ਫਰੀਦਕੋਟ, 17 ਦਸੰਬਰ (ਭਗਵਾਨ ਭੰਗੂ – ਰੋਹਿਤ ਗੋਇਲ) : ਬੇਅਦਬੀ ਮਾਮਲਿਆਂ ਦੇ ਇਨਸਾਫ ਲਈ 16 ਦਸੰਬਰ 2021 ਤੋਂ ਸ਼ੁਰੂ ਹੋਏ ਬਹਿਬਲ ਮੋਰਚੇ ਦੇ ਦੋ ਸਾਲ ਪੂਰੇ ਹੋਣ ’ਤੇ ਸੁਖਰਾਜ ਸਿੰਘ ਨਿਆਮੀਵਾਲਾ ਨੇ ਅਲਟੀਮੇਟਮ ਦਿੰਦਿਆਂ ਚਿਤਾਵਨੀ ਦਿੱਤੀ ਹੈ ਕਿ ਜੇਕਰ 22 ਦਸੰਬਰ ਤੱਕ ਅਦਾਲਤ ਵਿੱਚ ਬਹਿਬਲ ਗੋਲੀਕਾਂਡ ਦਾ ਚਲਾਨ ਪੇਸ਼ ਨਾ ਕੀਤਾ ਗਿਆ ਤਾਂ ਉਹ ਮਰਨ ਵਰਤ ’ਤੇ ਬੈਠ ਜਾਣਗੇ ਅਤੇ ਇਨਸਾਫ ਨਾ ਮਿਲਣ ਦੀ ਸੂਰਤ ਵਿੱਚ ਖੁਦ ਨੂੰ ਮੌਤ ਦੇ ਹਵਾਲੇ ਕਰਨ ਤੋਂ ਗੁਰੇਜ ਨਹੀਂ ਕਰਨਗੇ। ਸ਼ਨਿਚਰਵਾਰ ਨੂੰ ਵੱਖ-ਵੱਖ ਸਿੱਖ ਸੰਸਥਾਵਾਂ, ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਹਾਜ਼ਰੀ ਵਿੱਚ ਸੁਖਰਾਜ ਸਿੰਘ ਨੇ ਆਖਿਆ ਕਿ ਬੇਅਦਬੀ ਅਤੇ ਗੋਲੀਕਾਂਡ ਦੀਆਂ ਘਟਨਾਵਾਂ ਨੂੰ ਅੱਠ ਸਾਲ ਤੋਂ ਵੀ ਜ਼ਿਆਦਾ ਸਮਾਂ ਬੀਤ ਚੁੱਕਾ ਹੈ ਪਰ ਤਿੰਨ ਸਰਕਾਰਾਂ ਅਤੇ ਚਾਰ ਮੁੱਖ ਮੰਤਰੀਆਂ ਵਲੋਂ ਕੋਈ ਕਾਰਵਾਈ ਕਰਨ ਦੀ ਜ਼ਰੂਰਤ ਹੀ ਨਹੀਂ ਸਮਝੀ ਗਈ, ਜਦਕਿ ਬੇਅਦਬੀ ਅਤੇ ਗੋਲੀਕਾਂਡਾਂ ਦੇ ਦੋਸ਼ੀਆਂ ਦੇ ਚਿਹਰੇ ਜਨਤਕ ਹੋ ਚੁੱਕੇ ਹਨ ਅਤੇ ਤੱਤਕਾਲੀ ਸਰਕਾਰਾਂ ਦੀ ਤਰਾਂ ਮੌਜੂਦਾ ਸੱਤਾਧਾਰੀ ਧਿਰ ਨੂੰ ਵੀ ਭਲੀਭਾਂਤ ਪਤਾ ਹੈ ਕਿ ਉਕਤ ਘਟਨਾਵਾਂ ਪਿੱਛੇ ਕਿਸ ਦਾ ਹੱਥ ਹੈ? ਉਹਨਾਂ ਕਿਹਾ ਕਿ ਬਹਿਬਲ ਮੋਰਚੇ ਦੇ ਦੋ ਸਾਲ ਦੇ ਸਮੇਂ ਦੌਰਾਨ ਸੱਤਾਧਾਰੀ ਧਿਰ ਨੇ ਵਾਰ-ਵਾਰ ਵਾਅਦੇ ਕੀਤੇ ਪਰ ਕੋਈ ਵੀ ਸਰਕਾਰ ਉਹਨਾਂ ਨੂੰ ਇਨਸਾਫ ਦਿਵਾਉਣ ਵਿੱਚ ਸਫਲ ਨਹੀਂ ਹੋ ਸਕੀ।ਬਲਕਿ ਲਗਪਗ ਸਾਰੀਆਂ ਸਿਆਸੀ ਧਿਰਾਂ ਨੇ ਉਕਤ ਸੰਵੇਦਨਸ਼ੀਲ ਮਾਮਲੇ ’ਤੇ ਵੀ ਰਾਜਨੀਤੀ ਕਰਨ ਤੋਂ ਗੁਰੇਜ਼ ਨਾ ਕੀਤਾ। ਜਦਕਿ ਅਜੇ ਤੱਕ ਬਹਿਬਲ ਗੋਲੀਕਾਂਡ ਦਾ ਚਲਾਨ ਤੱਕ ਪੇਸ਼ ਨਹੀਂ ਕੀਤਾ ਗਿਆ। ਉਹਨਾਂ ਦੱਸਿਆ ਕਿ 22 ਦਸੰਬਰ ਨੂੰ ਅਦਾਲਤ ਵਿੱਚ ਕੋਟਕਪੂਰਾ ਅਤੇ ਬਹਿਬਲ ਗੋਲੀਕਾਂਡ ਦੇ ਕੇਸਾਂ ਦੀ ਸੁਣਵਾਈ ਹੈ, ਜੇਕਰ ਉਸ ਦਿਨ ਅਦਾਲਤ ਵਿੱਚ ਚਲਾਨ ਪੇਸ਼ ਨਹੀਂ ਕੀਤਾ ਜਾਂਦਾ ਤਾਂ ਉਹ ਮਰਨ ਵਰਤ ਸ਼ੁਰੂ ਕਰ ਦੇਵੇਗਾ, ਜੋ ਚਲਾਨ ਪੇਸ਼ ਕਰਨ ਤੱਕ ਜਾਰੀ ਰਹੇਗਾ।