ਮਾਨਸਾ, 3 ਦਸੰਬਰ (ਭਗਵਾਨ ਭੰਗੂ – ਲਿਕੇਸ਼ ਸ਼ਰਮਾ) :ਫਿਜ਼ੀਕਲ ਹੈਂਡੀਕੈਪਡ ਐਸੋਸੀਏਸ਼ਨ ਵੱਲੋਂ ਮਸਲਿਆਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਦਫ਼ਤਰ ਨਜ਼ਦੀਕ ਲਾਇਆ ਗਿਆ ਤਿੰਨ ਦਿਨਾਂ ਮੋਰਚਾ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਸਾੜਨ ਉਪਰੰਤ ਮੁਲਤਵੀ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਧਰਨਾ ਸਥਾਨ ‘ਤੇ ਮਸਲਿਆਂ ਸਬੰਧੀ ਵਿਚਾਰ ਚਰਚਾ ਕਰਦਿਆਂ ਆਗੂਆਂ ਵੱਲੋਂ 9 ਦਸੰਬਰ ਨੂੰ ਵਿਧਾਇਕਾਂ ਨੂੰ ਯਾਦ ਪੱਤਰ ਦੇਣ ਫ਼ੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਦੇ ਵਿਧਾਇਕਾਂ ਨੂੰ ਜਥੇਬੰਦੀ ਵੱਲੋਂ ਪਹਿਲਾਂ ਵੀ ਮੰਗ ਪੱਤਰ ਦਿੱਤੇ ਗਏ ਸਨ ਪਰ ਵਿਧਾਇਕਾਂ ਨੇ ਉਨ੍ਹਾਂ ਦੇ ਮਸਲੇ ਹੱਲ ਕਰਵਾਉਣ ਸਬੰਧੀ ਵਿਧਾਨ ਸਭਾ ‘ਚ ਕੋਈ ਵੀ ਮੁੱਦਾ ਨਹੀਂ ਉਠਾਇਆ। ਇਸ ਕਰਕੇ ਅੰਗਹੀਣਾਂ ‘ਚ ਨਿਰਾਸ਼ਾ ਪਾਈ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਜੇਕਰ ਵਿਧਾਇਕਾਂ ਵੱਲੋਂ ਉਨ੍ਹਾਂ ਦੀਆਂ ਮੰਗਾਂ ਸਬੰਧੀ ਹੁਣ ਵੀ ਮੁੱਦਾ ਨਾ ਚੁੱਕਿਆ ਗਿਆ ਤਾਂ ਉਨ੍ਹਾਂ ਦੇ ਘਰਾਂ ਅੱਗੇ ਧਰਨਾ ਲਾ ਕੇ ਸਵਾਲਾਂ ਦੇ ਜਵਾਬ ਮੰਗੇ ਜਾਣਗੇ। ਜ਼ਿਲ੍ਹਾ ਪ੍ਰਧਾਨ ਅਵਿਨਾਸ਼ ਸ਼ਰਮਾ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਥੋੜੀ ਜਿਹੀ ਕੋਸ਼ਿਸ਼ ਨਾਲ ਵੀ ਇੱਕ ਅੰਗਹੀਣ ਵਿਅਕਤੀ ਆਮ ਜੀਵਨ ਬਤੀਤ ਕਰ ਸਕਦਾ ਹੈ। ਿਫ਼ਰ ਸੁਣਵਾਈ ਕਿਉਂ ਨਹੀਂ ਕੀਤੀ ਜਾਂਦੀ। ਉਨ੍ਹਾਂ ਕਿਹਾ ਕਿ ਹਰ ਸਾਲ 3 ਦਸੰਬਰ ਨੂੰ ਲੋਕਾਂ ‘ਚ ਜਾਗਰੂਕਤਾ ਫ਼ੈਲਾਉਣ ਦੇ ਮੰਤਵ ਨਾਲ ਵਿਸ਼ਵ ਭਰ ‘ਚ ਵੱਖ-ਵੱਖ ਤਰ੍ਹਾਂ ਦੇ ਅਪੰਗ ਵਿਅਕਤੀਆਂ ਦੇ ਮਸਲਿਆਂ ਵੱਲ ਸਮਾਜ ਅਤੇ ਸਰਕਾਰ ਦਾ ਧਿਆਨ ਖਿੱਚਣ ਅਤੇ ਉਨ੍ਹਾਂ ਦੇ ਉਚਿਤ ਆਰਥਿਕ ਅਤੇ ਸਮਾਜਿਕ ਵਿਕਾਸ ਲਈ ਉਪਰਾਲੇ ਕਰਨ ਦੇ ਮੰਤਵ ਨਾਲ ਮਨਾਇਆ ਜਾਂਦਾ ਹੈ।ਸੁਖਜੀਤ ਸਿੰਘ, ਰਣਵੀਰ ਕੌਰ ਅਤੇ ਜਗਤਾਰ ਸਿੰਘ ਨੇ ਮੰਗ ਕੀਤੀ ਕਿ ਅਪਾਹਜ ਵਿਅਕਤੀਆਂ ਦੇ ਪੁਨਰਵਾਸ ਅਤੇ ਸਮਾਜਿਕ ਬਰਾਬਰੀ ਲਈ ਬਣੇ ਕਾਨੂੰਨ ਮੁਕੰਮਲ ਰੂਪ ‘ਚ ਲਾਗੂ ਕੀਤੇ ਜਾਣ। ਪੀਡਬਲਯੂ ਐਕਟ 2016, ਅੰਗਹੀਣ ਪੈਨਸ਼ਨ ਰਾਸ਼ੀ ਪੰਜ ਹਜ਼ਾਰ ਰੁਪਏ ਪ੍ਰਤੀ ਮਹੀਨਾ ਕੀਤੀ ਜਾਵੇ, ਅੰਗਹੀਣਾਂ ਨੂੰ ਮਿਲਦੀਆਂ ਸਹੂਲਤਾਂ ਲਈ ਆਮਦਨ ਹੱਦ ਦੀ ਸ਼ਰਤ ਖ਼ਤਮ ਕੀਤੀ ਜਾਵੇ। ਹਰ ਤਰ੍ਹਾਂ ਦੀ ਨੌਕਰੀ ਲਈ ਫ਼ੀਸ ਮਾਫ਼ ਕੀਤੀ ਜਾਵੇ, ਪੰਜਾਬ ਦੀਆਂ ਸਾਰੀਆਂ ਬੱਸਾਂ ਅਤੇ ਏਸੀ ਬੱਸਾਂ ‘ਚ ਮੁਫਤ ਸਹੂਲਤ ਦਿੱਤੀ ਜਾਵੇ, ਸਰਕਾਰੀ ਨੌਕਰੀਆਂ ਦਾ ਬੈਕਲਾਗ ਤੁਰੰਤ ਭਰਿਆ ਜਾਵੇ ਅਤੇ ਬਾਕੀ ਬੇਰੁਜ਼ਗਾਰ ਅੰਗਹੀਣ ਵਿਅਕਤੀਆਂ ਨੂੰ ਨਿੱਜੀ ਖੇਤਰ ਵਿਚ ਰੁਜ਼ਗਾਰ ਅਤੇ ਸਵੈ ਰੁਜ਼ਗਾਰ ਦੇਣ ਲਈ ਵਿਸ਼ੇਸ਼ ਸਕੀਮ ਚਲਾਈ ਜਾਵੇ, ਅਪਾਹਜ ਵਿਅਕਤੀਆਂ/ਬੱਚਿਆਂ ਨੂੰ ਹਰ ਪੱਧਰ ਤੇ ਮੁਫ਼ਤ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾਣ, ਅੰਗਹੀਣਾਂ ਲਈ ਵਿਸ਼ੇਸ਼ ਪਖਾਨੇ ਅਤੇ ਬਾਥਰੂਮ ਬਨਾਉਣ ਲਈ ਦੋ ਲੱਖ ਰੁਪਏ ਸਹਾਇਤਾ ਦਿੱਤੀ ਜਾਵੇ, ਅਪਾਹਜ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਤੱਕ ਪੜ੍ਹਾਈ ਲਈ ਦਸ ਹਜ਼ਾਰ ਰੁਪਏ ਪ੍ਰਤੀ ਮਹੀਨਾ ਸਹਾਇਤਾ ਦਿੱਤੀ ਜਾਵੇ, ਅਪਾਹਜਾਂ ਦੀ ਸ਼ਾਦੀ ਲਈ ਸ਼ਗਨ ਦੇ ਰੂਪ ਵਿੱਚ ਇੱਕ ਲੱਖ ਰੁਪਏ ਦਿੱਤਾ ਜਾਵੇ, ਕਰਜ਼ਾ ਹੱਦ ਵਧਾਈ ਜਾਵੇ ਅਤੇ ਅਦਾਇਗੀ ਸਰਲ ਕੀਤੀ ਜਾਵੇ, ਸਰਕਾਰੀ ਨਿੱਜੀ ਅਦਾਰਿਆਂ ‘ਚ ਅੰਗਹੀਣਾਂ ਦੇ ਰਾਖਵੇਂਕਰਨ ਨੂੰ ਮੁੱਖ ਰੱਖਦਿਆਂ ਹੋਇਆਂ, 10 ਫੀਸਦੀ ਸੀਟਾਂ ਰਾਖਵੀਆਂ ਰੱਖੀਆਂ ਜਾਣ, ਪੂਰੇ ਪ੍ਰਾਂਤ ਅੰਦਰ ਹਰ ਥਾਂ ਤੇ ਅੰਗਹੀਣ ਲਈ ਵੱਖਰੀ ਅਤੇ ਫਰੀ ਪਾਰਕਿੰਗ ਦੀ ਸਹੂਲਤ ਦਿੱਤੀ ਜਾਵੇ, ਹਰ ਇੱਕ ਪਬਲਿਕ ਸਥਾਨ ਉਪਰ ਅੰਗਹੀਣਾਂ ਨੂੰ ਮਿਲਦੀਆਂ ਸਹੂਲਤਾਂ ਲਈ ਵੱਖਰੀ ਲਾਇਨ/ਖਿੜਕੀ ਦਾ ਪ੍ਰਬੰਧ ਕੀਤਾ ਜਾਵੇ, ਹਰ ਇੱਕ ਪਬਲਿਕ ਸਥਾਨ ਤੇ ਜਾਨ ਲਈ ਰੈਂਪ/ਲਿਫਟ ਦਾ ਪ੍ਰਬੰਧ ਕੀਤਾ ਜਾਵੇ, ਗੰਭੀਰ ਅਪਾਹਜ ਵਿਅਕਤੀਆਂ ਦੇ ਪਰਿਵਾਰਾਂ ਨੂੰ ਪੰਦਰਾਂ ਹਜਾਰ ਰੁਪਏ ਮਹੀਨਾਂ ਗੁਜ਼ਾਰਾ ਭੱਤਾ ਦਿੱਤਾ ਜਾਵੇ।ਇਸ ਮੌਕੇ ਅਸੀਮ ਗੋਇਲ, ਸਿਮਰਨਜੀਤ ਸਿੰਘ, ਕਮਲਜੀਤ ਕੌਰ, ਸੁਨੀਤਾ ਰਾਣੀ, ਕਾਲਾ ਸਿੰਘ, ਕੁਲਵਿੰਦਰ ਸਿੰਘ, ਸੁਨੀਲ ਮਸੀਹ, ਲਾਭ ਸਿੰਘ, ਗਮਦੂਰ ਸਿੰਘ, ਜਗਜੀਤ ਸਿੰਘ, ਹਰਗੁਰਦੀਪ ਸਿੰਘ, ਹੰਸ ਰਾਜ, ਅਮਰੀਕ ਸਿੰਘ, ਸ਼ਮਸ਼ੇਰ ਸਿੰਘ ਨਾਨੂੰਗੋ, ਗੁਰਸੇਵਕ ਸਿੰਘ ਬਹਿਣੀਵਾਲ, ਬਹਾਦਰ ਸਿੰਘ, ਨਰਿੰਦਰ ਸਿੰਘ ਅਤੇ ਨਾਜਰ ਸਿੰਘ ਵੀ ਮੌਜੂਦ ਸਨ।