ਵਿਕਾਸ ਮਠਾੜੂ ਦੀ ਵਿਸ਼ੇਸ਼ ਰਿਪੋਰਟ
ਉਦਾਸੀਨ ਆਸ਼ਰਮ ਡੇਰਾ ਇਮਾਮਗੜ੍ਹ ਦੇ ਮੁਖੀ ਮਹੰਤ ਹਰਪਾਲ ਦਾਸ ਅਜਿਹੀ ਰੱਬੀ ਰੂਹ ਸ਼ਖ਼ਸੀਅਤ ਹਨ, ਜਿਹੜਾ ਵੀ ਵਿਅਕਤੀ ਇੱਕ ਵਾਰ ਉਨ੍ਹਾਂ ਨੂੰ ਮਿਲ ਲੈਂਦਾ ਹੈ, ਉਹ ਉਨ੍ਹਾਂ ਦਾ ਹੀ ਹੋ ਕੇ ਰਹਿ ਜਾਂਦਾ ਹੈ। ਆਸ-ਪਾਸ ਪਿੰਡਾਂ ਤੋਂ ਇਲਾਵਾ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਵੀ ਉਨ੍ਹਾਂ ਦੇ ਮਿੱਠਬੋਲੜੇ ਅਤੇ ਮਿਲਣਸਾਰ ਸੁਭਾਅ ਦੇ ਚਰਚੇ ਹਨ। ਹੋਰਨਾਂ ਡੇਰੇਦਾਰਾਂ ਵਾਂਗ ਲੋਕਾਂ ਨੂੰ ਭੰਬਲਭੂਸੇ ਵਿੱਚ ਪਾ ਕੇ ਮਾਇਆ ਵਟੋਰਨ ਦੀ ਜਗ੍ਹਾ ਉਹ ਹਮੇਸ਼ਾ ਹੀ ਲੋਕਾਂ ਨੂੰ ਜਾਗਰੂਕ ਕਰਨ ਲਈ ਤੱਤਪਰ ਰਹਿੰਦੇ ਹਨ। ਧਾਰਮਿਕ ਸਮਾਗਮਾਂ ਤੋਂ ਇਲਾਵਾ ਡੇਰੇ ਵਿੱਚ ਚੱਲਦਾ ਸਾਹਿਤਕ ਸਰਗਰਮੀਆਂ ਦਾ ਪ੍ਰਵਾਹ ਵੀ ਸੂਝਵਾਨ ਲੋਕਾਂ ਨੂੰ ਡੇਰੇ ਨਾਲ ਜੋੜਨ ਵਿੱਚ ਸਹਾਇਕ ਸਿੱਧ ਹੋ ਰਿਹਾ ਹੈ। ਮੈਨੂੰ ਨਿੱਜੀ ਤੌਰ ’ਤੇ ਉਨ੍ਹਾਂ ਦੇ ਕਈ ਸਾਹਿਤਕ ਸਮਾਗਮਾਂ ਵਿੱਚ ਸ਼ਾਮਲ ਹੋਣ ਦਾ ਸੁਭਾਗ ਪ੍ਰਾਪਤ ਹੋਇਆ ਹੈ, ਇਸ ਲਈ ਮੈਂ ਪੂਰੇ ਵਿਸ਼ਵਾਸ ਨਾਲ ਇਹ ਕਹਿ ਸਕਦਾ ਹਾਂ ਕਿ ਉਨ੍ਹਾਂ ਵੱਲੋਂ ਚਲਾਏ ਜਾ ਰਹੇ ਸਾਹਿਤਕ ਲੰਗਰ ਦੇ ਮੁਕਾਬਲੇ ਵੱਡੀਆਂ-ਵੱਡੀਆਂ ਸੰਸਥਾਵਾਂ ਵੱਲੋਂ ਸਰਕਾਰੀ ਮਾਇਆ ਨਾਲ ਕਰਵਾਏ ਜਾਣ ਵਾਲੇ ਸਮਾਗਮ ਵੀ ਫਿੱਕੇ ਦਿਖਾਈ ਦਿੰਦੇ ਹਨ।
ਹੱਥਲਾ ਕਾਵਿ-ਸੰਗ੍ਰਹਿ ‘ਲਫ਼ਜ਼ਾਂ ਦੀ ਲੋਅ’ ਮਹੰਤ ਹਰਪਾਲ ਦਾਸ ਦੀ ਦੂਜੀ ਪ੍ਰਕਾਸ਼ਿਤ ਪੁਸਤਕ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦਾ ਇੱਕ ਕਾਵਿ-ਸੰਗ੍ਰਹਿ ‘ਹਰਫ਼ਾਂ ਦਾ ਨੂਰ’ ਵੀ ਪ੍ਰਕਾਸ਼ਿਤ ਹੋ ਚੁੱਕਿਆ ਹੈ। ਪੁਸਤਕ ਨੂੰ ਮਨ-ਚਿੱਤ ਇਕਾਗਰ ਕਰ ਕੇ ਪੜ੍ਹਦਿਆਂ ਪਾਠਕ ਨੂੰ ਸਹਿਜੇ ਹੀ ਇਸ ਗੱਲ ਦਾ ਅਹਿਸਾਸ ਹੋ ਜਾਂਦਾ ਹੈ ਕਿ ਉਹ ਸੱਚਮੁੱਚ ਹੀ ਇੱਕ ਅਜਿਹੇ ਪ੍ਰਕਾਸ਼ ਨਾਲ ਭਰਪੂਰ ਹੋ ਗਿਆ ਹੈ, ਜਿਸ ਨੇ ਉਸ ਦੇ ਮਨ ਦੇ ਸਾਰੇ ਹਨੇਰੇ ਨੂੰ ਹੂੰਝ ਕੇ ਬਾਹਰ ਸੁੱਟ ਦਿੱਤਾ ਹੈ। ਮਹੰਤ ਹਰਪਾਲ ਦਾਸ ਇਹੋ ਹੀ ਪ੍ਰਕਾਸ਼ ਦੁਨੀਆ ਦੇ ਹਰ ਵਿਅਕਤੀ ਦੇ ਮਨ-ਮਸਤਿਕ ਤੱਕ ਪਹੁੰਚਾਉਣਾ ਚਾਹੁੰਦੇ ਹਨ:
ਘੋਰ ਹਨੇਰੇ ਦੇ ਵਿੱਚ ਆਪਾਂ,
ਆਓ ਦੀਵਾ ਬਣ ਕੇ ਬਲ਼ੀਏ।
ਦੁਨੀਆ ਨੂੰ ਖ਼ੁਸ਼ਬੋਆਂ ਆਵਣ,
ਐਸੇ ਸਾਂਚੇ ਦੇ ਵਿੱਚ ਢਲ਼ੀਏ।
ਕੋਈ ਵੀ ਵਿਅਕਤੀ ਜਨਮ ਤੋਂ ਹੀ ਚੰਗਾ ਜਾਂ ਮਾੜਾ ਨਹੀਂ ਹੁੰਦਾ ਬਲਕਿ ਉਸ ਦੇ ਕੀਤੇ ਗਏ ਕੰਮ ਹੀ ਉਸ ਨੂੰ ਚੰਗਾ ਜਾਂ ਮਾੜਾ ਬਣਾਉਂਦੇ ਹਨ। ਪਹਿਲਾਂ-ਪਹਿਲਾਂ ਜਦੋਂ ਵੀ ਕੋਈ ਵਿਅਕਤੀ ਗਲਤ ਕੰਮ ਕਰਦਾ ਹੈ, ਤਾਂ ਉਸ ਦੇ ਅੰਦਰੋਂ ਇੱਕ ਆਵਾਜ਼ ਉਸ ਨੂੰ ਅਜਿਹਾ ਕਰਨ ਤੋਂ ਵਰਜਦੀ ਹੈ ਪਰ ਜਦੋਂ ਵਿਅਕਤੀ ਉਸ ਅੰਦਰਲੀ ਆਵਾਜ਼ ਨੂੰ ਲਗਾਤਾਰ ਅਣਗੌਲਿਆ ਕਰਦਾ ਰਹਿੰਦਾ ਹੈ, ਤਾਂ ਹੌਲੀ-ਹੌਲੀ ਉਹ ਆਵਾਜ਼ ਸੁਣਾਈ ਦੇਣੋਂ ਹਟ ਜਾਂਦੀ ਹੈ ਅਤੇ ਫਿਰ ਵਿਅਕਤੀ ਚਾਹੁੰਦਾ ਹੋਇਆ ਵੀ ਕੋਈ ਚੰਗਾ ਕੰਮ ਨਹੀਂ ਕਰ ਸਕਦਾ:
ਮਾੜੇ ਦੇ ਨਾਲ ਮਾੜਾ ਬਣ ਕੇ,
ਆਪਾਂ ਨਾ ਮਾੜਾ ਅਖਵਾਈਏ।
ਨੇਕੀ ਵਾਲੇ ਕਾਰਜ ਕਰੀਏ,
‘ਰਾਜੇ’ ਨੇਕੀ ਦੇ ਗੁਣ ਗਾਈਏ।
ਸੁਖਮਨੀ ਸਾਹਿਬ ਵਿੱਚ ਗੁਰੂ ਅਰਜਨ ਦੇਵ ਜੀ ਸਪੱਸ਼ਟ ਸ਼ਬਦਾਂ ਵਿੱਚ ਲਿਖਦੇ ਹਨ ਕਿ ਹਰੀ ਦਾ ਸਿਮਰਨ ਅਤੇ ਨਿਰਮਲ ਕਰਮ ਹੀ ਸਭ ਤੋਂ ਉੱਤਮ ਧਰਮ ਹੈ ਪਰ ਅੱਜਕੱਲ੍ਹ ਤਾਂ ਧਰਮ ਦੇ ਅਰਥ ਹੀ ਬਦਲ ਦਿੱਤੇ ਗਏ ਹਨ। ਵੱਖ-ਵੱਖ ਕੌਮਾਂ, ਜਾਤਾਂ ਅਤੇ ਨਸਲਾਂ ਵਿੱਚ ਵੰਡੇ ਹੋਏ ਲੋਕਾਂ ਦੇ ਆਪਣੇ-ਆਪਣੇ ਵਿਸ਼ਵਾਸ ਅਤੇ ਅਕੀਦੇ ਹਨ, ਆਪਣੀਆਂ-ਆਪਣੀਆਂ ਰਸਮਾਂ ਅਤੇ ਪਰੰਪਰਾਵਾਂ ਹਨ, ਜਿਨ੍ਹਾਂ ਦਾ ਪਾਲਣ ਕਰਦੇ-ਕਰਦੇ ਲੋਕ ਅਸਲੀ ਧਰਮ ਨੂੰ ਗਵਾ ਬੈਠੇ ਹਨ, ਜਿਸ ਵੱਲ ਮਹੰਤ ਜੀ ਇਸ਼ਾਰਾ ਕਰਦੇ ਹਨ:
ਦੁੱਖ ਦੁਖੀਆਂ ਦਾ ਵੰਡਾਉਣਾ ਧਰਮ ਹੈ।
ਭੁੱਲਿਆਂ ਨੂੰ ਰਾਹ ਦਿਖਾਉਣਾ ਧਰਮ ਹੈ।
ਵਿਸ਼ਵ ਭਰ ਵਿੱਚ ਵਿਅਕਤੀ ਜੋ ਵੀ ਕੰਮ ਕਰਦਾ ਹੈ, ਉਹ ਉਸ ਦੀ ਪਛਾਣ ਬਣ ਜਾਂਦੀ ਹੈ ਪਰ ਭਾਰਤ ਵਿੱਚ ਇਸ ਪਛਾਣ ਨੂੰ ਜਾਤ ਦਾ ਨਾਂ ਦੇ ਕੇ ਉਸ ਦੇ ਜਨਮ ਨਾਲ ਜੋੜ ਦਿੱਤਾ ਗਿਆ ਹੈ। ਇਸ ਤਰ੍ਹਾਂ ਜੇਕਰ ਕੋਈ ਵਿਅਕਤੀ ਆਪਣਾ ਪਿਤਾਪੁਰਖੀ ਕੰਮ ਨਾ ਵੀ ਕਰੇ, ਤਾਂ ਵੀ ਉਸ ਦੀ ਜਾਤ ਪੱਕੇ ਤੌਰ ’ਤੇ ਉਸ ਦੇ ਨਾਂ ਨਾਲ ਜੁੜੀ ਰਹਿੰਦੀ ਹੈ ਅਤੇ ਬਹੁਤ ਸਾਰੇ ਵਿਵਾਦਾਂ ਨੂੰ ਵੀ ਜਨਮ ਦਿੰਦੀ ਹੈ। ਮਹੰਤ ਜੀ ਲਿਖਦੇ ਹਨ ਕਿ ਗਿਆਨ ਦੀ ਪ੍ਰਭਾਤ ਹੀ ਅਗਿਆਨ ਦੀਆਂ ਅਜਿਹੀਆਂ ਕੰਧਾਂ ਨੂੰ ਢਹਿ-ਢੇਰੀ ਕਰਨ ਦੇ ਸਮਰੱਥ ਹੈ:
ਜਾਤ-ਪਾਤ ਨੇ ਵੰਡੀਆਂ ਪਾਈਆਂ,
ਰੱਬ ਦੇ ਘਰ ਵਿੱਚ ਜਾਤ ਨਹੀਂ ਹੁੰਦੀ।
ਰਾਤ ਦੇ ਮਗਰੋਂ ਆਏ ਸਵੇਰਾ,
ਕੌਣ ਕਹੇ ਪ੍ਰਭਾਤ ਨਹੀਂ ਹੁੰਦੀ।
ਮਹੰਤ ਹਰਪਾਲ ਦਾਸ ਜੀ ਦੇ ਇੱਕ-ਇੱਕ ਸ਼ਬਦ ਵਿੱਚ ਵਿੱਚ ਕਿੰਨੇ-ਕਿੰਨੇ ਗ੍ਰੰਥਾਂ ਦਾ ਗਿਆਨ ਸਮੋਇਆ ਹੋਇਆ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇਹ ਸਾਰਾ ਸੰਸਾਰ ਮਨ ਦਾ ਹੀ ਪਸਾਰਾ ਹੈ। ਜਦੋਂ ਵਿਅਕਤੀ ਦਾ ਮਨ ਹੱਥ ਖੜ੍ਹੇ ਕਰ ਜਾਂਦਾ ਹੈ, ਤਾਂ ਵਿਅਕਤੀ ਦਾ ਹਰ ਹਾਲਤ ਵਿੱਚ ਹਾਰ ਤੈਅ ਹੋ ਜਾਂਦਾ ਹੈ ਅਤੇ ਜਿਹੜੇ ਮਨੁੱਖ ਦਾ ਮਨ ਜਿੱਤ ਪ੍ਰਤੀ ਦ੍ਰਿੜ੍ਹ ਵਿਸ਼ਵਾਸੀ ਹੁੰਦਾ ਹੈ, ਤਾਂ ਸਫ਼ਲਤਾ ਅਜਿਹੇ ਮਨੁੱਖ ਦੇ ਕਦਮਾਂ ਵਿੱਚ ਹੁੰਦੀ ਹੈ। ਮਨ ਨੂੰ ਕਾਬੂ ਵਿੱਚ ਕੀਤੇ ਬਿਨਾਂ ਕਦੇ ਵੀ ਮੰਜ਼ਿਲਾਂ ਸਰ ਨਹੀਂ ਹੁੰਦੀਆਂ:
ਹਿੰਮਤ ਕਰਨੀ ਜੋ ਨਾ ਛੱਡਦੇ,
ਕਦੇ ਨਾ ਬਾਜ਼ੀ ਹਾਰੇ ਹੁੰਦੇ।
‘ਰਾਜੇ’ ਸਾਈਂ ਨੂੰ ਉਹ ਮਿਲਦੇ,
ਜਿਹਨਾਂ ਨੇ ਮਨ ਮਾਰੇ ਹੁੰਦੇ।
ਕਹਿੰਦੇ ਹਨ ਕਿ ਜੇਕਰ ਵਿਅਕਤੀ ਨੂੰ ਆਪਣੇ ਜੀਵਨ ਦੀ ਅੰਤਿਮ ਤਰੀਕ ਪਤਾ ਹੋਵੇ, ਤਾਂ ਉਹ ਜ਼ਰੂਰ ਆਪਣੇ ਅਖੀਰਲੇ ਦਿਨਾਂ ਵਿੱਚ ਕੁੱਝ ਚੱਜ ਦੇ ਕੰਮ ਕਰਨੇ ਸ਼ੁਰੂ ਕਰ ਦਿਆ ਕਰੇ ਪਰ ਉਸ ਦਾ ਤਾਂ ਇਹ ਪੱਕਾ ਵਿਸ਼ਵਾਸ ਬਣ ਗਿਆ ਜਾਪਦਾ ਹੈ ਕਿ ਉਸ ਨੇ ਕਦੇ ਮਰਨਾ ਹੀ ਨਹੀਂ। ਜਦੋਂ ਕਦੇ ਉਹ ਅਸੀਂ ਕਿਸੇ ਸਾਕ-ਸਬੰਧੀ ਦੇ ਸਸਕਾਰ ਬਹਾਨੇ ਸ਼ਮਸ਼ਾਨ ਭੂਮੀ ਵਿੱਚ ਜਾਂਦੇ ਹਾਂ, ਤਾਂ ਕੁੱਝ ਮਿੰਟਾਂ ਲਈ ਮਰਨਾ ਜ਼ਰੂਰ ਚੇਤੇ ਆ ਜਾਂਦਾ ਹੈ ਪਰ ਜਲਦੀ ਹੀ ਫਿਰ ਅਸੀਂ ਸੰਸਾਰ ਦੀ ਚਕਾਚੌਂਧ ਵਿੱਚ ਗੁਆਚ ਜਾਂਦੇ ਹਾਂ:
ਨਹੀਂ ਭਰੋਸਾ ਇਸ ਜੀਵਨ ਦਾ,
ਕਦ ਮੁੱਕ ਜਾਣੀ ਜਿੰਦ ਨਿਮਾਣੀ।
‘ਰਾਜੇ’ ਕਹੀਏ ਜੋ ਸੱਚ ਕਹੀਏ,
ਪਾਵੋ ਨਾ ਪਾਣੀ ਵਿੱਚ ਮਧਾਣੀ।
ਅਸੀਂ ਸਾਰੇ ਆਪਣੇ ਆਲੇ-ਦੁਆਲੇ ਨੂੰ ਆਪਣੇ-ਆਪਣੇ ਢੰਗ-ਤਰੀਕੇ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਅਤੇ ਫਿਰ ਆਪਣੇ ਇਸ ਨਿਰਣੇ ਬਾਰੇ ਇੰਨੀ ਕੱਟੜਤਾ ਧਾਰਨ ਕਰ ਲੈਂਦੇ ਹਾਂ ਕਿ ਸਾਨੂੰ ਆਪਣੇ ਵਿਚਾਰਾਂ ਨਾਲ ਵਖਰੇਵਾਂ ਰੱਖਣ ਵਾਲਾ ਹਰ ਵਿਅਕਤੀ ਆਪਣਾ ਦੁਸ਼ਮਣ ਦਿਖਾਈ ਦਿੰਦਾ ਹੈ। ਜੇਕਰ ਅਸੀਂ ਮੰਨ ਲਈਏ ਕਿ ਹਰ ਵਿਅਕਤੀ ਦਾ ਆਪਣਾ-ਆਪਣਾ ਸੱਚ ਹੋ ਸਕਦਾ ਹੈ, ਤਾਂ ਕਿਸੇ ਨਾਲ ਕੋਈ ਵਿਰੋਧਤਾ ਹੀ ਰਹਿੰਦੀ। ਸਮਾਜ ਵਿੱਚ ਅਮਨ-ਅਮਾਨ ਦੀ ਸਥਾਪਤੀ ਲਈ ਅਜਿਹੀ ਉਦਾਰਤਾ ਬੇਹੱਦ ਜ਼ਰੂਰੀ ਹੈ:
ਦੁਸ਼ਮਣ ਵੀ ਮਿੱਤਰ ਬਣ ਜਾਵਣ,
ਐਸੇ ਮੋਹ ਦੇ ਨਗ਼ਮੇ ਗਾਈਏ।
ਅਮਨ-ਅਮਾਨ ਹਰ ਥਾਂ ਹੋਵੇ,
ਐਸੀ ਕੋਈ ਜੁਗਤ ਬਣਾਈਏ।
