Home ਸਭਿਆਚਾਰ ਧੀਆਂ ਦੀ ਲੋਹੜੀ ਮਨਾਉਣਾ ਸਮਾਜਿਕ ਤਾਣੇ ਬਾਣੇ ਨੂੰ ਥਾਂ ਸਿਰ ਕਰਨ ਦਾ...

ਧੀਆਂ ਦੀ ਲੋਹੜੀ ਮਨਾਉਣਾ ਸਮਾਜਿਕ ਤਾਣੇ ਬਾਣੇ ਨੂੰ ਥਾਂ ਸਿਰ ਕਰਨ ਦਾ ਸੁਚੇਤ ਉੱਦਮ ਸ਼ਲਾਘਾ ਯੋਗ— ਪ੍ਰੋ. ਗਿੱਲ

36
0

ਲੁਧਿਆਣਾ, 1 ਜਨਵਰੀ ( ਵਿਕਾਸ ਮਠਾੜੂ)-ਧੀਆਂ ਦੀ ਲੋਹੜੀ ਮਨਾਉਣਾ ਸਮਾਜਿਕ ਤਾਣੇ ਬਾਣੇ ਨੂੰ ਥਾਂ ਸਿਰ ਕਰਨ ਦਾ ਸੁਚੇਤ ਉੱਦਮ ਸ਼ਲਾਘਾ ਯੋਗ ਹੈ ਅਤੇ ਇਸ ਨੂੰ ਜਿੰਨਾ ਵੀ ਸਹਿਯੋਗ ਦਿੱਤਾ ਜਾਵੇ ਥੋੜਾ ਹੈ। ਇਹ ਸ਼ਬਦ ਉੱਘੇ ਪੰਜਾਬੀ ਲੇਖਕ ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ ਗੁਰਭਜਨ ਸਿੰਘ ਗਿੱਲ ਨੇ ਮਾਲਵਾ ਸੱਭਿਆਚਾਰ ਮੰਚ (ਰਜਿਃ) ਵੱਲੋਂ 11ਜਨਵਰੀ ਨੂੰ ਗੁਰੂ ਨਾਨਕ ਭਵਨ ਵਿੱਚ ਕਰਵਾਏ ਜਾ ਰਹੇ ਧੀਆਂ ਦੇ 30ਵੇਂ ਲੋਹੜੀ ਮੇਲੇ ਦਾ ਸੱਦਾਪੱਤਰ ਦੇਣ ਆਏ ਮਾਲਵਾ ਸੱਭਿਆਚਾਰ ਮੰਚ ਦੇ ਚੇਅਰਮੈ ਕ੍ਰਿਸ਼ਨ ਕੁਮਾਰ ਬਾਵਾ , ਪ੍ਰਧਾਨ ਰਾਜੀਵ ਕੁਮਾਰ ਲਵਲੀ ਤੇ ਹੋਰ ਅਹੁਦੇਦਾਰਾਂ ਨੂੰ ਕਹੇ।ਉਨ੍ਹਾਂ ਕਿਹਾ ਕਿ ਮੈਨੂੰ ਮਾਣ ਹੈ ਕਿ ਮੈਂ ਇਸ ਸ਼ੁਭ ਕਾਰਜ ਨਾਲ ਪਿਛਲੇ ਤੀਹ ਸਾਲਾਂ ਤੋਂ ਲਗਾਤਾਰ ਜੁੜਿਆ ਹੋਇਆ ਹਾਂ ਤੇ ਜਗਦੇਵ ਸਿੰਘ ਜੱਸੋਵਾਲ ਦੀ ਪ੍ਰੇਰਨਾ ਨਾਲ ਹੀ ਇਹ ਮੇਲਾ ਬਾਵਾ ਤੇ ਸਾਥੀਆਂ ਨੇ ਪਹਿਲਾਂ ਮੁੱਲਾਂਪੁਰ(ਲੁਧਿਆਣਾ) ਤੇ ਹੁਣ ਲੰਮੇ ਸਮੇਂ ਤੋਂ ਲੁਧਿਆਣਾ ਵਿੱਚ ਕਰਵਾਉਣਾ ਜਾਰੀ ਰੱਖਿਆ ਹੈ। ਉਨ੍ਹਾਂ ਕਿਹਾ ਕਿ ਵਿਸ਼ਵ ਪੰਜਾਬੀ ਸਭਾ ਟੋਰੰਟੋ ਦੇ ਸਰਪ੍ਰਤ ਹੋਣ ਨਾਤੇ ਮੈਂ ਇਸ ਸੰਸਥਾ ਦੇ ਚੇਅਰਮੈਨ ਡਾਃ ਦਲਬੀਰ ਸਿੰਘ ਕਥੂਰੀਆ ਨੂੰ ਪ੍ਰੇਰਨਾ ਦੇ ਕੇ ਦਲ ਨਵ ਜੰਮੀਆਂ ਬੱਚੀਆਂ ਨੂੰ ਇਕਵੰਜਾ ਇਕਵੰਜਾ ਸੌ ਰੁਪਏ ਸ਼ਗਨ ਰੂਪ ਆਪਣੇ ਹੱਥੀਂ ਦੇਣ ਲਈ ਬੁਲਾਇਆ ਹੈ। ਉਹ ਉਚੇਚੇ ਤੌਰ ਤੇ ਇਸ ਮੇਲੇ ਵਿੱਚ ਸ਼ਾਮਿਲ ਹੋਣਗੇ।
ਪ੍ਰੋ ਗਿੱਲ ਨੇ ਕਿਹਾ ਕਿ ਮਾਲਵਾ ਸੱਭਿਆਚਾਰ ਮੰਚ ਨੂੰ ਭਰੂਣ ਹੱਤਿਆ ਬਾਰੇ ਲੋਕ ਚੇਤਨਾ ਲਹਿਰ ਉਸਾਰਨ ਲਈ ਸਾਹਿੱਤਕ ਸੱਭਿਆਚਾਰਕ ਸੰਸਥਾਵਾਂ ਦੇ ਪ੍ਰਤੀਨਿਧਾਂ ਨਾਲ ਸੰਪਰਕ ਕਰਨਾ ਚੰਗਾ ਸ਼ਗਨ ਹੈ।ਇਸ ਸਮਾਗਮ ਦਾ ਸੱਦਾ ਪੱਤਰ ਦੇਣ ਆਏ ਮਾਲਵਾ ਸੱਭਿਆਚਾਰ ਮੰਚ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਨੇ ਕਿਹਾ ਕਿ ਸਾਹਿੱਤਕ ਤੇ ਸੱਭਿਆਚਾਰਕ ਹਸਤੀਆਂ ਦੇ ਸਹਿਯੋਗ ਸਦਕਾ ਹੀ ਇਹ ਕਾਫ਼ਲਾ। ਤੀਹਵੇਂ ਸਾਲ ਵਿੱਚ ਪ੍ਰਵੇਸ਼ ਕਰ ਸਕਿਆ ਹੈ। ਉਨ੍ਹਾਂ ਕਿਹਾ ਕਿ 11 ਜਨਵਰੀ ਨੂੰ ਗੁਰੂ ਨਾਨਕ ਭਵਨ ਲੁਧਿਆਣਾ ਵਿਖੇ ਹੋਣ ਵਾਲੇ ਧੀਆਂ ਦੇ ਲੋਹੜੀ ਮੇਲੇ ਵਿੱਚ ਕਮਜ਼ੋਰ ਆਰਥਿਕਤਾ ਵਾਲੇ ਘਰਾਂ ਦੀਆਂ 101ਨਵ ਜਨਮੀਆ ਬੇਟੀਆਂ ਨੂੰ ਸ਼ਗਨ ਪਾ ਕੇ ਸਨਮਾਨਿਤ ਕੀਤਾ ਜਾਵੇਗਾ। ਸੱਦਾ ਪੱਤਰ ਵਿੱਚ ਗਾਗਰ ਅੰਦਰ ਭੁੱਗਾ ਪਿੰਨੀਆਂ, ਦੋਆਬੇ ਦਾ ਗੁੜ, ਰਾਜਿਸਥਾਨੀ ਮੂੰਗਫ਼ਲੀ ਤੇ ਰਾਏਕੋਟ ਦੇ ਰਵਾਇਤੀ ਰਿਓੜ ਵੀ ਪ੍ਰੋਃ ਗੁਰਭਜਨ ਸਿੰਘ ਗਿੱਲ ਨੂੰ ਭੇਟ ਕੀਤੇ ਗਏ। ਸਭ ਹਾਜ਼ਰ ਦੇਸਤਾਂ ਵੱਲੋਂ ਨਵੇਂ ਸਾਲ ਲਈ ਸਰਬੱਤ ਵਾਸਤੇ ਸ਼ੁਭਕਾਮਨਾਵਾਂ ਵੀ ਮੰਗੀਆਂ ਗਈਆਂ।

LEAVE A REPLY

Please enter your comment!
Please enter your name here