ਦਿੜ੍ਹਬਾ(ਭੰਗੂ)ਪਿੰਡ ਗੁੱਜਰਾਂ ਵਿੱਖੇ ਵਾਪਰੇ ਜ਼ਹਿਰੀਲੇ ਸ਼ਰਾਬ ਕਾਂਡ ਦੇ ਕਾਰਨ ਇਲਾਕੇ ਦੇ ਕਈ ਪਿੰਡਾਂ ਵਿੱਚ ਡਰ ਦਾ ਮਾਹੌਲ ਹੈ। ਜ਼ਹਿਰੀਲੀ ਸ਼ਰਾਬ ਪੀਣ ਨਾਲ ਮਰਨ ਵਾਲੇ ਵਿਅਕਤੀਆਂ ਦੀ ਗਿਣਤੀ 8 ਹੋ ਗਈ ਹੈ। 12 ਵਿਅਕਤੀਆਂ ਦਾ ਵੱਖ ਵੱਖ ਹਸਪਤਾਲਾਂ ਵਿੱਚ ਇਲਾਜ ਚੱਲ ਰਿਹੈ । ਮਿ੍ਰਤਕਾਂ ਦੀ ਗਿਣਤੀ ਤੇ ਸਿਹਤ ਖਰਾਬ ਹੋਣ ਵਾਲੇ ਵਿਅਕਤੀਆਂ ਦੀ ਵੱਧ ਰਹੀ ਗਿਣਤੀ ਕਾਰਨ ਪਿੰਡਾਂ ਦੇ ਲੋਕ ਡਰੇ ਹੋਏ ਨਜ਼ਰ ਆ ਰਹੇ ਹਨ।ਜਾਣਕਾਰੀ ਅਨੁਸਾਰ ਢੰਡੋਲੀ ਖੁਰਦ ਵਿਚ ਇੱਕ ਮੌਤ ਹੋ ਗਈ ਹੈ। ਜਦੋਂ ਕਿ ਇੱਕ ਗਰਸੇਵਕ ਸਿੰਘ ਵਾਸੀ ਉਪਲੀ ਵੀ ਇਸ ਕਾਂਡ ਕਾਰਨ ਦੁਨੀਆ ਨੂੰ ਅਲਵਿਦਾ ਕਰ ਗਿਆ ਹੈ। ਪਿੰਡ ਢੰਡੋਲੀ ਖੁਰਦ ਦੇ ਕਿਰਪਾਲ ਸਿੰਘ (56) ਪੁੱਤਰ ਮੋਹਨ ਲਾਲ ਅਤੇ ਕੁਲਦੀਪ ਸਿੰਘ (28) ਪੁੱਤਰ ਗੁਰਜੰਟ ਸਿੰਘ ਦੀ ਮੌਤ ਹੋ ਗਈ। ਜਦ ਕਿ ਮਿ੍ਰਤਕ ਕੁਲਦੀਪ ਸਿੰਘ ਦਾ ਪਿਤਾ ਗੁਰਜੰਟ ਸਿੰਘ ਜੇਰੇ ਇਲਾਜ ਹਸਪਤਾਲ ਸੰਗਰੂਰ ਦਾਖਲ ਹੈ।ਗੁਰਸੇਵਕ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਉਪਲੀ ਜੋ ਗੁੱਜਰਾਂ ਵਿਖੇ ਰਿਸ਼ਤੇਦਾਰਾਂ ਦੇ ਆਇਆ ਹੋਇਆ ਸੀ ਉਸ ਦੀ ਵੀ ਮੌਤ ਹੋ ਗਈ। ਮਿ੍ਰਤਕ ਗੁਰਸੇਵਕ ਸਿੰਧ ਵਾਸੀ ਉਪਲੀ ਆਪਣੇ ਸਾਹੁਰੇ ਘਰ ਪਿੰਡ ਗੁੱਜਰਾਂ ਵਿਖੇ ਪੁਲਿਸ ਵੱਲੋ ਗ੍ਰਿਫਤਾਰ ਕੀਤੇ ਮਨਪ੍ਰੀਤ ਸਿੰਘ ਮਨੀ ਦੇ ਘਰ ਆਇਆ ਹੋਇਆ ਸੀ।ਘਟਨਾ ਵਾਲੀ ਰਾਤ ਸ਼ਰਾਬ ਪੀਣ ਨਾਲ ਉਸ ਦੀ ਮੌਤ ਹੋ ਗਈ ਹੈ। ਮਿ੍ਰਤਕ ਗੁਰਸੇਵਕ ਸਿੰਘ ਇਸ ਕਾਂਡ ਦੇ ਦੋਸ਼ੀ ਮਨਪ੍ਰੀਤ ਸਿੰਘ ਮਨੀ ਦਾ ਜੀਜਾ ਹੈ। ਸਿਹਤ ਖਰਾਬ ਹੋਣ ਕਾਰਨ ਵੀਰਪਾਲ ਸਿੰਘ(23) ਪੁੱਤਰ ਬਹਾਦਰ ਸਿੰਘ, ਰਾਮ ਚੰਦ (65) ਪੁੱਤਰ ਬਚਨ ਸਿੰਘ, ਹਰਪਾਲ ਸਿੰਘ (34) ਪੁੱਤਰ ਦੇਵ ਸਿੰਘ, ਬੇਅੰਤ ਸਿੰਘ (50) ਪੁੱਤਰ ਬਲਦੇਵ ਸਿੰਘ, ਸੇਮੀ ਸਿੰਘ (40) ਪੁੱਤਰ ਪੱਪੂ ਸਿੰਘ, ਜਰਨੈਲ ਸਿੰਘ ਪੁੱਤਰ ਮਹਿੰਦਰ ਸਿੰਘ, ਗੁਰਜੀਤ ਸਿੰਘ ਜੀਤੀ ਪੁੱਤਰ ਮਹਿੰਦਰ ਸਿੰਘ, ਰਣਧੀਰ ਸਿੰਘ ਪੁੱਤਰ ਹੰਸਾ ਸਿੰਘ, ਸਤਨਾਮ ਸਿੰਘ ਪੁੱਤਰ ਕਾਲਾ ਸਿੰਘ, ਬਬਲੀ ਪੁੱਤਰ ਪ੍ਰੀਤਮ ਸਿੰਘ, ਲਖਵਿੰਦਰ ਸਿੰਘ ਪੁੱਤਰ ਦਰਸਨ ਸਿੰਘ ਵਾਸੀਆਨ ਪਿੰਡ ਗੁੱਜਰਾਂ ਵੱਖ ਵੱਖ ਹਸਪਤਾਲਾਂ ਵਿੱਚ ਦਾਖਲ ਹਨ।
ਸਿਹਤ ਬਿਗੜ ਕਾਰਨ ਸਭ ਤੋਂ ਪਹਿਲਾ ਅੱਖਾਂ ‘ਤੇ ਅਸਰ ਪਿਆ ਹੈ ਤੇ ਦਿਖਾਈ ਦੇਣਾ ਬੰਦ ਕਰ ਦਿੱਤਾ ਗਿਆ ਸੀ। ਦਾਖਲ ਵਿਅਕਤੀਆਂ ਦੀ ਵੀ ਨਜ਼ਰ ਘੱਟ ਗਈ ਹੈ ਤੇ ਉਨ੍ਹਾਂ ਨੂੰ ਘਬਰਾਹਟ ਮਹਿਸੂਸ ਹੋ ਰਹੀ ਹੈ। ਪਿੰਡ ਢੰਡੋਲੀ ਖੁਰਦ ਦੇ ਲੋਕਾਂ ਨੇ ਦੱਸਿਆ ਕਿ ਸ਼ਰਾਬ ਗੁੱਜਰਾਂ ਵਲੋਂ ਆਈ ਸੀ।
