ਬਰਨਾਲਾ (ਰਾਜੇਸ ਜੈਨ -ਰਾਜਨ ਜੈਨ) ਸੂਬੇ ਅੰਦਰ ਜਬਰ ਜਨਾਹ ਦੀਆਂ ਘਟਨਾਵਾਂ ’ਚ ਦਿਨੋਂ ਦਿਨ ਹੋ ਰਿਹਾ ਵਾਧਾ ਸਮਾਜ ਲਈ ਚਿੰਤਾ ਦਾ ਵਿਸ਼ਾ ਹੈ ਤੇ ਇਹ ਵੀ ਇਕ ਕੌੜਾ ਸੱਚ ਹੈ ਕਿ ਸੂਬੇ ਅੰਦਰ ਜਬਰ ਜਨਾਹ ਦੇ ਜਿੰਨੇ ਮਾਮਲੇ ਦਰਜ ਹੁੰਦੇ ਹਨ, ਉਸ ਤੋਂ ਕਿਤੇ ਜ਼ਿਆਦਾ ਦਰਜ ਹੀ ਨਹੀਂ ਹੁੰਦੇ, ਜਿਸ ਦਾ ਵੱਡਾ ਕਾਰਨ ਪੀੜਤਾ ਦੀ ਸਮਾਜ ’ਚ ਬਦਨਾਮੀ ਤੇ ਥਾਣਿਆਂ ’ਚ ਹੁੰਦੀ ਖੱਜਲ ਖੁਆਰੀ ਹੈ।
ਪੰਜਾਬ ਸਬੰਧੀ ਰਾਸ਼ਟਰੀ ਕ੍ਰਾਈਮ ਰਿਕਾਰਡ ਬਿਊਰੋ (NCRB) ਵੱਲੋਂ ਜਾਰੀ ਕੀਤੇ ਅੰਕੜੇ ਸਪੱਸ਼ਟ ਕਰਦੇ ਹਨ ਕਿ ਸੂਬੇ ਦੀ ਸਥਿਤੀ ਔਰਤਾਂ ਨਾਲ ਜਬਰਜਨਾਹ ਦੇ ਕੇਸਾਂ ’ਚ ਚਿੰਤਾਜਨਕ ਤੇ ਸੋਚਣ ਵਾਲੀ ਹੈ। ਪੰਜਾਬ ’ਚ ਜਬਰਜਨਾਹ ਦੇ ਮਾਮਲਿਆਂ ’ਚ ਵਾਧਾ ਹੋਇਆ ਹੈ, ਪਰ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਜਬਰਜਨਾਹ ਦੇ 90 ਫ਼ੀਸਦੀ ਤੋਂ ਜ਼Çਆਦਾ ਮਾਮਲਿਆਂ ’ਚ ਜਾਣਕਾਰ ਹੀ ਦੋਸ਼ੀ ਨਿਕਲੇ। ਰਾਸ਼ਟਰੀ ਕ੍ਰਾਈਮ ਰਿਕਾਰਡ ਬਿਊਰੋ ਵੱਲੋਂ ਜਾਰੀ ਕੀਤੀ ਗਈ ਰਿਪੋਰਟ ’ਚ ਪਤਾ ਲੱਗਿਆ ਹੈ ਕਿ ਪੰਜਾਬ ’ਚ ਜਬਰ ਜਨਾਹ ਦੇ ਮਾਮਲਿਆਂ ’ਚ 10.80 ਫ਼ੀਸਦੀ ਦਾ ਵਾਧਾ ਹੋਇਆ ਹੈ। ਸੰਨ 2021 ’ਚ ਜਬਰ ਜਨਾਹ ਦੇ 464 ਮਾਮਲਿਆਂ ਦੀ ਤੁਲਨਾ ’ਚ ਸਾਲ 2022 ਵਿੱਚ 517 ਮਾਮਲੇ ਦਰਜ ਹੋਏ ਹਨ। ਰਿਪੋਰਟ ਦਾ ਇੱਕ ਪੱਖ ਇਹ ਵੀ ਹੈ ਕਿ 99.4 ਫ਼ੀਸਦੀ ਮਾਮਲਿਆਂ ’ਚ ਪੀੜਤਾ ਜਬਰਜਨਾਹ ਕਰਨ ਵਾਲਿਆਂ ਨੂੰ ਪਹਿਲਾਂ ਤੋਂ ਹੀ ਜਾਣਦੀ ਸੀ।ਆਫ਼ ਦੀ ਰਿਕਾਰਡ’ ਜਬਰ ਜਨਾਹ ਦੇ ਕੇਸਾਂ ਦਾ ਇੱਕ ਪੱਖ ਇਹ ਵੀ ਹੈ ਕਿ ਇਹ ਸਿਰਫ਼ ਉਹ ਅੰਕੜੇ ਹਨ, ਜੋ ਦਰਜ ਹੁੰਦੇ ਹਨ, ਜਦ ਕਿ ਅਸਲ ਸੱਚਾਈ ਇਹ ਹੈ ਇਨ੍ਹਾਂ ਅੰਕੜਿਆਂ ਦਾ ਦੋਗੁਣਾ ਹਿੱਸਾ ਦਰਜ ਹੀ ਨਹੀਂ ਹੁੰਦਾ। ਇਹ ਕੌੜੀ ਸੱਚਾਈ ਹੈ ਕਿ ਜਬਰ ਜਨਾਹ ਦੇ ਬਹੁਤੇ ਕੇਸਾਂ ’ਚ ਪੀੜਤਾਂ ਦੀ ਜ਼ੁਬਾਨ ਚੁੱਪ ਕਰਵਾ ਦਿੱਤੀ ਜਾਂਦੀ ਹੈ ਜਾਂ ਬਹੁਤੇ ਕੇਸਾਂ ’ਚ ਥਾਣਿਆਂ ’ਚ ਹੈਰਾਨ ਪਰੇਸ਼ਾਨ ਕੀਤਾ ਜਾਂਦਾ ਤੇ ਮਾਮਲੇ ਹੀ ਦਰਜ ਨਹੀਂ ਕੀਤੇ ਜਾਂਦੇ, ਜਿਸ ਤੋਂ ਦੁਖੀ ਹੋ ਕੇ ਪੀੜ੍ਹਤ ਚੁੱਪ ਕਰਕੇ ਬੈਠ ਜਾਂਦੇ ਹਨ। ਰਿਪੋਰਟ ’ਚ ਕਿਹਾ ਗਿਆ ਹੈ ਕਿ 2022 ’ਚ ਔਰਤਾਂ ਦੇ ਅਗਵਾ ਦੇ 1478 ਮਾਮਲੇ, ਜਬਰ ਜਨਾਹ ਤੇ ਹੱਤਿਆ ਦੇ ਤਿੰਨ ਮਾਮਲੇ, ਦਾਜ ਲਈ ਹੱਤਿਆ ਦੇ 71 ਤੇ ਤੇਜ਼ਾਬ ਹਮਲੇ ਦੇ ਦੋ ਮਾਮਲੇ ਦਰਜ ਹੋਏ ਹਨ। ਰਾਜ ’ਚ ਚੋਰੀ ਦੀਆਂ ਵਾਰਦਾਤਾਂ ’ਚ ਇਕ ਫ਼ੀਸਦੀ ਤੋਂ ਵੀ ਘੱਟ ਵਾਧਾ ਹੋਇਆ ਹੈ।