ਮਹੰਤ ਹਰਪਾਲ ਦਾਸ ਲਿਖਦੇ ਹਨ ਕਿ ਸਾਨੂੰ ਲੋਕਾਂ ਵਿੱਚ ਆਪਣਾ ਇਤਬਾਰ ਬਣਾਉਣਾ ਚਾਹੀਦਾ ਹੈ। ਸਾਡੇ ਕੋਲ ਜਿੰਨਾ ਮਰਜ਼ੀ ਪੈਸਾ ਹੋ ਜਾਵੇ, ਜਿੰਨਾ ਮਰਜ਼ੀ ਜਾਇਦਾਦ ਹੋ ਜਾਵੇ ਅਤੇ ਜਿੰਨੀ ਮਰਜ਼ ਸਾਨੂੰ ਸ਼ੋਹਰਤ ਮਿਲ ਜਾਵੇ ਪਰ ਜੇਕਰ ਸਾਡੇ ਕੋਈ ਵਿਸ਼ਵਾਸ ਕਰਨ ਲਈ ਤਿਆਰ ਨਹੀਂ, ਤਾਂ ਫਿਰ ਇਹ ਸਭ ਕੁੱਝ ਵਿਅਰਥ ਹੋ ਜਾਂਦਾ ਹੈ। ਅਜਿਹਾ ਹੋਣ ਲਈ ਸਾਡੀ ਕਹਿਣੀ ਅਤੇ ਕਰਨੀ ਵਿੱਚ ਸੁਮੇਲ ਹੋਣਾ ਲਾਜ਼ਮੀ ਹੈ। ਇਹ ਸੁਮੇਲਤਾ ਹੀ ਸਾਡੇ ਬੋਲਾਂ ਵਿੱਚ ਜਾਨ ਪਾਉਂਦੀ ਹੈ ਅਤੇ ਲੋਕ ਸਾਡੇ ਸ਼ਬਦਾਂ ਤੋਂ ਪ੍ਰਭਾਵਿਤ ਹੁੰਦੇ ਹਨ:
ਸਭ ਪਾਸੇ ਇਤਬਾਰ ਬਣਾਈਏ ਜੀਵਨ ਵਿੱਚ।
ਬੋਲਾਂ ਨੂੰ ਲਲਕਾਰ ਬਣਾਈਏ ਜੀਵਨ ਵਿੱਚ।
ਦੁਨੀਆ ਦਾ ਕੋਈ ਵੀ ਸੁੱਖ ਜਾਂ ਦੁੱਖ ਸਥਾਈ ਨਹੀਂ ਹੁੰਦਾ ਕਿਉਂਕਿ ਸੁੱਖ ਅਤੇ ਦੁੱਖ ਭੌਤਿਕ ਪਦਾਰਥਾਂ ਤੋਂ ਮਿਲਦੇ ਹਨ ਅਤੇ ਭੌਤਿਕ ਪਦਾਰਥ ਵਿਅਕਤੀ ਕੋਲ ਆਉਂਦੇ-ਜਾਂਦੇ ਰਹਿੰਦੇ ਹਨ। ਸੁੱਖ ਤੋਂ ਬਾਅਦ ਦੁੱਖ ਅਤੇ ਦੁੱਖ ਤੋਂ ਬਾਅਦ ਸੁੱਖ ਆਉਣਾ ਕੁਦਰਤੀ ਹੈ। ਹਰੇਕ ਸੁੱਖ ਅਤੇ ਦੁੱਖ ਦੀ ਸੀਮਾ ਹੈ ਪਰ ਆਨੰਦ ਦੀ ਕੋਈ ਸੀਮਾ ਨਹੀਂ ਹੁੰਦੀ ਕਿਉਂਕਿ ਆਨੰਦ ਉਧਾਰ ਨਹੀਂ ਹੁੰਦਾ, ਇਸੇ ਲਈ ਉਹ ਹਰ ਹਾਲਤ ਵਿੱਚ ਬਰਕਰਾਰ ਰਹਿੰਦਾ ਹੈ। ਮਹੰਤ ਜੀ ਇਸੇ ਵਿਸਮਾਦੀ ਅਵਸਥਾ ਨੂੰ ਲਫ਼ਜ਼ਾਂ ਦੀ ਲੋਅ ਕਹਿਕੇ ਵਡਿਆਉਂਦੇ ਹਨ:
ਇਹ ਗੱਲ ਜਾਣੇ ਦੁਨੀਆ ਸਾਰੀ,
ਲਫ਼ਜ਼ਾਂ ਦੀ ਲੋਅ ਬਹੁਤ ਪਿਆਰੀ।
ਉਸ ਰੂਹ ਨੂੰ ਵੀ ਜਗਮਗ ਕਰਦੀ,
ਜੋ ਵੀ ਹੁੰਦੀ ਦੁੱਖਾਂ ਮਾਰੀ।
ਫੁੱਲ ਕਦੇ ਵੀ ਕਿਸੇ ਵੀ ਹਾਲਤ ਵਿੱਚ ਉਦਾਸ ਨਹੀਂ ਹੁੰਦੇ। ਉਨ੍ਹਾਂ ਲਈ ਖ਼ੁਸ਼ੀਆਂ ਅਤੇ ਗ਼ਮੀਆਂ ਦੇ ਸਮਾਗਮ ਕੋਈ ਵਿਸ਼ੇਸ਼ ਅਰਥ ਨਹੀਂ ਰੱਖਦੇ ਕਿਉਂਕਿ ਉਹ ਆਪਣੇ ਲਈ ਨਹੀਂ ਖਿੜਦੇ ਬਲਕਿ ਉਨ੍ਹਾਂ ਨੇ ਤਾਂ ਦੂਜਿਆਂ ਦੇ ਜੀਵਨ ਵਿੱਚ ਖ਼ੁਸ਼ਬੋਆਂ ਭਰਨੀਆਂ ਹੁੰਦੀਆਂ ਹਨ। ਫੁੱਲਾਂ ਦਾ ਕੋਈ ਧਰਮ ਨਹੀਂ ਹੁੰਦਾ, ਫੁੱਲਾਂ ਦੀ ਕੋਈ ਜਾਤ ਨਹੀਂ ਹੁੰਦੀ, ਇਸੇ ਲਈ ਕੋਈ ਵੀ ਪ੍ਰਸਥਿਤੀ ਉਨ੍ਹਾਂ ਦੇ ਖਿੜਨ ਵਿੱਚ ਕੋਈ ਰੁਕਾਵਟ ਨਹੀਂ ਬਣਦੀ। ਇਹ ਵੀ ਸਾਨੂੰ ਫੁੱਲ ਹੀ ਦੱਸਦੇ ਹਨ ਕਿ ਆਪਣੇ ਵਿਰੋਧੀਆਂ ਨਾਲ ਕਿਵੇਂ ਨਿਭਾਈ ਜਾ ਸਕਦੀ ਹੈ:
ਮਹਿਕਣ ਵਾਲੀ ਜਾਚ ਸਿਖਾਵਣ,
ਸਦਕੇ ਜਾਈਏ ਫੁੱਲਾਂ ਤੋਂ।
ਦੁੱਖਾਂ-ਸੁੱਖਾਂ ਵਿੱਚ ਕੰਮ ਆਵਣ,
ਸਦਕੇ ਜਾਈਏ ਫੁੱਲਾਂ ਤੋਂ।
ਮਹੰਤ ਹਰਪਾਲ ਦਾਸ ਇਸ ਮਨੋਵਿਗਿਆਨਕ ਵਰਤਾਰੇ ਤੋਂ ਵੀ ਭਲੀ-ਭਾਂਤ ਜਾਣੂ ਹਨ ਕਿ ਜਿਸ ਵਿੱਚ ਦੁੱਖ ਸਹਿਣ ਕਰਨ ਦੀ ਸਮਰੱਥਾ ਨਹੀਂ ਹੁੰਦੀ, ਉਹ ਕਦੇ ਸੁੱਖ ਦਾ ਸੁਆਦ ਵੀ ਨਹੀਂ ਮਾਣ ਸਕਦਾ। ਇਸ ਸੱਚਾਈ ਤੋਂ ਮੂੰਹ ਮੋੜਨ ਵਾਲਾ ਵਿਅਕਤੀ ਕਦੇ ਵੀ ਜੀਵਨ ਵਿੱਚ ਪ੍ਰਗਤੀ ਨਹੀਂ ਕਰ ਸਕਦਾ। ਕੜਕਦੀ ਧੁੱਪ ਵਿੱਚ ਪਾਣੀ-ਪਾਣੀ ਹੋਣ ਤੋਂ ਬਾਅਦ ਹੀ ਪਿੱਪਲ ਦੀ ਠੰਢੀ-ਮਿੱਠੀ ਛਾਂ ਸੁੱਖਦਾਈ ਲੱਗਦੀ ਹੈ। ਬਿਨਾਂ ਮਿਹਨਤ ਤੋਂ ਖੜ੍ਹੇ ਕੀਤੇ ਸੁਪਨਿਆਂ ਦੇ ਮਹਿਲ ਬਹੁਤਾ ਚਿਰ ਨਹੀਂ ਟਿਕਿਆ ਕਰਦੇ:
ਸੁੱਖ ਵੀ ਉਸ ਨੂੰ ਹੈ ਮਿਲਣਾ,
ਸਿੱਖ ਗਿਆ ਜੋ ਦੁੱਖ ਸਹਿਣੇ।
ਝੂਠ ਫ਼ਰੇਬ ਦੇ ਮਹਿਲ ਅਡੰਬਰ,
‘ਰਾਜੇ’ ਇੱਕ ਦਿਨ ਜੱਗ ਤੋਂ ਢਹਿਣੇ।
ਗੁਰੂ ਨਾਨਕ ਸਾਹਿਬ ਨੇ ਸਪੱਸ਼ਟ ਕਿਹਾ ਹੈ ਕਿ ਜਿਹੜਾ ਵਿਅਕਤੀ ਮਿਹਨਤ-ਮੁਸ਼ੱਕਤ ਕਰਦਾ ਹੈ ਅਤੇ ਫਿਰ ਆਪਣੀ ਦਸਾਂ ਨਹੁੰਆਂ ਦੀ ਹੱਕ ਦੀ ਕਮਾਈ ਵਿੱਚੋਂ ਲੋੜਵੰਦਾਂ ਲਈ ਵੀ ਕੁੱਝ ਨਾ ਕੁੱਝ ਕੱਢਦਾ ਹੈ, ਜੀਵਨ ਦਾ ਅਸਲੀ ਰਾਹ ਉਸੇ ਨੇ ਹੀ ਪਛਾਣਿਆ ਹੈ। ਉਨ੍ਹਾਂ ਨੇ ਸਮੁੱਚੀ ਮਨੁੱਖਤਾ ਨੂੰ ਦੋ ਹਿੱਸਿਆਂ ਵਿੱਚ ਵੰਡਿਆ। ਇੱਕ ਹਿੱਸੇ ਨੂੰ ਲਾਲੋ ਕੇ ਕਿਹਾ ਜਾਂਜਦਾ ਹੈ ਅਤੇ ਦੂਜੇ ਹਿੱਸੇ ਨੂੰ ਭਾਗੋ ਕੇ। ਭਾਈ ਲਾਲੋ ਦੇ ਘਰੇ ਰੁੱਖੀ-ਮਿੱਸੀ ਖਾ ਕੇ ਉਨ੍ਹਾਂ ਨੇ ਆਪਣੇ ਪ੍ਰਵਚਨ ਨੂੰ ਅਮਲੀ ਰੂਪ ਵਿੱਚ ਲਾਗੂ ਵੀ ਕਰ ਕੇ ਦਿਖਾਇਆ:
ਹੱਥੀਂ ਮਿਹਨਤ ਕਰਨੇ ਵਾਲੇ,
ਰੱਬ ਦੀ ਰਜ਼ਾ ’ਚ ਰਹਿੰਦੇ ਨੇ।
ਵਿਹਲੜ ਲੋਕਾਂ ਨੂੰ ਤੱਕ ਤੱਕ ਕੇ,
ਕਿਰਤ ਨਾ ਛੱਡ ਕੇ ਬਹਿੰਦੇ ਨੇ।
ਹੱਸਦੀਆਂ ਧੀਆਂ ਨੂੰ ਪੱਕੀਆਂ ਨੀਹਾਂ ਨਾਲ ਜੋੜ ਕੇ ਮਹੰਤ ਹਰਪਾਲ ਦਾਸ ਨੇ ਬੜੇ ਹੀ ਸਰਲ ਅਤੇ ਸਾਧਾਰਨ ਸ਼ਬਦਾਂ ਵਿੱਚ ਬੜੀ ਗੰਭੀਰ ਗੱਲ ਕੀਤੀ ਹੈ। ਅਸੀਂ ਸੱਚਮੁੱਚ ਹੀ ਆਪਣੀਆਂ ਬੱਚੀਆਂ ਨੂੰ ਪੱਕੀਆਂ ਨੀਹਾਂ ਵਰਗੀਆਂ ਨਹੀਂ ਬਣਾਉਂਦੇ ਬਲਕਿ ਹਰ ਪੱਖੋਂ ਹੀ ਉਨ੍ਹਾਂ ਨੂੰ ਕੱਚੀਆਂ-ਪਿੱਲੀਆਂ ਹੋਣ ਦਾ ਅਹਿਸਾਸ ਕਰਵਾਉਂਦੇ ਰਹਿੰਦੇ ਹਾਂ। ਸਾਡੇ ਪੁੱਤਰਾਂ ਅਤੇ ਧੀਆਂ ਨੂੰ ਪਾਲਣ-ਪੋਸ਼ ਦਾ ਮਾਮਲੇ ਵਿੱਚ ਜ਼ਮੀਨ-ਆਸਮਾਨ ਦਾ ਅੰਤਰ ਦਿਖਾਈ ਦਿੰਦਾ ਹੈ। ਪੁੱਤਰਾਂ ਵਾਂਗ ਧੀਆਂ ਨੂੰ ਵੀ ਮਜ਼ਬੂਤ ਅਤੇ ਸ਼ਕਤੀਸ਼ਾਲੀ ਬਣਾਉਣ ਦੀ ਲੋੜ ਹੈ:
ਪੱਕੀਆਂ ਨੀਹਾਂ, ਹੱਸਦੀਆਂ ਧੀਆਂ,
ਘਰ ਦਾ ਅਧਾਰ ਹੁੰਦੀਆਂ ਨੇ।
ਰੌਣਕ ਹੁੰਦੀਆਂ ਘਰਾਂ ਦੀ,
ਘਰ ਦਾ ਸ਼ਿੰਗਾਰ ਹੁੰਦੀਆਂ ਨੇ।
ਮਹੰਤ ਜੀ ਇਸ ਗੱਲੋਂ ਵੀ ਬੜੇ ਫ਼ਿਕਰਮੰਦ ਹਨ ਕਿ ਅਜੋਕੀ ਬਹੁਤੀ ਗੀਤਕਾਰੀ ਮੁੰਡੇ-ਕੁੜੀਆਂ ਦੇ ਜਿਸਮਾਨੀ ਅੰਗਾਂ ਦਾ ਗੁਣਗਾਨ ਬਣ ਕੇ ਰਹਿ ਗਈ ਹੈ, ਜਿਨ੍ਹਾਂ ਵਿੱਚ ਮਹਿੰਗੇ-ਮਹਿੰਗੇ ਪਹਿਰਾਵਿਆਂ, ਕੋਠੀਆਂ ਅਤੇ ਕਾਰਾਂ ਦੇ ਨਾਲ-ਨਾਲ ਹਿੰਸਾ ਅਤੇ ਹਥਿਆਰਾਂ ਦਾ ਵੀ ਖ਼ੂਬ ਪ੍ਰਦਰਸ਼ਨ ਕੀਤਾ ਗਿਆ ਹੁੰਦਾ ਹੈ। ਨੰਦ ਲਾਲ ਨੂਰਪੁਰੀ ਅਤੇ ਸੰਤ ਰਾਮ ਉਦਾਸੀ ਵਰਗੇ ਗੀਤ ਤਾਂ ਜਿਵੇਂ ਬੀਤੇ ਸਮੇਂ ਦੀ ਗੱਲ ਬਣ ਕੇ ਰਹਿ ਗਏ ਹਨ। ਸਮਕਾਲੀ ਲੇਖਕਾਂ ਅਤੇ ਗਾਇਕਾਂ ਨੂੰ ਉਹ ਬੜੇ ਸਖ਼ਤ ਸ਼ਬਦਾਂ ਵਿੱਚ ਤਾੜਨਾ ਕਰਦੇ ਹਨ:
ਮਾੜਾ ਲਿਖੋ ਤੇ ਨਾ ਗਾਵੋ,
ਤਰਲਾ ਹੈ ਫ਼ਨਕਾਰਾਂ ਅੱਗੇ।
