ਕੈਨੇਡਾ, 7 ਸਤੰਬਰ ( ਬਿਊਰੋ)-ਕੈਨੇਡਾ ਦੇ ਸ਼ਹਿਰ ਨੌਰਥ ਬੇਅ ਦੇ ਕੈਨਾਡੋਰ ਕਾਲਜ ਦੇ ਵਿਦਿਆਰਥੀ ਪੱਕੀ ਅਤੇ ਸਸਤੀ ਰਿਹਾਇਸ਼ ਦੀ ਮੰਗ ਨੂੰ ਲੈ ਕੇ ਪੱਕੇ ਮੋਰਚੇ ਉੱਤੇ ਬੈਠੇ ਸਨ। ਕੈਨਾਡੋਰ ਕਾਲਜ ਨੇ ਆਪਣੀ ਰਿਹਾਇਸ਼ੀ ਸਮੱਰਥਾ ਤੋਂ ਵੱਧ ਕੇ ਅੰਤਰ-ਰਾਸ਼ਟਰੀ ਵਿਦਿਆਰਥੀਆਂ ਨੂੰ ਦਾਖਲੇ ਦਿੱਤੇ ਹੋਏ ਸਨ। ਇੱਕ ਅੰਦਾਜ਼ੇ ਮੁਤਾਬਕ ਸਤੰਬਰ 2023 ਦੇ ਬੈਚ ਵਿੱਚ ਤਕਰੀਬਨ 3500 ਵਿਦਿਆਰਥੀਆਂ ਨੇ ਕੈਨਾਡੋਰ ਕਾਲਜ ਵਿੱਚ ਦਾਖਲਾ ਲਿਆ। ਨੌਰਥ ਬੇਅ ਕੈਨੇਡਾ ਦਾ ਇੱਕ ਘੱਟ ਵਸੋਂ ਵਾਲਾ ਸ਼ਹਿਰ ਹੈ ਜਿੱਥੇ ਆਮ ਤੌਰ ‘ਤੇ ਰਿਹਾਇਸ਼ੀ ਮਕਾਨਾਂ ਦੀ ਪਹਿਲਾਂ ਹੀ ਕਮੀ ਹੈ। ਪਬਲਿਕ ਪ੍ਰਾਈਵੇਟ ਹਿੱਸੇਦਾਰੀ ( ਪੀ ਪੀ ਪੀ) ਦੀ ਨੀਤੀ ‘ਤੇ ਚਲਦਿਆਂ ਕਾਲਜ ਨੂੰ ਸਰਕਾਰ ਵੱਲੋਂ ਪੂਰੀ ਤਰ੍ਹਾਂ ਰੈਗੂਲੇਟ ਨਹੀ ਕੀਤਾ ਗਿਆ ਸੀ ਜਿਸ ਕਰਕੇ ਵਿਦਿਆਰਥੀਆਂ ਨੂੰ ਕਾਲਜ ਦੇ ਰਹਿਮੋ-ਕਰਮ ‘ਤੇ ਹੀ ਛੱਡ ਦਿੱਤਾ ਗਿਆ। ਵਿਦਿਆਰਥੀਆਂ ਲਗਾਤਾਰ ਕਈ ਹਫ਼ਤਿਆਂ ਤੋ ਰਿਹਾਇਸ਼ ਦੀ ਮੰਗ ਕਰਦੇ ਆ ਰਹੇ ਸਨ ਪਰ ਕਾਲਜ ਨੇ ਸ਼ਾਜਿਸੀ ਚੁੱਪ ਧਾਰੀ ਹੋਈ ਸੀ, ਵਿਦਿਆਰਥੀਆਂ ਦੀਆਂ ਕਲਾਸਾਂ ਸ਼ੁਰੂ ਹੋ ਚੁੱਕੀਆਂ ਸਨ ਤੇ ਮਜਬੂਰਨ ਵਿਦਿਆਰਥੀਆਂ ਨੂੰ ਮੌਂਟਰੀਅਲ ਯੂਥ ਸਟੂਡੈਂਟਸ ਆਰਗੇਨਾਈਜੇਸ਼ਨ ਦੀ ਅਗਵਾਈ ਵਿੱਚ ਪੱਕਾ ਮੋਰਚਾ ਲਾਉਣਾ ਪਿਆ। ਇਸ ਦੌਰਾਨ ਮਾਈਸੋ ਦੇ ਆਗੂ ਖੁਸ਼ਪਾਲ ਗਰੇਵਾਲ ਨੇ ਕਿਹਾ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਕੈਨੇਡਾ ਦੀ ਆਰਥਿਕਤਾ ਵਿੱਚ ਵੱਡਾ ਯੋਗਦਾਨ ਹੈ ਪਰ ਮੁਨਾਫੇ ਦਾ ਸਾਧਨ ਬਣੀਆਂ ਸਿੱਖਿਆ ਨੀਤੀਆਂ ਤਹਿਤ ਸਭ ਤੋਂ ਵੱਧ ਮਾਰ ਵੀ ਅੰਤਰਰਾਸ਼ਟਰੀ ਵਿਦਿਆਰਥੀ ਉੱਪਰ ਪੈ ਰਹੀ ਹੈ। ਚੱਲਦੇ ਸੰਘਰਸ਼ ਦੌਰਾਨ ਕਾਲਜ ਪ੍ਰਬੰਧਕਾਂ ਵੱਲੋਂ ਮਾਈਸੋ ਦੇ ਆਗੂਆਂ ਨੂੰ ਧਮਕੀਆਂ ਦਿੱਤੀਆਂ ਗਈਆਂ ਅਤੇ ਵਿਦਿਆਰਥੀ ਸੰਘਰਸ਼ ਨੂੰ ਖਿੰਡਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਗਈ। ਪਰ ਵਿਦਿਆਰਥੀਆਂ ਨੇ ਸਹੀ ਦਿਸ਼ਾ ਵਿੱਚ ਸੰਘਰਸ਼ ਕਰਦਿਆਂ ਪ੍ਰਸ਼ਾਸਨ ਦੀਆਂ ਕੋਸ਼ਿਸ਼ਾਂ ਨੂੰ ਨਾਕਾਮਯਾਬ ਕੀਤਾ। ਪੱਕੇ ਮੋਰਚੇ ਦੇ ਚੌਵੀ ਘੰਟੇ ਬੀਤ ਜੀਣ ਬਾਅਦ ਆਖਿਰ ਕਾਲਜ ਪ੍ਰਬੰਧਕਾਂ ਨੂੰ ਵਿਦਿਆਰਥੀਆਂ ਦੀਆਂ ਮੰਗਾਂ ਮੰਨਣ ਲਈ ਮਜਬੂਰ ਹੋਣਾ ਪਿਆ। ਕਾਲਜ ਪ੍ਰਸ਼ਾਸਨ ਨੇ ਵਿਦਿਆਰਥੀਆਂ ਨੂੰ ਭਰੋਸਾ ਦਿਵਾਇਆ ਕਿ ਵਿਦਿਆਰਥੀਆਂ ਲਈ ਸਸਤੇ ਰੇਟਾਂ ‘ਤੇ ਰਿਹਾਇਸ਼ ਦਾ ਪ੍ਰਬੰਧ ਕੀਤਾ ਜਾਵੇਗਾ, ਬਿਨਾ ਕਟੌਤੀ ਦੀ ਪੂਰੀ ਫੀਸ ਵਾਪਿਸ ਮੋੜੀ ਜਾਵੇਗੀ ਅਤੇ ਆਈ ਆਰ ਸੀ ਸੀ ਦੇ ਨਿਯਮਾਂ ਅਨੁਸਾਰ ਵਿਦਿਆਰਥੀਆਂ ਦੀਆਂ ਕਲਾਸਾਂ ਆੱਨਲਾਈਨ ਕਰ ਦਿੱਤੀਆਂ ਜਾਣਗੀਆਂ। ਇਸ ਦੌਰਾਨ ਮਾਈਸੋ ਦੇ ਆਗੂ ਖੁਸ਼ਪਾਲ ਗਰੇਵਾਲ, ਹਰਿੰਦਰ ਮਹਿਰੋਕ, ਮਨਦੀਪ, ਵਰੁਣ ਖੰਨਾ ਅਤੇ ਮਨਪ੍ਰੀਤ ਕੌਰ ਨੇ ਕਿਹਾ ਜੇ ਤਿੰਨ ਦਿਨਾਂ ਵਿੱਚ ਵਿਦਿਆਰਥੀ ਮੰਗਾਂ ਨੂੰ ਲਾਗੂ ਨਹੀ ਕੀਤਾ ਗਿਆ ਤਾਂ ਮੁੜ ਕਾਲਜ ਅੱਗੇ ਪੱਕਾ ਮੋਰਚਾ ਲਗਾਇਆ ਜਾਵੇਗਾ ਅਤੇ ਇਸਦੇ ਨਾਲ ਹੀ ਆਗੂਆਂ ਨੇ ਵਿਦਿਆਰਥੀ ਨੂੰ ਸਮੇਂ ਦੀ ਮੰਗ ਅਨੁਸਾਰ ਜਥੇਬੰਦ ਹੋਣਾ ਚਾਹੀਦਾ। ਇਸ ਸਮੇਂ ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਗੁਰਜੰਟ ਸਿੰਘ ਨੇ ਆਵਦੇ ਵਿਚਾਰ ਸਾਂਝੇ ਕੀਤੇ ਅਤੇ ਖਾਲਸਾ ਏਡ ਦੇ ਪ੍ਰਬੰਧਕਾਂ ਨੇ ਲੰਗਰ ਦੀ ਸੇਵਾ ਨਿਭਾਈ।