(ਬਿਊਰੋ)ਆਮ ਆਦਮੀ ਪਾਰਟੀ ਪੰਜਾਬ ਨੇ ਕਾਂਗਰਸੀ ਆਗੂ ਅਤੇ ਗਾਇਕ ਸਿੱਧੂ ਮੂਸੇਵਾਲਾ ’ਤੇ ਉਸ ਦੇ ਗੀਤ ‘ਸਕੇਪ ਗੌਟ’ ਰਾਹੀਂ ਪੰਜਾਬੀਆਂ ਨੂੰ ਗੱਦਾਰ ਸ਼ਬਦ ਨਾਲ ਸੰਬੋਧਨ ਕਰਨ ਦਾ ਦੋਸ਼ ਲਾਇਆ ਹੈ।‘ਆਪ’ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਸਿੱਧੂ ਮੂਸੇਵਾਲਾ ’ਤੇ ਪੰਜਾਬੀਆਂ ਦੀ ਬੇਇੱਜ਼ਤੀ ਕਰਨ ਦਾ ਦੋਸ਼ ਲਾਉਂਦਿਆਂ ਕਾਂਗਰਸ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਅਤੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਜਵਾਬ ਮੰਗਿਆ ਹੈ।ਇਸ ਦੌਰਾਨ ਆਮ ਆਦਮੀ ਪਾਰਟੀ ਦੇ ਪਟਿਆਲਾ ਤੋਂ ਸੰਸਦ ਮੈਂਬਰ ਰਹੇ ਡਾ. ਧਰਮਵੀਰ ਗਾਂਧੀ ਨੇ ਆਖਿਆ ਹੈ ਕਿ ਰਾਜ ਸਭਾ ਸੀਟਾਂ ਵੇਚਣ, ਜੇਲ੍ਹ ਵਿਚ ਮਜੀਠੀਆ ਦੇ ਦੋਸਤ ਨੂੰ ਸੁਪਰਡੈਂਟ ਲਾਉਣ, ਟਰੱਕ ਯੂਨੀਅਨਾਂ ਉਤੇ ਕਬਜ਼ੇ, ਨਿੱਤ ਹੋ ਰਹੇ ਕਤਲਾਂ ਸਣੇ ਹੋਰ ਮੁੱਦਿਆਂ ਉਤੇ ਚੁੱਪ ਧਾਰੀ ਬੈਠੇ ਪੰਜਾਬ ਦੇ 91 ਵਿਧਾਇਕ ਮੂਸੇਵਾਲੇ ਦੇ ਗੀਤ ਉਤੇ ਇਕਦਮ ਕਿਵੇਂ ਬੋਲ ਪਏ। ਉਨ੍ਹਾਂ ਆਖਿਆ ਹੈ ਕਿ ਇਹ ਤਾਂ ਬੋਲੇ ਹਨ, ਕਿਉਂਕਿ ਹੁਣ ਹੁਕਮ ਦਿੱਲੀ ਤੋਂ ਆਏ ਹਨ।ਦੱਸ ਦਈਏ ਕਿ ਭਗਵੰਤ ਮਾਨ ਸਣੇ ਹੋਰ ਵਿਧਾਇਕਾਂ ਉਤੇ ਦੋਸ਼ ਲੱਗਦੇ ਰਹੇ ਹਨ ਕਿ ਦਿੱਲੀ ਦੀ ਲੀਡਰਸ਼ਿਪ ਵੱਲੋਂ ਪੰਜਾਬ ਦੇ ਰਾਜ ਸਭਾ ਮੈਂਬਰ ਸੂਬੇ ਤੋਂ ਬਾਹਰੋਂ ਭੇਜਣ ਉਤੇ ਇਕ ਸ਼ਬਦ ਵੀ ਨਹੀਂ ਬੋਲਿਆ। ਹਾਂਲਾਕਿ ਕੱਲ੍ਹ ਜਦੋਂ ਮੂਸੇਵਾਲੇ ਦੇ ਗੀਤ ਉਤੇ ਵਿਵਾਦ ਛਿੜਿਆ ਤਾਂ ਆਪ ਦੀ ਪੰਜਾਬ ਇਕਾਈ ਵੱਲੋਂ ਝੱਟ ਸਫਾਈਆਂ ਦਾ ਦੌਰ ਸ਼ੁਰੂ ਹੋ ਗਿਆ।ਆਪ ਪਾਰਟੀ ਨੇ ਕੱਲ੍ਹ ਆਖਿਆ ਸੀ ਕਿ ਗਾਇਕ ਅਤੇ ਪੰਜਾਬ ਵਿਧਾਨ ਸਭਾ ਚੋਣਾਂ 2022 ਦੌਰਾਨ ਕਾਂਗਰਸ ਪਾਰਟੀ ਦੀ ਟਿਕਟ ਤੋਂ ਮਾਨਸਾ ਹਲਕੇ ਤੋਂ ਚੋਣ ਲੜਨ ਵਾਲੇ ਸਿੱਧੂ ਮੂਸੇਵਾਲ ਨੇ ਆਪਣੇ ਗੀਤ ’ਚ ਤਿੰਨ ਕਰੋੜ ਪੰਜਾਬੀਆਂ ਨੂੰ ਗੱਦਾਰ ਸ਼ਬਦ ਰਾਹੀਂ ਸੰਬੋਧਨ ਕੀਤਾ ਹੈ, ਜੋ ਕਾਂਗਰਸ ਦੇ ਪੰਜਾਬ ਵਿਰੋਧੀ ਰਵੱਈਏ, ਨੀਤੀ ਅਤੇ ਇਤਿਹਾਸ ਨੂੰ ਪੇਸ਼ ਕਰਦਾ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੀ ਹਾਰ ਦੀ ਬੁਖਲਾਹਟ ਵਿੱਚ ਸਿੱਧੂ ਮੂਸੇਵਾਲਾ ਨੇ ਗੀਤ ਰਾਹੀਂ ਕਾਂਗਰਸ ਦੀ ਪੰਜਾਬੀਆਂ ਪ੍ਰਤੀ ਘਟੀਆ ਸੋਚ ਨੂੰ ਹੀ ਅੱਗੇ ਵਧਾਇਆ ਹੈ।ਆਪ’ ਆਗੂ ਨੇ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਹੀ ਪੰਜਾਬ, ਪੰਜਾਬੀਅਤ ਅਤੇ ਪੰਜਾਬੀ ਵਿਰੋਧੀ ਨੀਤੀਆਂ ਬਣਾਈਆਂ ਹਨ। ਉਨ੍ਹਾਂ ਮੰਗ ਕੀਤੀ ਕਿ ਕਾਂਗਰਸ ਹਾਈਕਮਾਨ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੂੰ ਸਿੱਧੂ ਮੂਸੇਵਾਲ ਦੇ ਗੀਤ ਬਾਰੇ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ ਕਾਂਗਰਸ ਹਾਈਕਮਾਨ ਨੂੰ ਸਮੁੱਚੇ ਪੰਜਾਬੀਆਂ ਕੋਲੋਂ ਮੁਆਫ਼ੀ ਮੰਗਣੀ ਚਾਹੀਦੀ ਹੈ।