ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਵਿੱਚ ਇੱਕ ਫੈਕਟਰੀ ਵਿੱਚ ਧਮਾਕਾ ਹੋਇਆ ਹੈ। ਇਸ ਧਮਾਕੇ ‘ਚ 7 ਲੋਕਾਂ ਦੀ ਮੌਤ ਹੋ ਗਈ ਅਤੇ 13 ਲੋਕ ਝੁਲਸ ਗਏ। ਧਮਾਕੇ ਤੋਂ ਬਾਅਦ ਰਾਹਤ ਅਤੇ ਬਚਾਅ ਕੰਮ ਚਲਾਇਆ ਗਿਆ ਅਤੇ ਜ਼ਖਮੀਆਂ ਨੂੰ ਬਾਹਰ ਕੱਢਿਆ ਗਿਆ। ਧਮਾਕੇ ਤੋਂ ਬਾਅਦ 7 ਔਰਤਾਂ ਜ਼ਿੰਦਾ ਸੜ ਗਈਆਂ ਹਨ। ਇਨ੍ਹਾਂ ਵਿਚ ਇਕ ਲੜਕੀ ਵੀ ਹੈ। 13 ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। 10 ਜ਼ਖਮੀਆਂ ਦੀ ਹਾਲਤ ਨਾਜ਼ੁਕ ਹੈ, ਜਦਕਿ ਦੋ ਮਾਮੂਲੀ ਝੁਲਸ ਗਏ ਹਨ।ਐੱਸਪੀ ਊਨਾ ਅਰਿਜੀਤ ਸੇਨ ਨੇ 6 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪੂਰੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਫਿਲਹਾਲ ਮੌਕੇ ਤੋਂ ਪਟਾਕੇ ਬਣਾਉਣ ਦਾ ਸਾਮਾਨ ਜ਼ਬਤ ਕਰ ਲਿਆ ਗਿਆ ਹੈ।ਜਾਣਕਾਰੀ ਮੁਤਾਬਕ ਇਹ ਧਮਾਕਾ ਊਨਾ ਦੇ ਹਰੋਲੀ ਦੇ ਟਾਹਲੀਵਾਲ ਦੇ ਬਥਰੀ ਇੰਡਸਟਰੀਅਲ ਏਰੀਆ ‘ਚ ਪਟਾਕਾ ਫੈਕਟਰੀ ‘ਚ ਹੋਇਆ। ਹਾਦਸੇ ਤੋਂ ਬਾਅਦ ਮੌਕੇ ‘ਤੇ ਅੱਗ ਲੱਗ ਗਈ ਅਤੇ ਮਜ਼ਦੂਰ ਔਰਤਾਂ ਜ਼ਿੰਦਾ ਸੜ ਗਈਆਂ। ਫਿਲਹਾਲ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ। ਜ਼ਖਮੀਆਂ ਨੂੰ ਊਨਾ ਹਸਪਤਾਲ ਲਿਆਂਦਾ ਗਿਆ ਹੈ। ਧਮਾਕੇ ਤੋਂ ਬਾਅਦ ਮੌਕੇ ‘ਤੇ 6 ਲਾਸ਼ਾਂ ਡਿੱਗੀਆਂ, ਜੋ ਸਾਰੀਆਂ ਔਰਤਾਂ ਦੀਆਂ ਹਨ। ਮਰਨ ਵਾਲਿਆਂ ਵਿੱਚ ਇੱਕ ਤਿੰਨ ਸਾਲ ਦੀ ਬੱਚੀ ਵੀ ਸ਼ਾਮਲ ਹੈ ਅਤੇ ਧਮਾਕੇ ਸਮੇਂ ਉਹ ਆਪਣੀ ਮਾਂ ਦੇ ਨਾਲ ਸੀ। ਸ਼ੁਰੂਆਤੀ ਜਾਣਕਾਰੀ ਵਿੱਚ ਮ੍ਰਿਤਕ ਔਰਤਾਂ ਯੂਪੀ ਦੀਆਂ ਦੱਸੀਆਂ ਜਾ ਰਹੀਆਂ ਹਨ। ਹਾਲਾਂਕਿ ਪ੍ਰਸ਼ਾਸਨ ਵੱਲੋਂ ਅਜੇ ਤੱਕ ਮ੍ਰਿਤਕਾਂ ਦੀ ਪਛਾਣ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ।ਜ਼ਖਮੀਆਂ ਨੂੰ ਆਪਣੀ ਕਾਰ ਵਿਚ ਊਨਾ ਹਸਪਤਾਲ ਲੈ ਕੇ ਆਏ ਇਕ ਵਿਅਕਤੀ ਨੇ ਦੱਸਿਆ ਕਿ ਉਹ ਆਪਣੀ ਕਾਰ ਵਿਚ 7 ਜ਼ਖਮੀਆਂ ਨੂੰ ਹਸਪਤਾਲ ਲੈ ਕੇ ਆਇਆ ਹੈ। ਇਸ ਦੌਰਾਨ ਇੱਕ ਜ਼ਖਮੀ ਔਰਤ ਨੇ ਦੱਸਿਆ ਕਿ ਜਿੱਥੇ ਧਮਾਕਾ ਹੋਇਆ ਉੱਥੇ ਕਰੀਬ 30 ਤੋਂ 35 ਲੋਕ ਕੰਮ ਕਰ ਰਹੇ ਸਨ। ਫਿਲਹਾਲ ਊਨਾ ਦੇ ਡੀਸੀ ਅਤੇ ਐੱਸਪੀ ਅਰਿਜੀਤ ਸੇਨ ਮੌਕੇ ‘ਤੇ ਪਹੁੰਚ ਗਏ ਹਨ। ਫੈਕਟਰੀ ਦੇ ਬਾਹਰ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋ ਗਏ।