Home crime ਪਿੰਡ ਦਾਲਮ ਦੇ ਵਾਸੀ ਨਸ਼ਾ ਵੇਚਣ ਵਾਲਿਆਂ ਵਿਰੁੱਧ ਮੈਦਾਨ ਵਿੱਚ ਨਿਤਰੇ,ਨਸ਼ੇ ਰੋਕਣ...

ਪਿੰਡ ਦਾਲਮ ਦੇ ਵਾਸੀ ਨਸ਼ਾ ਵੇਚਣ ਵਾਲਿਆਂ ਵਿਰੁੱਧ ਮੈਦਾਨ ਵਿੱਚ ਨਿਤਰੇ,ਨਸ਼ੇ ਰੋਕਣ ਲਈ 33 ਮੈਂਬਰੀ ਕਮੇਟੀ ਕੀਤੀ ਕਾਇਮ

42
0


ਅੰਮ੍ਰਿਤਸਰ, 7 ਸਤੰਬਰ (ਰਾਜੇਸ਼ ਜੈਨ – ਰਾਜ਼ਨ ਜੈਨ) : ਪੰਜਾਬ ਸਰਕਾਰ ਤੇ ਪੁਲਿਸ ਵੱਲੋਂ ਰਾਜ ਵਿਚ ਨਸ਼ੇ ਰੋਕਣ ਲਈ ਲੋਕਾਂ ਦਾ ਜੋ ਸਾਥ ਮੰਗਿਆ ਗਿਆ ਹੈ, ਲਈ ਜਿਲ੍ਹੇ ਦੇ ਲੋਕ ਉਤਸ਼ਾਹ ਨਾਲ ਅੱਗੇ ਆਉਣ ਲੱਗੇ ਹਨ। ਬੀਤੇ ਦਿਨ ਪਿੰਡ ਦਾਲਮ ਦੇ ਵਾਸੀਆਂ ਨੇ ਵੱਡਾ ਇਕੱਠ ਕਰਕੇ ਨਸ਼ੇ ਰੋਕਣ ਲਈ ਪਿੰਡ ਦੀ 33 ਮੈਂਬਰੀ ਕਮੇਟੀ ਬਣਾਈ ਅਤੇ ਇਸ ਲਈ ਅਦਾਕਾਰਾ ਸੋਨੀਆ ਮਾਨ ਵੱਲੋਂ ਚਲਾਈ ਜਾ ਰਹੀ ਸੰਸਥਾ ਮਾਈ ਭਾਗੋ ਚੈਰਟੀ ਨਾਲ ਮਿਲਕੇ ਕੰਮ ਕਰਨ ਦਾ ਸੰਕਲਪ ਲਿਆ। ਪਿੰਡ ਵਾਸੀਆਂ ਅਹਿਦ ਕੀਤਾ ਕਿ ਅਸੀਂ ਪਿੰਡ ਵਿਚੋਂ ਨਸ਼ਾ ਰੋਕਣ ਲਈ ਪੁਲਿਸ ਦਾ ਡਟਵਾਂ ਸਾਥ ਦਿਆਂਗੇ ਅਤੇ ਜੇਕਰ ਕੋਈ ਇਸ ਕੇਸ ਵਿਚ ਫੜਿਆ ਜਾਂਦਾ ਹੈ ਤਾਂ ਕੋਈ ਵਿਅਕਤੀ ਉਨਾਂ ਦੀ ਜਮਾਨਤ ਜਾਂ ਸਿਫਾਰਸ਼ ਲਈ ਨਹੀਂ ਜਾਵੇਗਾ। ਇਸ ਮੌਕੇ ਰਾਜਾਸਾਂਸੀ ਦੇ ਐਸ ਐਚ ਓ ਸ੍ਰੀ ਹਰਚੰਦ ਸਿੰਘ, ਸਰਪੰਚ ਕਰਮਜੀਤ ਸਿੰਘ, ਸਰਪੰਚ ਹੀਰਾ ਸਿੰਘ, ਬਲਦੇਵ ਸਿੰਘ, ਨਿਰਮਲ ਸਿੰਘ, ਜਸਵੰਤ ਸਿੰਘ, ਸ਼ਰਨਜੀਤ ਸਿੰਘ, ਹਰਜਿੰਦਰ ਸਿੰਘ ਨੰਬਰਦਾਰ, ਗੁਰਦੀਪ ਸਿੰਘ, ਰੇਸ਼ਮ ਸਿੰਘ ਵੜੈਚ, ਜਗਜੀਤ ਸਿੰਘ ਅਤੇ ਪਿੰਡ ਦੇ ਹੋਰ ਪਤਵੰਤੇ ਵੱਡੀ ਗਿਣਤੀ ਵਿਚ ਹਾਜ਼ਰ ਸਨ।