ਜਗਰਾਓਂ, 25 ਨਵੰਬਰ ( ਭਗਵਾਨ ਭੰਗੂ, ਅਸ਼ਵਨੀ)-ਰਾਏਕੋਟ ਰੋਡ ਤੇ ਸਥਿਤ ਮੁਹੱਲਾ ਟਾਹਲੀ ਵਾਲੀ ਗਲੀ ਵਿੱਚ ਇੱਕ ਸਾਬਕਾ ਫੌਜੀ ਨੇ ਆਪਣੀ ਲਾਇਸੇਂਸਾਂ ਰਾਇਫ਼ਲ ਨਾਲ ਖੁਦ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਸੂਚਨਾ ਮਿਲਣ ‘ਤੇ ਸਬ ਇੰਸਪੈਕਟਰ ਰਾਜਧੀਮ ਸਿੰਘ, ਏ.ਐਸ.ਆਈ ਤਰਸੇਮ ਸਿੰਘ ਪੁਲਿਸ ਪਾਰਟੀ ਨਾਲ ਮੌਕੇ ‘ਤੇ ਪਹੁੰਚੇ ਅਤੇ ਘਟਨਾ ਸਬੰਧੀ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕੀਤੀ | ਮੌਕੇ ‘ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸਾਬਕਾ ਫ਼ੌਜੀ ਪੂਰਨ ਸਿੰਘ ਪੁੱਤਰ ਹਰਚੰਦ ਸਿੰਘ ਪਿਛਲੇ ਕਾਫ਼ੀ ਸਮੇਂ ਤੋਂ ਬਿਮਾਰ ਸੀ | ਗੁਰਦੇ ਦੀ ਬਿਮਾਰੀ ਕਾਰਨ ਉਸ ਦਾ ਡਾਇਲਸਿਸ ਕਰਵਾਇਆ ਜਾ ਰਿਹਾ ਸੀ।ਅੱਜ ਵੀ ਉਸ ਨੇ ਆਪਣਾ ਡਾਇਲਸਿਸ ਕਰਵਾਉਣ ਲਈ ਫੋਰਟਿਸ ਹਸਪਤਾਲ ਜਾਣਾ ਸੀ। ਪਰ ਇਸ ਤੋਂ ਪਹਿਲਾਂ ਉਸ ਨੇ ਆਪਣੇ ਘਰ ਦੇ ਕਮਰੇ ਵਿੱਚ ਆਪਣੀ ਲਾਇਸੈਂਸੀ ਰਾਈਫਲ ਨਾਲ ਗਰਦਨ ਵਿੱਚ ਗੋਲੀ ਮਾਰ ਲਈ ਅਤੇ ਮੌਕੇ ‘ਤੇ ਹੀ ਉਸ ਦੀ ਮੌਤ ਹੋ ਗਈ। ਉਸ ਸਮੇਂ ਘਰ ਵਿੱਚ ਉਸ ਦੀ ਪਤਨੀ ਬੰਤ ਕੌਰ ਅਤੇ ਇੱਕ ਲੜਕੀ ਲਾਲੀ ਜੋ ਕਿ ਕੁਝ ਸਮੇਂ ਤੋਂ ਬੱਚਾ ਹੋਣ ਕਾਰਨ ਇਥੇ ਰਹਿ ਰਹੀ ਸੀ, ਘਰ ਵਿੱਚ ਮੌਜੂਦ ਸਨ। ਪੂਰਨ ਸਿੰਘ ਦੇ ਚਾਰ ਬੱਚੇ ਹਨ, ਦੋ ਲੜਕੇ ਅਤੇ ਦੋ ਲੜਕੀਆਂ। ਦੋਵੇਂ ਲੜਕੀਆਂ ਵਿਆਹੀਆਂ ਹੋਈਆਂ ਹਨ। ਉਸ ਦੇ ਵੱਡੇ ਪੁੱਤਰ ਬਬਲੂ ਦੀ ਦੋ ਸਾਲ ਪਹਿਲਾਂ ਮੌਤ ਹੋ ਗਈ ਸੀ ਅਤੇ ਛੋਟਾ ਪੁੱਤਰ ਗੁਰਕੀਰਤ ਸਿੰਘ ਆਪਣੀ ਪਤਨੀ ਨਾਲ ਕੈਨੇਡਾ ਰਹਿ ਰਿਹਾ ਹੈ।