ਜਗਰਾਉਂ, 12 ਮਾਰਚ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ )-ਐਨਆਈਏ ਦੀ ਟੀਮ ਨੇ ਪਿੰਡ ਮੱਲਾ ਵਿੱਚ ਇੱਕ ਕਿਸਾਨ ਦੇ ਘਰ ਛਾਪਾ ਮਾਰਿਆ। ਜੋ ਸਵੇਰੇ 7 ਵਜੇ ਤੋਂ ਦੁਪਹਿਰ 12 ਵਜੇ ਤੱਕ ਲਗਾਤਾਰ ਜਾਰੀ ਰਿਹਾ। ਜਾਣਕਾਰੀ ਅਨੁਸਾਰ ਅੱਜ ਸਵੇਰੇ ਕਰੀਬ 7 ਵਜੇ ਦੇ ਕਰੀਬ ਸਥਾਨਕ ਪੁਲੀਸ ਦੇ ਅਧਿਕਾਰੀਆਂ ਸਮੇਤ ਐਮਆਈਏ ਟੀਮ ਦੇ 7-8 ਅਧਿਕਾਰੀ ਬਲਤੇਜ ਸਿੰਘ ਵਾਸੀ ਪਿੰਡ ਮੱਲਾ ਦੇ ਘਰ ਪੁੱਜੇ ਅਤੇ ਬਲਤੇਜ ਸਿੰਘ ਤੋਂ ਕਾਫ਼ੀ ਦੇਰ ਪੁੱਛ-ਪੜਤਾਲ ਕੀਤੀ। ਬਲਤੇਜ ਸਿੰਘ ਪਿੰਡ ਮੱਲਾ ਵਿੱਚ ਹੀ ਇੱਕ ਕਾਰ ਵਾਸ਼ ਸਰਵਿਸ ਸਟੇਸ਼ਨ ਚੱਲਾਉਂਦਾ ਹੈ। ਸੂਤਰਾਂ ਅਨੁਸਾਰ ਬਲਤੇਜ ਸਿੰਘ ਦੀ ਪਿੰਡ ਰਸੂਲਪੁਰ ਦੇ ਇੱਕ ਸ਼ੱਕੀ ਵਿਅਕਤੀ (ਜਿਸ ਦੇ ਖ਼ਿਲਾਫ਼ ਕਈ ਕੇਸ ਦਰਜ ਹਨ) ਨਾਲ ਮੋਬਾਈਲ ਫ਼ੋਨ ’ਤੇ ਗੱਲਬਾਤ ਹੁੰਦੀ ਰਹੀ। ਜਿਸ ਲਈ ਉਸ ਕੋਲੋਂ ਪੁੱਛਗਿੱਛ ਕੀਤੀ ਗਈ। ਐਨਆਈਏ ਦੀ ਟੀਮ ਨੇ ਬਲਤੇਜ ਸਿੰਘ ਦੇ ਬੈਂਕ ਖਾਤਿਆਂ ਦੀ ਗਹਿਰਾਈ ਨਾਲ ਜਾਂਚ ਪੜਤਾਲ ਕੀਤੀ ਅਤੇ ਉਸ ਵਿੱਚ ਪੈਸਿਆਂ ਦੇ ਲੈਣ-ਦੇਣ ਬਾਰੇ ਪੁੱਛਗਿੱਛ ਕੀਤੀ। ਜਾਂਦੇ ਸਮੇਂ ਟੀਮ ਨੇ ਉਸ ਦਾ ਮੋਬਾਈਲ ਫ਼ੋਨ ਬਰਾਮਦ ਕਰਕੇ ਆਪਣੇ ਕਬਜੇ ਵਿਚ ਲੈ ਲਿਆ ਅਤੇ ਉਸ ਨੂੰ 21 ਮਾਰਚ ਨੂੰ ਚੰਡੀਗੜ੍ਹ ਦਫ਼ਤਰ ਵਿੱਚ ਪੇਸ਼ ਹੋਣ ਦੇ ਹੁਕਮ ਦਿੱਤੇ।