ਚਰਚਿਤ ਅਰਜੀ ਨਵੀਸ ਤੇ ਲੱਗ ਰਹੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਗੰਭੀਰਤਾ ਨਾਲ ਹੋਵੇ ਜਾਂਚ
ਕਿਸੇ ਵੀ ਤਰ੍ਹਾਂ ਦੇ ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਨਹੀਂ, ਐਸਡੀਐਮ ਨੂੰ ਸੌਂਪੀ ਜਾਂਚ-ਵਿਧਾਇਕ ਮਾਣੂਕੇ
ਜਗਰਾਓਂ, 26 ਨਵੰਬਰ ( ਭਗਵਾਨ ਭੰਗੂ, ਜਗਰੂਪ ਸੋਹੀ )-ਬਦਲਾਅ ਦੇ ਨਾਂ ’ਤੇ ਸੱਤਾ ’ਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਮਾਮਲੇ ਵਿਚ ਜੀਰੋ ਟਾਲਰੈਂਸ ਦੇ ਦਾਅਵੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਲਗਾਤਾਰ ਕੀਤੇ ਜਾ ਰਹੀ ਹਨ। ਪਰ ਅਸਲੀਅਤ ਵਿਚ ਪਿਛਲੀਆਂ ਸਰਕਾਰਾਂ ਦੇ ਸਮੇਂ ਤੋਂ ਵੀ ਇਸ ਸਮੇਂ ਭ੍ਰਿਸ਼ਟਾਚਾਰ ਚਰਮ ਸੀਮਾ ’ਤੇ ਪਹੁੰਚ ਚੁੱਕਾ ਹੈ। ਜਿਸ ਦੀ ਮਿਸਾਲ ਪਿਛਲੇ ਕੁਝ ਦਿਨਾਂ ਤੋਂ ਜਗਰਾਉਂ ਕਚਹਿਰੀ ’ਚ ਚੱਲ ਰਹੇ ਭ੍ਰਿਸ਼ਟਾਤਾਰ ਨੂੰ ਨੰਗਾ ਕਰਨ ਵਾਲੀ ਇਕ ਵੀਡੀਓ ਸੋਸਲ ਮੀਡੀਆ ਤੇ ਖੂਬ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਉਸਦੇ ਬਾਵਜੂਦ ਵੀ ਕਿਸੇ ਵੀ ਤਰ੍ਹਾਂ ਦੀ ਹਲਚਲ ਸਰਕਾਰੀ ਤੌਰ ਤੇ ਜਾਂ ਰਾਜਨੀਤਿਕ ਤੌਰ ਤੇ ਨਾ ਹੋਣਾ ਹੈਰਾਨਕੁੰਨ ਹੈ। ਪ੍ਰਾਪਰਟੀ ਦੀ ਰਜਿਸਟਰੀ ਕਰਵਾਉਣ ਸਮੇਂ ਐਨਓਸੀ ਦੇ ਨਾਂ ਹੇਠ ਹੋ ਰਹੇ ਵੱਡੇ ਭ੍ਰਿਸ਼ਟਾਚਾਰ ਦਾ ਪਰਦਾਫਾਸ਼ ਇਕ ਪੀੜਿਤ ਵਿਅਕਤੀ ਵਲੋਂ ਕੈਮਰੇ ਦੇ ਸਾਮਮਣੇ ਆ ਕੇ ਕੀਤਾ ਗਿਆ। ਜਿਸਦੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ। ਪੀੜਤ ਵਿਅਕਤੀ ਨੇ ਕੈਮਰੇ ਦੇ ਸਾਹਮਣੇ ਆ ਕੇ ਭ੍ਰਿਸ਼ਟਾਚਾਰ ’ਚ ਸ਼ਾਮਲ ਲੋਕਾਂ ਦੇ ਨਾਵਾਂ ਦਾ ਖੁਲਾਸਾ ਕੀਤਾ ਹੈ। ਇਹ ਵੱਡੇ ਭ੍ਰਿਸ਼ਟਾਚਾਰ ਦਾ ਮਾਮਲਾ ਲੋਕਾਂ ’ਚ ਚਰਚਾ ਦਾ ਵਿਸ਼ਾ ਬਣ ਗਿਆ। ਪੀੜਤ ਵਿਅਕਤੀ ਨੇ ਫਿਰ ਕੈਮਰੇ ਸਾਹਮਣੇ ਆਉਂਦਿਆਂ ਦੋਸ਼ ਲਾਇਆ ਕਿ ਰਜਿਸਟਰੀ ਕਰਵਾਉਣ ਬਦਲੇ ਐਨਓਸੀ ਦੇ ਨਾਂ ’ਤੇ 30 ਤੋਂ 40 ਹਜ਼ਾਰ ਰੁਪਏ ਦੀ ਰਿਸ਼ਵਤ ਵਸੂਲੀ ਜਾਂਦੀ ਹੈ। ਕਿਹਾ ਾਜੰਦਾ ਹੈ ਕਿ ਜਾਂ ਐਨਓਸੀ ਲੈ ਕੇ ਆਓ ਜਾਂ ਪੈਸੇ ਦਾ ਭੁਗਤਾਨ ਕਰੋ। ਪੁਰਾਣੀਆਂ ਪ੍ਰਾਪਰਟੀਆਂ ਵਿਚ ਵਧੇਰੇਤਰ ਲੋਕਾਂ ਪਾਸ ਐਨਓਸੀ ਨਹੀਂ ਹੁੰਦੀ ਕਿਉਂਕਿ ਵਧੇਰੇਤਰ ਪ੍ਰਾਪਰਟੀਆਂ ਦੇ ਨਕਸ਼ੇ ਪਾਸ ਨਹੀਂ ਹੁੰਦੇ ਅਤੇ ਨਕਸ਼ਾ ਪਾਸ ਕਰਵਾਉਣ ਬਗੈਰ ਐਨਓਸੀ ਜਾਰੀ ਨਹੀਂ ਕੀਤੀ ਜਾਂਦੀ। ਜੇਕਰ ਤੁਸੀਂ ਰਿਸ਼ਵਤ ਨਹੀਂ ਦਿੰਦੇ ਤਾਂ ਬਿਨਾਂ ਐਨ.ਓ.ਸੀ ਦੇ ਰਜਿਸਟਰੀ ਕਰਵਾਉਣ ਦਾ ਸਿੱਧਾ ਜਵਾਬ ਦਿੱਤਾ ਜਾਂਦਾ ਹੈ, ਦੂਜੇ ਪਾਸੇ ਵਿਚੋਲਿਆਂ ਰਾਹੀਂ 30 ਤੋਂ 40 ਹਜਾਰ ਰੁਪਏ ਦੀ ਰਿਸ਼ਵਤ ਲੈ ਕੇ ਬਿਨਾਂ ਐਨ.ਓ.ਸੀ ਲਏ ( ਦਸਤਾਵੇਜ਼ ਆਪਣੇ-ਆਪ ਤਿਆਰ ਹੋ ਜਾਂਦੇ ਹਨ ) ਰਜਿਸਟਰੀ ਹੋ ਜਾਂਦੀ ਹੈ। ਕੈਮਰੇ ਸਾਹਮਣੇ ਆ ਕੇ ਦੋਸ਼ ਲਗਾਉਣ ਵਾਲੇ ਵਿਅਕਤੀ ਵਲੋਂ ਜਗਰਾਓਂ ਕਚਹਿਰੀ ਦੇ ਇੱਕ ਅਰਜੀ ਨਵੀਸ ਦਾ ਨਾਮ ਵੀ ਖੁੱਲ੍ਹੇਆਮ ਲਿਆ ਜਾ ਰਿਹਾ ਹੈ। ਇਸ ਵਿੱਚ ਉਹ ਦੱਸ ਰਿਹਾ ਹੈ ਕਿ ਇਹ ਰਿਸ਼ਵਤ ਦੇ ਪੈਸੇ ਉਕਤ ਅਰਜੀ ਨਵੀਸ ਰਾਹੀਂ ਲਈ ਗਈ ਸੀ। ਜਗਰਾਓਂ ਨੇੜਲੇ ਪਿੰਡ ਦੇ ਉਕਤ ਵਿਅਕਤੀ ਨੇ ਦੱਸਿਆ ਕਿ ਪਿਛਲੇ ਡੇਢ ਸਾਲ ਤੋਂ ਉਨ੍ਹਾਂ ਦੇ ਪਿੰਡ ਵਿੱਚ ਵੀ ਅਜਿਹੀਆਂ ਕਈ ਰਜਿਸਟਰੀਆਂ ਕਰਵਾਈਆਂ ਗਈਆਂ ਸਨ, ਜਿਨ੍ਹਾਂ ਵਿੱਚ ਐਨ.ਓ.ਸੀ ਦੇ ਨਾਂ ’ਤੇ ਲੱਖਾਂ ਰੁਪਏ ਰਿਸ਼ਵਤ ਵਜੋਂ ਵਸੂਲੇ ਗਏ ਸਨ। ਇਥੇ ਇਹ ਵੀ ਖੂਬ ਚਰਚਾ ਹੋ ਰਹੀ ਹੈ ਕਿ ਜਿਸ ਵਿੱਚ ਅਰਜੀ ਨਵੀਸ ਦਾ ਨਾਂ ਆ ਰਿਹਾ ਹੈ ਉਹ ਕੁਝ ਸਾਲ ਪਹਿਲਾਂ ਉਹ ਇਕ ਆਮ ਟਾਈਪਿਸਟ ਸੀ, ਹੁਣ ਉਹ ਕਰੋੜਾਂ ਰੁਪਏ ਦਾ ਮਾਲਕ ਹੈ। ਉਸ ਦੀ ਜਾਇਦਾਦ ਦੀ ਵੀ ਵਿਜੀਲੈਂਸ ਤੋਂ ਜਾਂਚ ਹੋਣੀ ਚਾਹੀਦੀ ਹੈ।
ਕੀ ਕਹਿਣਾ ਹੈ ਵਿਧਾਇਕ ਸਰਵਜੀਤ ਕੌਰ ਮਾਣੂਕੇ ਦਾ-ਇਸ ਸੰਬਧੀ ਵਿਧਾਇਕ ਸਰਵਜੀਤ ਕੌਰ ਮਾਣੂਕੇ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਸਪੱਸ਼ਟ ਕਿਹਾ ਕਿ ਭ੍ਰਿਸ਼ਟਾਚਾਰ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਵੀ ਵਾਇਰਲ ਹੋ ਰਹੀ ਵੀਡੀਓ ਦਾ ਨੋਟਿਸ ਲੈਂਦਿਆਂ ਐਸ.ਡੀ.ਐਮ ਨੂੰ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨ ਲਈ ਕਿਹਾ ਹੈ। ਜੋ ਵਿਅਕਤੀ ਕੈਮਰੇ ਦੇ ਸਾਹਮਣੇ ਇਲਜ਼ਾਮ ਲਗਾ ਰਿਹਾ ਹੈ ਉਹ ਅਤੇ ਜੋ ਅਰਜੀ ਨਵੀਸ ਹੈ ਉੁਹ, ਦੋਵਾਂ ਨੂੰ ਬੁਲਾ ਕੇ ਇਸਦੀ ਗੰਭੀਰਤਾ ਨਾਲ ਜਾਂਚ ਕਰਕੇ ਅਸਲੀਅਤ ਸਾਹਮਣੇ ਲਿਆਂਦੀ ਜਾਵੇ। ਜਾਂਚ ਵਿਚ ਕੋਈ ਵੀ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।