ਸਿਰਧੜ ਦੀ ਬਾਜ਼ੀ ਲਾਈਏ,
ਆਓ ਰਲ਼ ਸਰਕਾਰਾਂ ਅੱਗੇ।
ਪਦਾਰਥਵਾਦ ਦੇ ਅਜੋਕੇ ਭਿਅੰਕਰ ਰੂਪ ਨੇ ਮਨੁੱਖ ਨੂੰ ਇੰਨਾ ਪਾਗਲ ਕਰ ਦਿੱਤਾ ਹੈ ਕਿ ਉਹ ਆਪਣੇ ਸੁੱਖ-ਆਰਾਮ ਲਈ ਜ਼ਰੂਰੀ ਮੰਨੀਆਂ ਜਾਂਦੀਆਂ ਵਸਤੂਆਂ ਇਕੱਤਰ ਕਰਦਾ-ਕਰਦਾ ਖ਼ੁਦ ਵਸਤੂ ਬਣ ਕੇ ਰਹਿ ਗਿਆ ਹੈ, ਜਿਸ ਨੇ ਦੁਨੀਆ ਨੂੰ ਸਬਜ਼ੀਮੰਡੀ ਬਣਾ ਕੇ ਰੱਖ ਦਿੱਤਾ ਹੈ। ਇਸ ਅੰਨ੍ਹੀ ਦੌੜ ਵਿੱਚ ਮਨੁੱਖ ਨੇ ਆਪਣੀ ਆਣ-ਇੱਜ਼ਤ ਅਤੇ ਧਰਮ-ਈਮਾਨ ਆਦਿ ਸਭ ਕੁੱਝ ਵਿਕਾਊ ਕਰ ਦਿੱਤਾ ਹੈ। ਜੇਕਰ ਮਨੁੱਖ ਆਪਣੇ ਸਵਾਰਥਾਂ ਨੂੰ ਇੱਕ ਪਾਸੇ ਰੱਖ ਕੇ ਕੋਸ਼ਿਸ਼ ਕਰੇ, ਤਾਂ ਇਹ ਸੱਚਮੁੱਚ ਖ਼ੂਬਸੂਰਤ ਬਣ ਸਕਦੀ ਹੈ:
ਗਰਜ਼ਾਂ ਦੇ ਵਿੱਚ ਰੰਗੀ ਦੁਨੀਆ,
ਕੀਕਣ ਆਖਾਂ ਚੰਗੀ ਦੁਨੀਆ।
ਜੋ ਦਿਲ ਕਰਦੈ ਮੁੱਲ ਖਰੀਦੋ,
ਜਾਪੇ ਸਬਜ਼ੀਮੰਡੀ ਦੁਨੀਆ।
ਮਹੰਤ ਹਰਪਾਲ ਦਾਸ ਦੀ ਸਮੁੱਚੀ ਕਵਿਤਾ ਕਿਸੇ ਸਾਧਾਰਨ ਕਵੀ ਵੱਲੋਂ ਕੀਤੀ ਗਈ ਤੁਕਬੰਦੀ ਨਹੀਂ ਬਲਕਿ ਸਿਮਰਨ-ਸਾਧਨਾ ਵਿੱਚ ਲੀਨ ਇੱਕ ਕਰਤਾਰੀ ਰੂਹ ਵੱਲੋਂ ਭੁੱਲੀ-ਭਟਕੀ ਲੋਕਾਈ ਦੇ ਮਾਰਗ-ਦਰਸ਼ਨ ਲਈ ਕੀਤਾ ਗਿਆ ਬ੍ਰਹਿਮੰਡੀ ਉਪਦੇਸ਼ ਹੈ। ਬੇਸ਼ੱਕ ਲੰਬੇ ਸਮੇਂ ਤੋਂ ਫੇਸਬੁੱਕ ਰਾਹੀਂ ਵੀ ਉਨ੍ਹਾਂ ਦੀ ਕਲਿਆਣਕਾਰੀ ਕਵਿਤਾ ਦਾ ਆਨੰਦ ਮਾਣਿਆ ਜਾ ਰਿਹਾ ਸੀ ਪਰ ਇਸ ਨੂੰ ਪੁਸਤਕ ਰੂਪ ਵਿੱਚ ਪ੍ਰਕਾਸ਼ਿਤ ਕਰਵਾ ਕੇ ਬਹੁਤ ਹੀ ਸ਼ਲਾਘਾਯੋਗ ਅਤੇ ਮਹੱਤਵਪੂਰਨ ਕਾਰਜ ਕੀਤਾ ਗਿਆ ਹੈ। ਸਾਹਿਤਕ ਖੇਤਰ ਵਿੱਚ ਅਜਿਹੀਆਂ ਪਵਿੱਤਰ ਰੂਹਾਂ ਦਾ ਹੋਣਾ ਘੁੱਪ-ਹਨੇਰੇ ਵਿੱਚ ਆਸ਼ਾ ਦੀ ਕਿਰਨ ਵਰਗਾ ਹੈ। ਮੈਨੂੰ ਪੂਰੀ ਉਮੀਦ ਹੈ ਕਿ ਪੰਜਾਬੀ ਦੇ ਸੁਹਿਰਦ ਪਾਠਕ ਉਨ੍ਹਾਂ ਦੇ ਇਸ ਖ਼ੂਬਸੂਰਤ ਯਤਨ ਦਾ ਜ਼ਰੂਰ ਸਮਰਥਨ ਕਰਨਗੇ।
ਵਲੋਂ -ਕਰਮ ਸਿੰਘ ਜਖਮੀਂ ਸੰਪਰਕ: 98146-28027