ਬਠਿੰਡਾ (ਰਾਜੇਸ ਜੈਨ) ਮੰਗਲਵਾਰ ਨੂੰ ਡੀਸੀ ਕਮ ਨਿਗਮ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਦੇ ਨਿਰਦੇਸ਼ਾਂ ‘ਤੇ ਨਿਗਮ ਦੀ ਬਿਲਡਿੰਗ ਬ੍ਾਂਚ ਨੇ ਮੁਲਤਾਨੀਆ ਰੋਡ ‘ਤੇ ਸਥਿਤ ਗੁਰੂ ਨਾਨਕ ਨਗਰ ਗਲੀ ਨੰਬਰ 2 ‘ਚ ਗੈਰ-ਕਾਨੂੰਨੀ ਢੰਗ ਨਾਲ ਬਣੀਆਂ ਦੋ ਕਾਲੋਨੀਆਂ ਖਿਲਾਫ ਕਾਰਵਾਈ ਕੀਤੀ। ਐੱਮਟੀਪੀ ਰਜਿੰਦਰ ਕੁਮਾਰ ਦੀ ਅਗਵਾਈ ਹੇਠ ਬਿਲਡਿੰਗ ਇੰਸਪੈਕਟਰ ਅਕਸ਼ੈ ਜਿੰਦਲ ਅਤੇ ਸੋਹਣ ਲਾਲ ਨੇ ਪੁਲਿਸ ਟੀਮ ਸਮੇਤ ਦੋਵੇਂ ਕਾਲੋਨੀਆਂ ਵਿਚ ਵਿਛੇ ਸੀਵਰੇਜ ਸਿਸਟਮ ਅਤੇ ਸੜਕਾਂ ਨੂੰ ਜੇਸੀਬੀ ਮਸ਼ੀਨ ਦੀ ਮਦਦ ਨਾਲ ਢਾਹ ਦਿੱਤਾ। ਬਿਲਡਿੰਗ ਇੰਸਪੈਕਟਰ ਅਕਸ਼ੈ ਜਿੰਦਲ ਨੇ ਦੱਸਿਆ ਕਿ ਦੋਵੇਂ ਕਲੋਨੀਆਂ ਨੂੰ ਨਿਗਮ ਵੱਲੋਂ ਮਨਜ਼ੂਰੀ ਨਹੀਂ ਦਿੱਤੀ ਗਈ ਸੀ ਅਤੇ ਨਾ ਹੀ ਇਨਾਂ੍ਹ ਦਾ ਕੋਈ ਨਕਸ਼ਾ ਅਤੇ ਸੀਐਲਯੂ ਪਾਸ ਕੀਤਾ ਗਿਆ ਸੀ। ਉਨਾਂ੍ਹ ਦੱਸਿਆ ਕਿ ਇਕ ਕਲੋਨੀ 4 ਤੋਂ 5 ਏਕੜ ਵਿਚ ਵਿਕਸਤ ਕੀਤੀ ਜਾ ਰਹੀ ਹੈ ਜਦਕਿ ਦੂਜੀ ਕਲੋਨੀ ਕਰੀਬ 1.50 ਏਕੜ ਵਿਚ ਬਣ ਰਹੀ ਹੈ। ਨਿਗਮ ਵੱਲੋਂ ਪਿਛਲੇ ਕੁਝ ਸਮੇਂ ਤੋਂ ਸ਼ਹਿਰ ‘ਚ ਨਾਜਾਇਜ਼ ਕਾਲੋਨੀਆਂ ਅਤੇ ਬਿਲਡਿੰਗਾਂ ਖਿਲਾਫ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ।