ਜਗਰਾਉਂ 12 ਮਾਰਚ ( ਬੌਬੀ ਸਹਿਜਲ ਧਰਮਿੰਦਰ )-ਅਨੁਸੂਚਿਤ ਜਾਤੀ ਪਰਿਵਾਰਾਂ ’ਤੇ ਤੱਤਕਾਲੀ ਕਥਿਤ ਐਸ.ਐਚ.ਓ. ਤੇ ਏ.ਐਸ.ਆਈ. ਵਲੋਂ ਨਜਾਇਜ਼ ਹਿਰਾਸਤ ’ਚ ਕੀਤੇ ਅੱਤਿਆਚਾਰਾਂ ਖਿਲਾਫ਼ ਸਥਾਨਕ ਥਾਣੇ ਮੂਹਰੇ ਚੱਲ ਰਹੇ ਅਣਮਿਥੇ ਸਮੇਂ ਦੇ ਪੱਕੇ ਧਰਨੇ ਵਿੱਚ ਇੱਕ ਹੋਰ ਜੁਝਾਰੂ ਵਰਕਰ ਦੀ ਮੌਤ ਹੋ ਗਈ। ਇਸ ਸੰਬੰਧੀ ਸੰਘਰਸ਼ ਕਮੇਟੀ ਦੇ ਮੁਖੀ ਤਰਲੋਚਨ ਸਿੰਘ ਝੋਰੜਾਂ, ਸਤਿਕਾਰ ਕਮੇਟੀ ਦੇ ਪ੍ਰਧਾਨ ਜਸਪ੍ਰੀਤ ਸਿੰਘ ਢੋਲਣ, ਪੇਂਡੂ ਮਜ਼ਦੂਰ ਯੂਨੀਅਨ(ਮਸ਼ਾਲ) ਆਗੂ ਬਲਦੇਵ ਸਿੰਘ, ਸੀਟੂ ਆਗੂ ਨਿਰਮਲ ਸਿੰਘ ਧਾਲੀਵਾਲ ਨੇ ਕਿਹਾ ਕਿ ਗਰੀਬ ਪਰਿਵਾਰ ਦੀ ਕਰੰਟ ਲਗਾ ਕੇ ਮਾਰ ਮੁਕਾਈ ਧੀ ਨੂੰ ਨਿਆਂ ਦਿਵਾਉਣ ਲਈ 2 ਸਾਲਾਂ ਤੋਂ ਥਾਣਾ ਸਿਟੀ ਅੱਗੇ ਚੱਲ ਰਹੇ ਮੋਰਚੇ ਵਿਚ ਸਰਗਰਮ ਵਰਕਰ ਠੇਕੇਦਾਰ ਅਵਤਾਰ ਸਿੰਘ ਜਦੋਂ ਧਰਨੇ ਤੋਂ ਬਾਅਦ ਆਪਣੇ ਘਰ ਜਾ ਰਿਹਾ ਸੀ ਤਾਂ ਉਸਦੀ ਪਸਤੇ ਵਿਚ ਹੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਠੇਕੇਦਾਰ ਦੀ ਕੁਰਬਾਨੀ ਅਜ਼ਾਈ ਨਹੀਂ ਜਾਵੇਗੀ। ਧਾਲੀਵਾਲ ਨੇ ਕਿਹਾ ਕਿ ਹੁਣ ਤੱਕ ਇਸ ਧਰਨੇ ਵਿੱਚ 5 ਜਾਨਾਂ ਜਾ ਚੁੱਕੀਆਂ ਹਨ। ਇਸ ਸਮੇਂ ਮੁਦਈ ਮੁਕੱਦਮਾ ਇਕਬਾਲ ਸਿੰਘ ਰਸੂਲਪੁਰ ਨੇ ਕਿਹਾ ਕਿ ਮਨਪ੍ਰੀਤ ਕੌਰ ਧਾਲੀਵਾਲ ਅਤੇ ਮਾਤਾ ਸੁਰਿੰਦਰ ਕੌਰ ਦੇ ਪਰਿਵਾਰ ਨੂੰ ਨਿਆਂ ਦਿਵਾਉਣ ਲਈ ਵਿੱਢੇ ਸੰਘਰਸ਼ ਵਿਚ ਅਵਤਾਰ ਸਿੰਘ ਲਗਾਤਾਰ ਦੋ ਸਾਲਾਂ ਤੋਂ ਨਿਰੰਤਰ ਹਾਜ਼ਰੀ ਭਰ ਰਿਹਾ ਸੀ। ਆਗੂਆਂ ਨੇ ਠੇਕੇਦਾਰ ਅਵਤਾਰ ਸਿੰਘ ਦੀ ਮੌਤ ਲਈ ਪ੍ਰਸ਼ਾਸਨ ਨੂੰ ਜ਼ਿਮੇਵਾਰ ਠਹਰਾਇਆ ਹੈ। ਇਸ ਸਮੇਂ ਮ੍ਰਿਤਕ ਦੇ ਪਰਿਵਾਰ ਮੈਂਬਰਾਂ ਤੋਂ ਇਲਾਵਾ ਪੀੜ੍ਹਤ ਮਾਤਾ ਸੁਰਿੰਦਰ ਕੌਰ, ਮਨਪ੍ਰੀਤ ਕੌਰ, ਦਰਸ਼ਨ ਸਿੰਘ, ਹਰਜੀਤ ਕੌਰ, ਕਿਰਤੀ ਕਿਸਾਨ ਯੂਨੀਅਨ ਦੇ ਵਿੱਤ ਸਕੱਤਰ ਜਗਰੂਪ ਸਿੰਘ, ਦਲਜੀਤ ਸਿੰਘ, ਸੰਤੋਖ ਸਿੰਘ, ਜੋਗਿੰਦਰ ਸਿੰਘ, ਵਰਿੰਦਰ ਕੁਮਾਰ ਆਦਿ ਹਾਜ਼ਰ ਸਨ।