ਗੁਰਦਾਸਪੁਰ, 25 ਦਸੰਬਰ (ਰਾਜੇਸ਼ ਜੈਨ) – ਚੰਗੇ ਭਵਿੱਖ ਦੀ ਖਤਿਰ ਪੰਜਾਬੀ ਨੌਜਵਾਨ ਵਿਦੇਸ਼ਾਂ ਦਾ ਰੁਖ ਕਰ ਰਹੇ ਹਨ ਪਰ ਓਥੇ ਕਿਸੇ ਅਣਹੋਣੀ ਘਟਨਾ ਕਾਰਨ ਓਹਨਾਂ ਨੂੰ ਮੌਤ ਆਪਣੀ ਅਗੋਸ਼ ਵਿਚ ਲੈ ਲੈਕੇ ਪਿੱਛੇ ਬੁੱਢੇ ਮਾਂ ਬਾਪ ਦਾ ਲੱਕ ਹੀ ਤੋੜ ਦਿੰਦੀ ਹੈ। ਐਸੀ ਹੀ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ ਬਟਾਲਾ ਦੇ ਪਿੰਡ ਤਲਵੰਡੀ ਭਰਥ ਤੋਂ ਜਿਥੋਂ ਦਾ ਰਹਿਣ ਵਾਲੇ 35 ਸਾਲਾਂ ਨੌਜਵਾਨ ਤਲਵਿੰਦਰ ਸਿੰਘ ਜੋ ਕਿ 2009 ਵਿੱਚ ਇੰਗਲੈਂਡ ਗਿਆ ਸੀ ਅਤੇ ਉਥੇ ਉਸਦੀ ਹਾਰਟ ਅਟੈਕ ਨਾਲ ਮੌਤ ਹੋ ਗਈ।14 ਸਾਲ ਹੋ ਗਏ ਇੰਗਲੈਂਡ ਗਏ ਤਦ ਤੋਂ ਇਕ ਵਾਰ ਵੀ ਪਿੰਡ ਨਹੀਂ ਆਇਆ ਸੀ । ਉਸਦੇ ਪਿਤਾ ਬਿਜਲੀ ਵਿਭਾਗ ਵਿੱਚ ਨੌਕਰੀ ਕਰਦੇ ਸਨ ਅਤੇ ਉਨ੍ਹਾਂ ਨੇ ਸਾਰੀ ਜਮਾਂ ਪੂੰਜੀ ਖਰਚ ਕਰ ਦਿੱਤੀ ਬੇਟੇ ਨੂੰ ਵਿਦੇਸ਼ ਭੇਜਣ ਲਈ ।16 ਲੱਖ ਲਗਾ ਕੇ ਪੁੱਤਰ ਨੂੰ ਵਿਦੇਸ਼ ਭੇਜਿਆ ਸੀ ਤਾਂ ਜੋ ਘਰ ਦੇ ਹਾਲਾਤ ਸੁਧਾਰ ਸਕੇ ਪਰ 14 ਸਾਲ ਬਾਅਦ ਆਪ ਤਾਂ ਨਹੀਂ ਆ ਸਕਿਆ ਪਰ ਉਸਦੀ ਮੌਤ ਦਾ ਸੁਨੇਹਾ ਜਰੂਰ ਆ ਗਿਆ।ਹੁਣ ਰੋਂਦੇ ਕੁਰਲਾਉਂਦੇ ਪਰਿਵਾਰ ਦੀ ਗੁਹਾਰ ਹੈ ਕਿ ਉਹਨਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਭਾਰਤ ਲਿਆਂਦੀ ਜਾਵੇ ਤਾਂਕਿ ਉਸਦਾ ਚਿਹਰਾ ਆਖਰੀ ਵਾਰ ਵੇਖ ਸਕਣ ਅਤੇ ਉਸਦਾ ਅੰਤਿਮ ਸੰਸਕਾਰ ਆਪਣੇ ਰੀਤੀ ਰਿਵਾਜਾਂ ਨਾਲ ਕਰ ਸਕਣ।