੇਬੰਦੀ ਸਰਕਾਰ ਨਾਲ ਆਰ ਪਾਰ ਦੀ ਲੜਾਈ ਲੜਨ ਲਈ ਤਿਆਰ ਬਰ ਤਿਆਰ ਹੈ ਤੇ ਵਰਕਰਾਂ ਤੇ ਹੈਲਪਰਾਂ ਸਰਕਾਰ ਦੀ ਕਿਸੇ ਘੁਰਕੀ ਤੋਂ ਨਹੀਂ ਡਰਦੀਆਂ ।ਇਸ ਮੌਕੇ ਖੁਸ਼ਵਿੰਦਰ ਕੌਰ ਮੀਤ ਪ੍ਰਧਾਨ ਮਧੇਪੁਰ ਸਰਬਜੀਤ ਕੌਰ ਵਿਰਕ ਪ੍ਰੈਸ ਸਕੱਤਰ ਕਰਮਜੀਤ ਕੌਰ ਸਦਰਪੁਰਾ ,ਅਮਰਜੀਤ ਕੌਰ ਬਣੀਏਂਵਾਲ ਜਸਵੀਰ ਕੌਰ ਬਲੀਪੁਰ, ਅਮਨਦੀਪ ਕੌਰ ਗ਼ਾਲਿਬ ,ਪਰਮਜੀਤ ਕੌਰ ਬਜ਼ੁਰਗ ,ਤਰਸੇਮ ਕੌਰ ਗਿੱਦੜਵਿੰਡੀ ਅਤੇ ਗੀਤਾਂ ਗਿੱਦੜਵਿੰਡੀ
ਆਦਿ ਆਗੂ ਮੌਜੂਦ ਸਨ ।