ਅਦਾਕਾਰਾ ਸੋਨੀਆ ਮਾਨ ਨੇ ਇਸ ਮੌਕੇ ਆਪਣੇ ਸੰਬੋਧਨ ਵਿਚ ਪਿੰਡ ਵਾਸੀਆਂ ਦਾ ਇਸ ਨਿਵੇਕਲੀ ਪਹਿਲ ਲਈ ਧੰਨਵਾਦ ਕਰਦੇ ਕਿਹਾ ਕਿ ਚੰਗੀ ਗੱਲ ਹੈ ਕਿ ਪਿੰਡ ਵਾਸੀ ਹੁਣ ਇਕੱਠੇ ਹੋ ਕੇ ਨਸ਼ਾ ਵੇਚਣ ਵਾਲਿਆਂ ਵਿਰੁੱਧ ਲਾਮਬੰਦ ਹੋ ਰਹੇ ਹਨ। ਉਨਾਂ ਦੱਸਿਆ ਕਿ ਜਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਇਨਾਂ ਪਿੰਡਾਂ ਦਾ ਪੂਰਨ ਸਹਿਯੋਗ ਦਿੱਤਾ ਜਾਵੇਗਾ ਅਤੇ ਇਸ ਬਾਬਤ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਤਲਵਾੜ ਖੁੱਲ ਕੇ ਉਨਾਂ ਦੀ ਮਦਦ ਕਰ ਰਹੇ ਹਨ। ਉਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਵੀ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਮਾਈ ਭਾਗੋ ਚੈਰਟੀ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਸਰਾਹਨਾ ਕੀਤਾ ਹੈ ਅਤੇ ਇਸ ਨੇਕ ਕੰਮ ਲਈ ਸਾਰੀ ਵਜ਼ਾਰਤ ਦਾ ਸਾਥ ਉਨਾਂ ਨੂੰ ਮਿਲ ਰਿਹਾ ਹੈ।ਸਰਪੰਚ ਹੀਰਾ ਸਿੰਘ ਨੇ ਦੱਸਿਆ ਕਿ ਸਾਡੇ ਪਿੰਡ ਨੇ ਨਸ਼ਾ ਮੁਕਤੀ ਲਈ 33 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ ਜੋ ਪਿੰਡ ਵਿੱਚ ਨਸ਼ਾ ਵੇਚਣ ਵਾਲਿਆਂ ਵਿਰੁੱਧ ਪਿੰਡ ਦੇ ਮੋਹਤਬਰ ਸਾਥੀਆਂ ਨਾਲ ਮਿਲ ਕੇ ਕਾਰਵਾਈ ਕਰੇਗੀ। ਉਨਾਂ ਦੱਸਿਆ ਕਿ ਸਾਰੇ ਪਿੰਡ ਵਾਸੀਆਂ ਨੇ ਫੈਸਲਾ ਕੀਤਾ ਹੈ ਕਿ ਪਿੰਡ ਦਾ ਕੋਈ ਵੀ ਵਿਅਕਤੀ ਕਿਸੇ ਅਪਰਾਧੀ ਨੂੰ ਪੁਲਿਸ ਹਿਰਾਸਤ ਦੀ ਜਮਨਾਤ ਨਹੀਂ ਦੇਵੇਗਾ। ਜੇਕਰ ਕੋਈ ਪਿੰਡ ਦਾ ਵਿਅਕਤੀ ਜਮਾਨਤ ਦਿੰਦਾ ਹੈ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਤੋਂ ਇਲਾਵਾ ਪਿੰਡ ਵਿੱਚ ਬਾਈਕਾਟ ਦਾ ਫੈਸਲਾ ਕੀਤਾ ਗਿਆ ਹੈ।

LEAVE A REPLY

Please enter your comment!
Please enter your name here