ਜਗਰਾਉਂ, 11 ਮਾਰਚ ( ਜਗਰੂਪ ਸੋਹੀ, ਅਸ਼ਵਨੀ )-ਪੰਜਾਬ ਪ੍ਰਦੇਸ਼ ਕਾਂਗਰਸ ਦੇ ਆਗੂ ਅਤੇ ਐਸ.ਸੀ.ਬੀ.ਸੀ ਵੈਲਫੇਅਰ ਕੌਂਸਲ ਪੰਜਾਬ ਦੇ ਪ੍ਰਧਾਨ ਦਰਸ਼ਨ ਸਿੰਘ ਦੇਸ਼ ਭਗਤ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਪਿਛਲੀਆਂ ਲੋਕ ਸਭਾ ਚੋਣਾਂ ਵਿਚ ਲੁਧਿਆਣਾ ਖੇਤਰ ਤੋਂ ਜਿੱਤਣ ਤੋਂ ਬਾਅਦ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਇਸ ਖੇਤਰ ਕੋਈ ਕਰਨਾ ਤਾਂ ਦੂਰ ਬਲਕਿ ਇਲਾਕੇ ਦੀ ਸਾਰ ਲੈਣ ਦੀ ਵੀ ਜਰੂਰਤ ਨਮਹੀਂ ਸਮਝੀ। ਪੁਾਰਟੀ ਵਰਕਰਾਂ ਨਾਲ ਤਾਲਮੇਲ ਕਰਨਾ ਤਾਂ ਇਕ ਪਾਸੇ ਰਿਹਾ ਕਿਸੇ ਵੀ ਵਰਕਰ ਦਾ ਫੋਨ ਤੱਕ ਅਟੈਂਡ ਕਰਨ ਦੀ ਜਰੂਰਤ ਨਹੀਂ ਸਮਝੀ। ਹੋਰ ਤਾਂ ਹੋਰ ਸਾਂਸਦ ਬਿੱਟੂ ਚੋਣ ਜਿੱਤਣ ਤੋਂ ਬਾਅਦ ਇਲਾਕੇ ਦੇ ਵੋਟਰਾਂ ਦਾ ਧੰਨਵਾਦ ਕਰਨ ਲਈ ਵੀ ਨਹੀਂ ਪਹੁੰਚੇ। ਹੁਣ ਜਦੋਂ ਮੁੜ ਲੋਕ ਸਭਾ ਚੋਣਾਂ ਆ ਰਹੀਆਂ ਹਨ ਤਾਂ ਉਨ੍ਹਾਂ ਨੂੰ ਆਪਣੇ ਹਲਕੇ ਦੀ ਯਾਦ ਆਉਣ ਲੱਗੀ ਹੈ ਪਰ ਇਸ ਵਾਰ ਵਿਧਾਨ ਸਭਾ ਹਲਕਾ ਜਗਰਾਉਂ ਵਿੱਚ ਉਨ੍ਹਾਂ ਨੂੰ ਕੋਈ ਵੀ ਸਵੀਕਾਰ ਨਹੀਂ ਕਰੇਗਾ। ਦੇਸ਼ ਭਗਤ ਨੇ ਕਿਹਾ ਕਿ ਸੰਸਦ ਬਿੱਟੂ ਆਪਣੀ ਪਾਰਟੀ ਨੂੰ ਵੀ ਇਕ ਕਰਕੇ ਨਹੀਂੱ ਰੱਖ ਸਕੇ। ਉਨ੍ਹਾਂ ਕਿਹਾ ਕਿ ਜਗਰਾਉਂ ’ਚ ਨਗਰ ਕੌਂਸਲ ’ਚ ਕਾਂਗਰਸ ਦੇ 23 ’ਚੋਂ 19 ਕੌਂਸਲਰ ਹੋਣ ਦੇ ਬਾਵਜੂਦ ਕਾਂਗਰਸ ਪਾਰਟੀ ਨਗਰ ਕੌਂਸਲ ’ਚ ਖ਼ਾਲੀ ਹੱਥ ਬੈਠੀ ਹੈ। ਜਦਕਿ ਅਕਾਲੀ ਦਲ ਦੀ ਮਦਦ ਨਾਲ ਜਿੱਤੇ ਆਜ਼ਾਦ ਕੌਂਸਲਰ ਸਾਡੇ ਹੀ ਬਾਗੀ ਕਾਂਗਰਸੀ ਕੌਂਸਲਰਾਂ ਦੀ ਸਹਾਇਤਾ ਨਾਲ ਸੱਤਾ ਤੇ ਬਿਰਾਜਮਾਨ ਹੈ। ਜਦੋਂ ਕੋਈ ਵੱਡਾ ਲੀਡਰ ਆਪਣੀ ਜੇਤੂ ਟੀਮ ਨੂੰ ਵੀ ਨਹੀਂ ਸੰਭਾਲ ਸਕਦਾ ਤਾਂ ਉਸ ਤੋਂ ਹੋਰ ਕੀ ਆਸ ਰੱਖੀ ਜਾ ਸਕਦੀ ਹੈ? ਦੇਸ਼ ਭਗਤ ਨੇ ਕਾਂਗਰਸ ਹਾਈਕਮਾਂਡ ਤੋਂ ਮੰਗ ਕੀਤੀ ਹੈ ਕਿ ਜਿਸ ਵਿਅਕਤੀ ਨੇ ਐਮ.ਪੀ ਸੀਟ ਜਿੱਤਣ ਤੋਂ ਬਾਅਦ 5 ਸਾਲ ਤੱਕ ਮੂੰਹ ਨਹੀਂ ਵਿਖਾਇਆ, ਉਸ ਨੂੰ ਇਸ ਵਾਰ ਲੁਧਿਆਣਾ ਲੋਕ ਸਭਾ ਹਲਕੇ ਤੋਂ ਟਿਕਟ ਨਾ ਦਿੱਤੀ ਜਾਵੇ। ਕਿਸੇ ਹੋਰ ਯੋਗ ਉਮੀਦਵਾਰ ਨੂੰ ਮੈਦਾਨ ਵਿੱਚ ਉਤਾਰਿਆ ਜਾਵੇ। ਜੇਕਰ ਪਾਰਟੀ ਰਵਨੀਤ ਬਿੱਟੂ ਨੂੰ ਦੁਬਾਰਾ ਫਿਰ ਇਥੋਂ ਹੀ ਟਿਕਟ ਦਿੰਦੀ ਹੈ ਤਾਂ ਪਾਰਟੀ ਨੂੰ ਭਾਰੀ ਨਿਰਾਸ਼ਾ ਦਾ ਸਾਹਮਣਾ ਕਰਨਾ ਪਵੇਗਾ ਅਤੇ ਕਾਂਗਰਸ ਪਾਰਟੀ ਜਿੱਤੀ ਹੋਈ ਸੀਟ ਤੋਂ ਹੱਥ ਧੋ ਬੈਠੇਗੀ।