ਵੱਡੇ ਕਾਰੋਬਾਰੀਆਂ ਨੂੰ ਛੱਡ ਕੇ ਛੋਟੇ ਦੁਕਾਨਦਾਰ ਅਤੇ ਰੇਹੜੀ ਵਾਲਿਆਂ ਨੂੰ ਬਣਾ ਰਹੇ ਨੇ ਨਿਸ਼ਾਨਾ
ਨੌਜਵਾਨ ਨੇ ਲਿਖਤੀ ਸ਼ਿਕਾਇਤ ਦੇ ਕੇ ਸੈਨੇਟਰੀ ਇੰਸਪੈਕਟਰ ’ਤੇ ਲਗਾਏ ਗੰਭੀਰ ਦੋਸ਼
ਜਗਰਾਓਂ, 11 ਦਸੰਬਰ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ )-ਭ੍ਰਿਸ਼ਟਾਚਾਰ ਦੇ ਨਾਂ ’ਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਬਹੁਤ ਦਮਗਜੇ ਮਾਰ ਰਹੀ ਹੈ ਅਤੇ ਭ੍ਰਿਸ਼ਟਾਚਾਰ ’ਤੇ ਜ਼ੀਰੋ ਟੋਲਰੈਂਸ ਦੀਆਂ ਗੱਲਾਂ ਕਰਦੀ ਹੈ। ਪਰ ਪੰਜਾਬ ਭ੍ਰਿਸ਼ਟਾਚਾਰ ਪਹਿਲਾਂ ਨਾਲੋਂ ਵੱਧ ਫੁੱਲ ਰਿਹਾ ਹੈ। ਇਸ ਦੀ ਤਾਜ਼ਾ ਮਿਸਾਲ ਸੋਮਵਾਰ ਨੂੰ ਨਗਰ ਕੌਂਸਲ ਵਿੱਚ ਹੋਏ ਭਾਰੀ ਹੰਗਾਮੇ ਦੌਰਾਨ ਦੇਖਣ ਨੂੰ ਮਿਲੀ। ਜਿਸ ਵਿੱਚ ਮੁਹੱਲਾ ਗੁਰੂ ਨਾਨਕਪੁਰਾ ਦੇ ਵਸਨੀਕ ਅਕਾਸ਼ਦੀਪ ਸਿੰਘ ਨੇ ਨਗਰ ਕੌਸਲ ਵਿਖੇ ਪਹੁੰਚ ਕੇ ਸੈਨੇਟਰੀ ਇੰਸਪੈਕਟਰ ਸ਼ਿਆਮ ਲਾਲ ’ਤੇ ਰਿਸ਼ਵਤ ਲੈਣ, ਗਾਲ੍ਹਾਂ ਕੱਢਣ ਅਤੇ ਮੁਫ਼ਤ ਬਰਗਰ ਲੈਣ ਦੇ ਦੋਸ਼ ਲਾਉਂਦਿਆਂ ਈਓ ਨੂੰ ਲਿਖਤੀ ਸ਼ਿਕਾਇਤ ਦਿੱਤੀ। ਅਕਾਸ਼ਦੀਪ ਸਿੰਘ ਨੇ ਈਓ ਨੂੰ ਦਿੱਤੀ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਉਹ ਨਗਰ ਕੌਂਸਲ ਨੇੜੇ ਬਰਗਰ ਗੀ ਰੇਹੜੀ ਲਗਾਉਂਦਾ ਹੈ। ਉਸ ਦੇ ਨਜਦੀਕ ਹੋਰ ਵੀ ਬਹੁਤ ਸਾਰੇ ਰੇਹੜੀ ਵਾਲੇ ਖਾਣ ਪੀਣ ਦੇ ਸਾਮਾਨ ਦੀਆਂ ਰੇਹੜੀਆਂ ਲਗਾਉਂਦੇ ਹਨ। ਸੈਨੇਟਰੀ ਇੰਸਪੈਕਟਰ ਸ਼ਿਆਮ ਲਾਲ ਆਪਣੇ ਸਾਥੀਆਂ ਸਮੇਤ ਉਸ ਦੇ ਕੋਲ ਆ ਕੇ ਲਿਫਾਫੇ ਜ਼ਬਤ ਕਰਨ ਦੀ ਗੱਲ ਕਰਦਾ ਅਤੇ ਸਮੇਂ-ਸਮੇਂ ’ਤੇ ਉਸ ਨੂੰ ਤੰਗ ਪ੍ਰੇਸ਼ਾਨ ਕਰਦਾ ਅਤੇ ਮੁਫਤ ਬਰਗਰ ਲੈ ਜਾਂਦਾ ਹੈ ਅਤੇ ਕਈ ਵਾਰ ਨਗਦ ਪੈਸੇ ਵੀ ਲੈ ਕੇ ਜਾਂਦਾ ਹੈ। ਉਸ ਨੇ ਸੋਮਵਾਰ ਨੂੰ ਉਸ ਨਾਲ ਦੁਰਵਿਵਹਾਰ ਕੀਤਾ ਅਤੇ ਗਾਲਾਂ ਕੱਢੀਆਂ। ਸ਼ਿਕਾਇਤਕਰਤਾ ਨੇ ਕਿਹਾ ਕਿ ਉਸ ਦਾ ਚਲਾਨ ਕੱਟਣ ਨਾਲ ਉਸ ਨੂੰ ਕੋਈ ਇਤਰਾਜ਼ ਨਹੀਂ ਹੈ, ਪਰ ਉਸ ਨੂੰ ਦੁਰਵਿਵਹਾਰ ਕਰਨ ਦਾ ਸੈਨਟਰੀ ਇੰਸਪੈਕਟਰ ਨੂੰ ਕੋਈ ਅਧਿਕਾਰ ਨਹੀਂ ਹੈ। ਮੌਕੇ ’ਤੇ ਕੁਝ ਹੋਰ ਲੋਕਾਂ ਨੇ ਵੀ ਸੈਨੇਟਰੀ ਇੰਸਪੈਕਟਰ ’ਤੇ ਉਨ੍ਹਾਂ ਦੀਆਂ ਰੇਹੜੀਆਂ ਤੋਂ ਖਾਣ ਪੀਣ ਦਾ ਸਾਮਾਨ ਮੁਫਤ ਵਿਚ ਲੈ ਕੇ ਜਾਣ ਦੇ ਦੋਸ਼ ਲਗਾਏ।
ਸ਼ਹਿਰ ਵਿੱਚ ਪਲਾਸਟਿਕ ਦੇ ਹਨ ਕਈ ਵੱਡੇ ਵਪਾਰੀ-
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਭਾਵੇਂ ਨਗਰ ਕੌਂਸਲ ਦੇ ਸੈਨੇਟਰੀ ਇੰਸਪੈਕਟਰ ਆਪਣੀ ਟੀਮ ਸਮੇਤ ਸਮੇਂ-ਸਮੇਂ ’ਤੇ ਦੁਕਾਨਾਂ ਦਾ ਦੌਰਾ ਕਰਕੇ ਪਲਾਸਟਿਕ ਦੇ ਲਿਫਾਫਿਆਂ ਦੀ ਜਾਂਚ ਕਰਦੇ ਹਨ ਪਰ ਅੱਜ ਤੱਕ ਇਹ ਟੀਮ ਸ਼ਹਿਰ ਵਿੱਚ ਇੱਕ ਵੀ ਵੱਡੇ ਪਲਾਸਟਿਕ ਦੇ ਹੋਲ ਸੇਲ ਵਪਾਰੀ ਨੂੰ ਹੱਥ ਨਹੀਂ ਪਾ ਸਕੀ। ਇਹ ਕਾਰਵਾਈ ਸਿਰਫ ਛੋਟੀਆਂ ਦੁਕਾਨਾਂ ਅਤੇ ਰੇਹੜੀਆਂ ਵਾਲਿਆਂ ਤੇ ਹੀ ਕਰਕੇ ਪਲਾਸਟਿਕ ਦੇ ਲਿਫਾਫੇ ਜ਼ਬਤ ਕਰਨ ਅਤੇ ਚਲਾਨ ਕੱਟੇ ਜਾਂਦੇ ਹਨ। ਜਦੋਂ ਕਿ ਵੱਡੀਆਂ ਦਪਕਾਨਾ ਵੱਲ ਇਹ ਟੀਮ ਦੇਖਣ ਦੀ ਵੀ ਜ਼ੁਰਅੱਤ ਨਹੀਂ ਕਰਦੀ। ਜਗਰਾਉਂ ਵਿੱਚ ਪਲਾਸਟਿਕ ਦੇ ਲਿਫਾਫਿਆਂ ਦੀਆਂ ਕਈ ਥੋਕ ਦੀਆਂ ਦੁਕਾਨਾਂ ਹਨ। ਇਸ ਤੋਂ ਇਲਾਵਾ ਕਈ ਵੱਡੇ ਕਾਰੋਬਾਰੀ ਅਜਿਹੇ ਹਨ ਜਿੱਥੇ ਹਰ ਰੋਜ਼ ਕਈ-ਕਈ ਕਿੱਲੋ ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਵਰਤੋਂ ਹੁੰਦੀ ਹੈ ਅਤੇ ਜਗਰਾਉਂ ਦੀ ਇੱਕ ਫੈਕਟਰੀ ਵਿੱਚ ਨਾਜਾਇਜ਼ ਲਿਫ਼ਾਫ਼ੇ ਬਣਾਏ ਜਾਣ ਦੀ ਵੀ ਸਮੇਂ-ਸਮੇਂ ’ਤੇ ਚਰਚਾ ਹੁੰਦੀ ਰਹਿੰਦੀ ਹੈ। ਪਰ ਨਗਰ ਕੌਂਸਲ ਵੱਲੋਂ ਕਾਰਵਾਈ ਸਿਰਫ਼ ਛੋਟੇ ਦੁਕਾਨਦਾਰਾਂ ’ਤੇ ਹੀ ਕੀਤੀ ਜਾਂਦੀ ਹੈ।
ਕੀ ਕਹਿਣਾ ਹੈ ਈਓ ਦਾ-
