ਬਟਾਲਾ (ਰਾਜੇਸ ਜੈਨ) ਪਿੰਡ ਸਰੂਪਵਾਲੀ ’ਚ ਘਰੇਲੂ ਝਗੜੇ ਦੌਰਾਨ ਏਐੱਸਆਈ ਤੇ ਉਸ ਦੀ ਪਤਨੀ ਨੇ ਜ਼ਹਿਰੀਲੀ ਚੀਜ਼ ਨਿਗਲ ਲਈ। ਦੋਵਾਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਜਿੱਥੇ ਪਤਨੀ ਦੀ ਹਾਲਤ ਗੰਭੀਰ ਹੋਣ ਕਰ ਕੇ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਹਰਪਿੰਦਰ ਸਿੰਘ ਜੋ ਪੰਜਾਬ ਪੁਲਿਸ ’ਚ ਏਐੱਸਆਈ ਹੈ ਅਤੇ ਉਸ ਦੀ ਡਿਊਟੀ ਸਿਵਲ ਹਸਪਤਾਲ ਬਟਾਲਾ ਦੀ ਚੌਂਕੀ ’ਚ ਹੈ। ਉਹ ਐਤਵਾਰ ਨੂੰ ਘਰ ਗਿਆ ਸੀ ਜਿੱਥੇ ਉਸ ਦਾ ਪਤਨੀ ਅੰਮ੍ਰਿਤਪਾਲ ਕੌਰ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਜਿਸ ਤੋਂ ਬਾਅਦ ਦੋਵਾਂ ਨੇ ਜ਼ਹਿਰੀਲੀ ਵਸਤੂ ਨਿਗਲ ਲਈ। ਹਾਲਤ ਵਿਗੜਨ ’ਤੇ ਪਰਿਵਾਰਕ ਮੈਂਬਰਾਂ ਨੇ ਦੋਵਾਂ ਨੂੰ ਬਟਾਲਾ ਦੇ ਸਿਵਲ ਹਸਪਤਾਲ ’ਚ ਦਾਖ਼ਲ ਕਰਵਾਇਆ ਜਿੱਥੇ ਹਾਲਤ ਗੰਭੀਰ ਹੋਣ ਕਾਰਨ ਡਾਕਟਰਾਂ ਨੇ ਅੰਮ੍ਰਿਤਪਾਲ ਕੌਰ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਜਦਕਿ ਏਐੱਸਆਈ ਹਰਪਿੰਦਰ ਸਿੰਘ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਥਾਣਾ ਸਦਰ ਦੇ ਐੱਸਐੱਚਓ ਹਰਸਿਮਰਤ ਕੌਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