Home crime ਡੀ ਪੀ ਐਮ ਵਿਨੇਸ਼ ਨਾਗਪਾਲ ਦੀ ਮੌਤ ਲਈ ਜਿੰਮੇਵਾਰ ਸਿਵਲ ਸਰਜਨ ਅਤੇ...

ਡੀ ਪੀ ਐਮ ਵਿਨੇਸ਼ ਨਾਗਪਾਲ ਦੀ ਮੌਤ ਲਈ ਜਿੰਮੇਵਾਰ ਸਿਵਲ ਸਰਜਨ ਅਤੇ ਅਕਾਊਂਟ ਅਫਸਰ ਮੋਗਾ ਨੂੰ ਬਰਖਾਸਤ ਕਰਵਾਉਣ ਲਈ ਸੰਘਰਸ਼ ਸ਼ੁਰੂ

59
0

ਦਫਤਰ ਸਿਵਲ ਸਰਜਨ ਅਤੇ ਸਿਵਲ ਹਸਪਤਾਲ ਮੋਗਾ ਦੇ ਸਮੂਹ ਕਰਮਚਾਰੀ ਅਣਮਿੱਥੇ ਸਮੇਂ ਲਈ ਹੜਤਾਲ ਤੇ ਗਏ

ਮੋਗਾ 10 ਅਕਤੂਬਰ ( ਕੁਲਵਿੰਦਰ ਸਿੰਘ  ) : ਦਫਤਰ ਸਿਵਲ ਸਰਜਨ ਮੋਗਾ ਵਿੱਚ ਤਾਇਨਾਤ ਜਿਲ੍ਹਾ ਪ੍ਰੋਗਰਾਮ ਮੈਨੇਜਰ (ਡੀ ਪੀ ਐਮ) ਸ਼੍ਰੀ ਵਿਨੇਸ਼ ਨਾਗਪਾਲ, ਜੋ ਕਿ ਸ਼ੁੱਕਰਵਾਰ ਸ਼ਾਮ ਲਗਭਗ 6 ਵਜੇ ਸਮਾਲਸਰ ਕੋਲ ਡ੍ਰਾਈਵਿੰਗ ਦੌਰਾਨ ਅਟੈਕ ਹੋਣ ਕਾਰਨ ਸੜਕ ਹਾਦਸੇ ਵਿੱਚ ਮੌਤ ਦਾ ਸ਼ਿਕਾਰ ਹੋ ਗਏ ਸਨ, ਨੂੰ ਇਨਸਾਫ ਦਿਵਾਉਣ ਲਈ ਅੱਜ ਦਫਤਰ ਸਿਵਲ ਸਰਜਨ ਮੋਗਾ ਅਤੇ ਦਫਤਰ ਸਿਵਲ ਹਸਪਤਾਲ ਮੋਗਾ ਦੇ ਸਮੂਹ ਕਰਮਚਾਰੀ ਅਣਮਿੱਥੇ ਸਮੇਂ ਲਈ ਹੜਤਾਲ ਤੇ ਚਲੇ ਗਏ। ਤਾਲਮੇਲ ਕਮੇਟੀ ਪੈਰਾਮੈਡੀਕਲ ਅਤੇ ਸਿਹਤ ਕਰਮਚਾਰੀ ਪੰਜਾਬ ਵੱਲੋਂ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ, ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ, ਮਿਸ਼ਨ ਡਾਇਰੈਕਟਰ ਐਨ ਐਚ ਐਮ ਪੰਜਾਬ ਅਤੇ ਡਿਪਟੀ ਕਮਿਸ਼ਨਰ ਮੋਗਾ ਨੂੰ ਪੱਤਰ ਜਾਰੀ ਕਰਕੇ ਤੁਰੰਤ ਸਿਵਲ ਸਰਜਨ ਮੋਗਾ ਅਤੇ ਅਕਾਊਂਟ ਅਫਸਰ ਐਨ ਐਚ ਐਮ ਮੋਗਾ ਨੂੰ ਤੁਰੰਤ ਨੌਕਰੀ ਤੋਂ ਬਰਖਾਸਤ ਕਰਕੇ ਉਨ੍ਹਾਂ ਖਿਲਾਫ ਵਿਭਾਗੀ ਇਨਕੁਆਰੀ ਸ਼ੁਰੂ ਕਰਨ ਦੀ ਮੰਗ ਕੀਤੀ। ਸਮੂਹ ਕਰਮਚਾਰੀਆਂ ਨੇ ਇਕੱਠੇ ਹੋ ਕੇ ਪਹਿਲਾਂ ਸ਼ੋਕ ਸਭਾ ਕੀਤੀ ਅਤੇ ਵਿਨੇਸ਼ ਨਾਗਪਾਲ ਨੂੰ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਆਪਣੇ ਸੰਬੋਧਨ ਦੌਰਾਨ ਤਾਲਮੇਲ ਕਮੇਟੀ ਪੈਰਾਮੈਡੀਕਲ ਦੇ ਜਿਲ੍ਹਾ ਕਨਵੀਨਰ ਕੁਲਬੀਰ ਸਿੰਘ ਢਿੱਲੋਂ, ਫਾਰਮੇਸੀ ਅਫਸਰ ਯੂਨੀਅਨ ਦੇ ਆਗੂ ਜੋਗਿੰਦਰ ਸਿੰਘ ਮਾਹਲਾ ਅਤੇ ਰਾਜ ਕੁਮਾਰ ਢੁੱਡੀਕੇ, ਐਨ ਐਚ ਐਮ ਯੂਨੀਅਨ ਦੇ ਪ੍ਰਧਾਨ ਡਾ ਸਿਮਰਪਾਲ ਸਿੰਘ, ਮੈਡੀਕਲ ਲੈਬ ਟੈਕਨੀਸ਼ੀਅਨ ਯੂਨੀਅਨ ਦੇ ਆਗੂ ਪਰਮਿੰਦਰ ਸਿੰਘ ਸੱਭਰਵਾਲ, ਪੀ ਸੀ ਐਮ ਐਸ ਆਗੂ ਡਾ ਗਗਨਦੀਪ ਸਿੰਘ, ਮਨਿਸਟਰੀਅਲ ਸਟਾਫ ਯੂਨੀਅਨ ਆਗੂ ਵਿਸ਼ਾਲ ਕੁਮਾਰ ਅਤੇ ਮਲਟੀਪਰਪਜ ਯੂਨੀਅਨ ਦੇ ਆਗੂ ਮਹਿੰਦਰ ਪਾਲ ਲੂੰਬਾ ਨੇ ਦੱਸਿਆ ਕਿ ਵਿਨੇਸ਼ ਨਾਗਪਾਲ ਪਿਛਲੇ ਤਿੰਨ ਮਹੀਨੇ ਤੋਂ ਤਨਖਾਹ ਨਾ ਮਿਲਣ ਕਾਰਨ ਪ੍ਰੇਸ਼ਾਨ ਸੀ ਤੇ ਮੌਤ ਤੋਂ ਇੱਕ ਘੰਟਾ ਪਹਿਲਾਂ ਉਸਨੇ ਸਿਵਲ ਸਰਜਨ ਮੋਗਾ ਨੂੰ ਆਪਣੇ ਅਤੇ ਸਾਥੀ ਕਰਮਚਾਰੀਆਂ ਨਾਲ ਹੋ ਰਹੀਆਂ ਵਧੀਕੀਆਂ ਸਬੰਧੀ ਸ਼ਿਕਾਇਤ ਕੀਤੀ ਸੀ ਅਤੇ ਸਾਰੇ ਸਟਾਫ ਦੇ ਸਾਹਮਣੇ ਰੋ ਰੋ ਕੇ ਉਸਨੇ ਆਪਣੇ ਦੁਖੜੇ ਸੁਣਾਏ ਸਨ ਪਰ ਅਕਾਊਂਟ ਅਫਸਰ ਅਤੇ ਸਿਵਲ ਸਰਜਨ ਮੋਗਾ ਉਨ੍ਹਾਂ ਦੇ ਕੇਸ ਨੂੰ ਜਾਣਬੁੱਝ ਕੇ ਉਲਝਾ ਰਹੇ ਸਨ ਤੇ ਸਟੇਟ ਦਫਤਰ ਨੂੰ ਸਹੀ ਜਾਣਕਾਰੀ ਨਹੀਂ ਭੇਜ ਰਹੇ ਸਨ, ਜਿਸ ਕਾਰਨ ਉਹ ਮਾਨਸਿਕ ਤੌਰ ਤੇ ਬਹੁਤ ਜਿਆਦਾ ਪ੍ਰੇਸ਼ਾਨ ਸੀ ਤੇ ਐਕਸੀਡੈਂਟ ਦੇ ਹਾਲਾਤ ਦੱਸਦੇ ਹਨ ਕਿ ਐਕਸੀਡੈਂਟ ਤੋਂ ਪਹਿਲਾਂ ਉਸ ਨੂੰ ਅਟੈਕ ਆਇਆ ਸੀ ਜਿਸ ਕਾਰਨ ਉਸ ਦੀ ਗੱਡੀ ਬੇਕਾਬੂ ਹੋ ਕੇ ਸੜਕ ਦੇ ਦੂਸਰੇ ਪਾਸੇ ਜਾ ਰਹੇ ਵ੍ਹੀਕਲ ਵਿੱਚ ਜਾ ਵੱਜੀ। ਉਕਤ ਆਗੂਆਂ ਨੇ ਕਿਹਾ ਕਿ ਇਹ ਕੁਦਰਤੀ ਮੌਤ ਨਹੀਂ, ਬਲਕਿ ਸੋਚ ਸਮਝ ਕੇ ਕੀਤਾ ਗਿਆ ਕਤਲ ਹੈ। ਉਨ੍ਹਾਂ ਦੱਸਿਆ ਕਿ ਸਿਵਲ ਸਰਜਨ ਮੋਗਾ ਆਪਣੇ ਅਧੀਨ ਕਰਮਚਾਰੀਆਂ ਨਾਲ ਗਾਲੀ ਗਲੋਚ ਵਾਲੀ ਭਾਸ਼ਾ ਵਰਤਦੇ ਹਨ, ਜਿਸ ਕਾਰਨ ਦਫਤਰ ਵਿੱਚ ਸਹਿਮ ਅਤੇ ਡਰ ਦਾ ਮਾਹੌਲ ਹੈ ਤੇ ਕਰਮਚਾਰੀਆਂ ਸਮੇਤ ਆਮ ਲੋਕਾਂ ਦੇ ਪੈਂਡਿੰਗ ਕੰਮਾਂ ਦੀਆਂ ਫਾਈਲਾਂ ਦੇ ਢੇਰ ਲੱਗੇ ਹੋਏ ਹਨ। ਆਊਟ ਸੋਰਸ ਕਰਮਚਾਰੀ ਪੰਜ ਮਹੀਨੇ ਤੋਂ ਤਨਖਾਹ ਤੋਂ ਵਾਂਝੇ ਹਨ ਜਦਕਿ ਐਨ ਐਚ ਐਮ ਕਾਮਿਆਂ ਦੀ ਪਿਛਲੇ ਮਹੀਨੇ ਦੀ ਤਨਖਾਹ ਦੇਣ ਦੀ ਹਾਲੇ ਕੋਈ ਤਿਆਰੀ ਨਹੀਂ ਹੈ। ਉਨ੍ਹਾਂ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਤੋਂ ਤੁਰੰਤ ਸਿਵਲ ਸਰਜਨ ਮੋਗਾ ਅਤੇ ਅਕਾਊਂਟ ਅਫਸਰ ਨੂੰ ਨੌਕਰੀ ਤੋਂ ਬਰਖਾਸਤ ਕਰਨ, ਉਨ੍ਹਾਂ ਖਿਲਾਫ ਕਤਲ ਦਾ ਮਾਮਲਾ ਦਰਜ ਕਰਨ ਅਤੇ ਦਫਤਰ ਵਿਚ ਫੈਲੀ ਕੁਰੱਪਸ਼ਨ ਅਤੇ ਬਦ ਇੰਤਜਾਮੀ ਦੀ ਵਿਭਾਗੀ ਜਾਂਚ ਕਰਵਾਉਣ ਦੀ ਮੰਗ ਕੀਤੀ। ਇਸ ਮੌਕੇ ਜੱਥੇਬੰਦੀ ਨੇ ਐਲਾਨ ਕੀਤਾ ਕਿ ਉਹ ਇਨਸਾਫ ਦੀ ਇਸ ਲੜਾਈ ਵਿੱਚ ਪਰਿਵਾਰ ਦਾ ਹਰ ਕਦਮ ਤੇ ਸਾਥ ਦੇਵੇਗੀ ਅਤੇ ਇਨਸਾਫ ਮਿਲਣ ਤੱਕ ਦਫਤਰ ਦੇ ਕਰਮਚਾਰੀ ਹੜਤਾਲ ਤੇ ਰਹਿਣਗੇ। ਸਮੂਹ ਕਰਮਚਾਰੀਆਂ ਨੇ ਕੱਲ ਮੰਗਲਵਾਰ ਨੂੰ ਮੁਕਤਸਰ ਸਾਹਿਬ ਵਿਖੇ ਵਿਨੇਸ਼ ਨਾਗਪਾਲ ਜੀ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਦਾ ਵੀ ਫੈਸਲਾ ਕੀਤਾ। ਇਸ ਮੌਕੇ ਉਕਤ ਤੋਂ ਇਲਾਵਾ ਪ੍ਰਵੀਨ ਸ਼ਰਮਾ, ਸ਼ਾਲੂ, ਸੁਮਿਤ ਬਜਾਜ, ਸੁਖਬੀਰ ਸਿੰਘ, ਬਲਜਿੰਦਰ ਸਿੰਘ, ਡਾ ਨਰੇਸ਼ ਆਮਲਾ, ਸਾਜਨ ਸੁਨੇਜਾ, ਬਲਜੀਤ ਸਿੰਘ, ਹੀਰਾ ਲਾਲ, ਚਿਰਾਗ ਧਮੀਜਾ, ਚਰਨਜੀਤ ਸਿੰਘ, ਅਮ੍ਰਿਤ ਸ਼ਰਮਾ, ਸ਼ੁਭਮ ਬਜਾਜ, ਛਤਰਪਾਲ ਸਿੰਘ, ਸੁਖਦੀਪ ਸਿੰਘ, ਪ੍ਰਗਟ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਰਮਚਾਰੀ ਹਾਜ਼ਰ ਸਨ।

LEAVE A REPLY

Please enter your comment!
Please enter your name here