ਇਸ ਸਬੰਧੀ ਜਦੋਂ ਨਗਰ ਕੌਂਸਲ ਦੇ ਈਓ ਸੁਖਦੇਵ ਸਿੰਘ ਰੰਧਾਵਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਕਾਸ਼ਦੀਪ ਸਿੰਘ ਨੇ ਉਨ੍ਹਾਂ ਨੂੰ ਸ਼ਿਆਮ ਲਾਲ ਖ਼ਿਲਾਫ਼ ਲਿਖਤੀ ਸ਼ਿਕਾਇਤ ਦਿੱਤੀ ਹੈ। ਇਸ ਦੀ ਜਾਂਚ ਕਰਵਾ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ।
ਕੀ ਕਹਿਣਾ ਹੈ ਪ੍ਰਧਾਨ ਦਾ –
ਇਸ ਸਬੰਧੀ ਜਦੋਂ ਨਗਰ ਕੌਂਸਲ ਦੇ ਪ੍ਰਧਾਨ ਜਤਿੰਦਰ ਪਾਲ ਰਾਣਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸੈਨੇਟਰੀ ਇੰਸਪੈਕਟਰ ਖ਼ਿਲਾਫ਼ ਪਹਿਲਾਂ ਵੀ ਕਈ ਵਾਰ ਸ਼ਿਕਾਇਤਾਂ ਆ ਚੁੱਕੀਆਂ ਹਨ। ਪਰ ਅਕਾਸ਼ਦੀਪ ਸਿੰਘ ਵੱਲੋਂ ਲਿਖਤੀ ਸ਼ਿਕਾਇਤ ਕੀਤੀ ਗਈ ਹੈ। ਉਹ ਨਗਰ ਕੌਂਸਲ ਵਿੱਚ ਕਿਸੇ ਵੀ ਤਰ੍ਹਾਂ ਦਾ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਕਾਨੂੰਨ ਅਨੁਸਾਰ ਆਪਣਾ ਕੰਮ ਸਹੀ ਢੰਗ ਨਾਲ ਕਰਵਾਉਣ। ਜੇਕਰ ਕੋਈ ਕਰਮਚਾਰੀ ਜਾਂ ਅਧਿਕਾਰੀ ਉਨ੍ਹਾਂ ਦੇ ਕੰਮ ਲਈ ਪੈਸੇ ਮੰਗਦਾ ਹੈ ਤਾਂ ਉਸ ਬਾਰੇ ਉਨ੍ਹਾਂ ਨੂੰ ਸੂਚਿਤ ਕਰੋ। ਉਹ ਖੁਦ ਅੱਗੇ ਆ ਕੇ ਉਸ ਖਿਲਾਫ ਕਾਰਵਾਈ ਕਰਵਾਉਣਗੇ।
ਕੀ ਕਹਿਣਾ ਹੈ ਸੈਨੇਟਰੀ ਇੰਸਪੈਕਟਰ ਦਾ-
ਇਸ ਸਬੰਧੀ ਜਦੋਂ ਸੈਨੇਟਰੀ ਇੰਸਪੈਕਟਰ ਸ਼ਿਆਮ ਲਾਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਕਾਸ਼ਦੀਪ ਸਿੰਘ ਵਲੋਂ ਉਨ੍ਹੰ ਤੇ ਲਗਾਏ ਜਾ ਰਹੇ ਦੋਸ਼ ਬਿਲਕੁਲ ਬੇਬੁਨਿਆਦ ਹਨ। ਉਹ ਪੰਜਾਬ ਸਰਕਾਰ ਵਲੋਂ ਪਲਾਸਟਿਕ ਦੇ ਲਿਫਾਫਿਆਂ ਤੇ ਪਾਬੰਦੀ ਸੰਬੰਧੀ ਸਮੇਂ-ਸਮੇਂ ’ਤੇ ਦੁਕਾਨਾਂ ਤੇ ਜਾ ਕੇ ਚੈਕਿੰਗ ਕਰਦੇ ਹਨ। ਜਿਥੇ ਇਹ ਲਿਫਾਫੇ ਮਿਲਦੇ ਹਨ ਤਾਂ ਉਹ ਉਸ ਦੁਕਾਨਦਾਰ ਦਾ ਚਲਾਨ ਕੱਟ ਦਿੰਦੇ ਹਨ। ਉਹ ਆਪਣੀ ਡਿਊਟੀ ਕਰ ਰਹੇ ਹਨ।। ਉਹ ਇਸ ਸ਼ਿਕਾਇਤ ਦੀ ਪੂਰੀ ਜਾਂਚ ਲਈ ਤਿਆਰ ਹਨ।