ਭਵਾਨੀਗੜ੍ਹ (ਭੰਗੂ) ਵੀਰਵਾਰ ਨੂੰ ਸਥਾਨਕ ਸ਼ਹਿਰ ਵਿਖੇ ਚੰਡੀਗੜ੍ਹ ਬਠਿੰਡਾ ਕੌਮੀ ਮਾਰਗ ‘ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਾਫ਼ਲਾ ਅਚਾਨਕ ਕੁੱਝ ਮਿੰਟਾਂ ਲਈ ਰੁਕਿਆ। ਇਸ ਦੌਰਾਨ ਮੁੱਖ ਮੰਤਰੀ ਆਪਣੀ ਕਾਰ ਤੋਂ ਹੇਠਾਂ ਉਤਰ ਕੇ ਆਮ ਲੋਕਾਂ ਵਿੱਚ ਜਾ ਖੜ੍ਹੇ ਤੇ ਉਨ੍ਹਾਂ ਨਾਲ ਆਮ ਲੋਕਾਂ ਵਾਂਗ ਹੀ ਗੱਲਾਂ ਕਰਨ ਲੱਗ ਪਏ।ਮੁੱਖ ਮੰਤਰੀ ਨੂੰ ਇਸ ਤਰ੍ਹਾਂ ਆਪਣੇ ਵਿਚਾਲੇ ਦੇਖ ਕੇ ਲੋਕ ਹੈਰਾਨ ਵੀ ਹੋਏ ਤੇ ਮੌਕੇ ਦਾ ਲਾਹਾ ਲੈਂਦਿਆਂ ਲੋਕਾਂ ਨੇ ਮੁੱਖ ਮੰਤਰੀ ਨਾਲ ਫੋਟੋਆਂ ਤੇ ਮੋਬਾਈਲ ਵਿੱਚ ਸੈਲਫੀਆਂ ਖਿੱਚੀਆਂ। ਹਾਲਾਂਕਿ ਸੀਐੱਮ ਮਾਨ 5-7 ਮਿੰਟ ਹੀ ਲੋਕਾਂ ਵਿਚਕਾਰ ਰਹੇ ਤੇ ਬਾਅਦ ਵਿੱਚ ਆਪਣੇ ਕਾਫਲੇ ਨਾਲ ਚੰਡੀਗੜ੍ਹ ਲਈ ਰਵਾਨਾ ਹੋ ਗਏ।ਦਰਅਸਲ, ਮੁੱਖ ਮੰਤਰੀ ਅੱਜ ਲੋਕ ਸਭਾ ਚੋਣਾਂ ਨੂੰ ਲੈ ਕੇ ਬਠਿੰਡਾ ‘ਚ ‘ਆਪ’ ਦੇ ਵਿਧਾਇਕਾਂ ਤੇ ਪਾਰਟੀ ਅਹੁਦੇਦਾਰਾਂ ਨਾਲ ਮੀਟਿੰਗ ਕਰਨ ਉਪਰੰਤ ਚੰਡੀਗੜ੍ਹ ਪਰਤ ਰਹੇ ਸਨ ਤਾਂ ਭਵਾਨੀਗੜ੍ਹ ‘ਚੋਂ ਲੰਘਦੇ ਸਮੇਂ ਉਨ੍ਹਾਂ ਇੱਥੇ ਟਰੱਕ ਯੂਨੀਅਨ ਦੀ ਨਵੀਂ ਇਮਾਰਤ ਨੇੜੇ ਹਾਈਵੇ ‘ਤੇ ਖੜ੍ਹੇ ਆਮ ਲੋਕਾਂ ਨੂੰ ਦੇਖ ਕੇ ਅਚਾਨਕ ਰੁਕਣ ਦਾ ਇਰਾਦਾ ਬਣਾਇਆ।ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਹੁਣ ਤੱਕ ‘ਆਪ’ ਦੀ ਸਰਕਾਰ ਨੇ ਆਮ ਲੋਕਾਂ ਦੀ ਭਲਾਈ ਲਈ ਵਧੀਆ ਕੰਮ ਕੀਤੇ ਹਨ ਜੋ ਭਵਿੱਖ ਵਿੱਚ ਵੀ ਜਾਰੀ ਰਹਿਣਗੇ। ਉਨ੍ਹਾਂ ਲੋਕਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਸਾਥ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਵੀ ਇੱਕ ਆਮ ਪਰਿਵਾਰ ਵਿੱਚੋਂ ਹਨ ਤੇ ਇਸ ਲਈ ਉਹ ਜ਼ਮੀਨੀ ਪੱਧਰ ‘ਤੇ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਮਹਿਸੂਸ ਕਰ ਸਕਦੇ ਹਨ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਵੀ ਮੁੱਖ ਮੰਤਰੀ ਮਾਨ ਭਵਾਨੀਗੜ੍ਹ ‘ਚੋਂ ਲੰਘਦੇ ਸਮੇਂ ਅਚਾਨਕ ਇੱਕ ਛਬੀਲ ‘ਤੇ ਰੁੱਕੇ ਸਨ। ਉਸ ਸਮੇਂ ਵੀ ਉਨ੍ਹਾਂ ਆਖਿਆ ਸੀ ਕਿ ਸੰਗਰੂਰ ਦੇ ਲੋਕਾਂ ਦਾ ਉਹ ਹਮੇਸ਼ਾ ਰਿਣੀ ਰਹਿਣਗੇ। ਲੋਕਾਂ ਦਾ ਪਿਆਰ ਹੀ ਉਨ੍ਹਾਂ ਨੂੰ ਆਪਣੇ ਆਪ ਖਿੱਚ ਲੈ ਆਉਂਦਾ ਹੈ।