ਮੋਗਾ, 9 ਅਕਤੂਬਰ: ( ਕੁਲਵਿੰਦਰ ਸਿੰਘ) –
ਪੰਜਾਬ ਰਾਜ ਦਿਹਾਤੀ ਅਜੀਵਿਕਾ ਮਿਸ਼ਨ ਤਹਿਤ ਮੋਗਾ-1 ਅਤੇ ਮੋਗਾ-2 ਦੇ ਸੈਲਫ਼ ਹੇਲਪ ਗਰੁੱਪਾਂ ਦੀ ਇੱਕ ਮੀਟਿੰਗ ਬੁਲਾਈ ਗਈ। ਇਸ ਮੀਟਿੰਗ ਵਿੱਚ ਗਰੁੱਪਾਂ ਦੀਆਂ ਲੜਕੀਆਂ ਨੂੰ ਪੰਜਾਬ ਰਾਜ ਦਿਹਾਤੀ ਅਜੀਵਿਕਾ ਮਿਸ਼ਨ ਬਾਰੇ ਵਿਸਥਾਰ ਨਾਲ ਦੱਸਿਆ ਅਤੇ ਉਨ੍ਹਾਂ ਨਾਲ ਆਮਦਨੀ ਵਧਾਉਣ ਦੇ ਵਸੀਲਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਸੈਲਫ਼ ਹੈਲਪ ਗਰੁੱਪਾਂ ਦੇ ਮੈਂਬਰਾਂ ਨੂੰ ਸਬਜ਼ੀਆਂ ਦੀ ਪੈਦਾਵਾਰ ਘਰ ਵਿੱਚ ਹੀ ਕਰਨ ਲਈ ਬੀਜ ਕਿੱਟਾਂ ਦੀ ਵੰਡ ਵੀ ਕੀਤੀ ਗਈ।
ਇਸ ਮੌਕੇ ਵਿਧਾਇਕ ਮੋਗਾ ਡਾ. ਅਮਨਦੀਪ ਕੌਰ ਅਰੋੜਾ ਨੇ ਵਿਸ਼ੇਸ਼ ਤੌਰ ਤੇ ਸਿ਼ਰਕਤ ਕੀਤੀ। ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੁਭਾਸ਼ ਚੰਦਰ ਨੇ ਸੈਲਫ਼ ਹੈਲਪ ਗਰੁੱਪਾਂ ਨਾਲ ਵਿਚਾਰ ਵਟਾਂਦਰਾ ਕੀਤਾ ਅਤੇ ਸਕੀਮਾਂ ਬਾਰੇ ਵਿਸਥਾਰ ਸਹਿਤ ਦੱਸਿਆ। ਮੋਗਾ 1 ਅਤੇ 2 ਦੇ 67 ਗਰੁੱਪਾਂ ਨੂੰ 11 ਲੱਖ 40 ਹਜ਼ਾਰ ਰੁਪਏ ਦਾ ਰਿਵਾਲਵਿੰਗ ਫੰਡ ਵੰਡਿਆ ਜਾ ਚੁੱਕਿਆ ਹੈ, ਜਿਸਨੂੰ ਪ੍ਰਾਪਤ ਕਰਕੇ ਸੈਲਫ਼ ਹੈਲਪ ਗਰੁੱਪਾਂ ਦਾ ਪਹਿਲਾਂ ਨਾਲੋਂ ਜਿਆਦਾ ਵਿਸਥਾਰ ਹੋ ਕੇ ਆਮਦਨੀ ਵਿੱਚ ਵਾਧਾ ਵੀ ਹੋਇਆ ਹੈ। ਇਸ ਮੌਕੇ ਨਵੀਆਂ ਬੈਂਕ ਸਖੀਆਂ ਨੂੰ ਬੈਂਕਾਂ ਦੇ ਸਹਿਯੋਗ ਨਾਲ ਕੰਮ ਕਰਨ ਲਈ ਗਰੁੱਪਾਂ ਦੇ ਅਨੁਸਾਰ ਬੈਂਕ ਅਲਾਟ ਕੀਤੇ ਗਏ।
ਆਪਣੇ ਸੰਬੋਧਨ ਵਿੱਚ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਅਜੀਵਿਕਾ ਮਿਸ਼ਨ ਤਹਿਤ ਲੜਕੀਆਂ ਸੈਲਫ਼ ਹੈਲਪ ਗਰੁੱਪਾਂ ਰਾਹੀਂ ਸਰਕਾਰ ਵੱਲੋਂ ਆਰਥਿਕ ਸਹਾਇਤਾ ਲੈ ਕੇ ਆਪਣਾ ਕਿੱਤਾ ਪ੍ਰਫੁੱਲਿਤ ਕਰ ਰਹੀਆਂ ਹਨ ਜਿਹੜੀ ਕਿ ਬੜੀ ਹੀ ਖੁਸ਼ੀ ਦੀ ਗੱਲ ਹੈ। ਇਹ ਸਕੀਮ ਲੋੜਵੰਦ ਲੜਕੀਆਂ ਲਈ ਵਰਦਾਨ ਸਾਬਿਤ ਹੋ ਰਹੀ ਹੈ, ਉਨ੍ਹਾਂ ਸੈਲਫ਼ ਹੈਲਪ ਗਰੁੱਪਾਂ ਦੀਆਂ ਲੜਕੀਆਂ ਨੂੰ ਹੋਰ ਵੀ ਕੜੀ ਮਿਹਨਤ ਨਾਲ ਆਪਣੇ ਗਰੁੱਪਾਂ ਨੂੰ ਮਜ਼ਬੂਤ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਸੈਲਫ਼ ਹੈਲਪ ਗਰੁੱਪਾਂ ਨਾਲ ਵਿਚਾਰਾਂ ਵੀ ਕੀਤੀਆਂ। ਵਿਧਾਇਕ ਮੋਗਾ ਨੇ ਵੱਖ ਵੱਖ ਪਿੰਡਾਂ ਜਿਵੇਂ ਕਿ ਅਜੀਤਵਾਲ, ਢੁੱਡੀਕੇ, ਮਹਿਣਾ, ਕੋਕਰੀ, ਮਟਵਾਣੀ, ਚੋਗਾਵਾਂ, ਰਾਮੂੰਵਾਲਾ ਕਲਾਂ, ਸਿੰਘਾਂਵਾਲਾ, ਕੋਰੇਵਾਲਾ, ਆਦਿ ਤੋਂ ਆਈਆਂ ਕ੍ਰਿਸ਼ੀ ਸਖੀਆਂ, ਬੈਂਕ ਸਖੀਆਂ, ਗਰੁੱਪਾਂ ਦੇ ਮੈਂਬਰਾਂ ਨੂੰ ਸਬਜ਼ੀ ਕਿੱਟਾਂ ਦੀ ਵੰਡ ਵੀ ਕੀਤੀ।
ਆਜੀਵਿਕਾ ਮਿਸ਼ਨ ਦੇ ਜਿ਼ਲ੍ਹਾ ਪੋ੍ਰਗਰਾਮ ਮੈਨੇਜਰ ਸ੍ਰੀ ਬਲਜਿੰਦਰ ਸਿੰਘ ਨੇ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਦੇ ਸਬੰਧੀ ਜਾਣਕਾਰੀ ਦਿੰਦੇ ਹੋਏ ਬੈਂਕਾਂ ਅਤੇ ਸਮੂਦਾਇਕ ਸੰਸਥਾਵਾਂ, ਸੈਲਫ਼ ਹੈਲਪ ਗਰੁੱਪਾਂ, ਗ੍ਰਾਮ ਸੰਗਠਨਾਂ, ਕਲਸਟਰ/ਬਲਾਕ ਫੈਡਰੇਸ਼ਨ ਆਪਸੀ ਤਾਲਮੇਲ, ਸੀ.ਬੀ.ਆਰ.ਐਮ., ਕਮੇਟੀ ਦੀ ਬਣਤਰ ਅਤੇ ਇਸ ਵਿੱਚ ਕੇਡਰ ਬੈਂਕ ਸਖੀ, ਰਿਸੋਰਸ ਪਰਸਨ ਆਦਿ ਦੀ ਭੂਮਿਕਾ ਬਾਰੇ ਜਾਣਕਾਰੀ ਦਿੱਤੀ ਕਿ ਕਿਵੇਂ ਸਮਾਜਿਕ ਲਾਮਬੰਦੀ, ਸਮੂਹ ਨਿਰਮਾਣ, ਪਿੰਡ ਅਤੇ ਬਲਾਕ ਪੱਧਰੀ ਸੰਗਠਨ ਬਣਾਉਂਦੇ ਹੋਏ ਬੈਂਕ ਲਿੰਕਸ ਦੇ ਨਾਲ ਗਰੀਬੀ ਹਟਾਉਣ ਦਾ ਟੀਚਾ ਪ੍ਰਾਪਤ ਕਰਦੇ ਹੋਏ ਮਹਿਲਾ ਸਸ਼ਕਤੀਕਰਨ ਦੇ ਲਈ ਸਫ਼ਲਤਾਪੂਰਵਕ ਕੰਮ ਕੀਤਾ ਜਾ ਸਕਦਾ ਹੈ।
ਇਸ ਮੌਕੇ ਤੇ ਜਿਲ੍ਹਾ ਮੋਗਾ ਦੇ ਸਟਾਫ਼ ਬਲਜਿੰਦਰ ਸਿੰਘ ਗਿੱਲ ਜਿ਼ਲ੍ਹਾ ਪ੍ਰੋਗਰਾਮ ਮੈਨੇਜਰ, ਕੋਮਲ ਜਿ਼ਲ੍ਹਾ ਫੰਕਸ਼ਨ ਮੈਨੇਜਰ, ਗੁਰਮੀਤ ਕੌਰ, ਹਰਮੀਤ ਸਿੰਘ, ਹਰਦਿਆਲ ਚੌਧਰੀ, ਸਿ਼ਲਪਾ ਅਰੋੜਾ, ਗੁਰਸੇਵਕ ਸਿੰਘ ਮੌਜੂਦ ਸਨ।
