ਲੁਧਿਆਣਾ,6 ਅਪ੍ਰੈਲ (ਭਗਵਾਨ ਭੰਗੂ – ਲਿਕੇਸ਼ ਸ਼ਰਮਾ) : ਸਮਰਾਲਾ ਨੇੜੇ ਦੇਰ ਰਾਤ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਏਸੀਪੀ ਅਤੇ ਉਸ ਦੇ ਗੰਨਮੈਨ ਦੀ ਮੌਤ ਹੋ ਗਈ। ਇਸ ਹਾਦਸੇ ਵਿਚ ਡਰਾਈਵਰ ਗੰਭੀਰ ਜ਼ਖ਼ਮੀ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰਾਤ 1 ਵਜੇ ਦੇ ਕਰੀਬ ਸਮਰਾਲਾ ਨੇੜੇ ਪੈਂਦੇ ਪਿੰਡ ਦਿਆਲਪੁਰਾ ਕੋਲ ਬਣੇ ਫਲਾਈਓਵਰ ’ਤੇ ਇਹ ਦਰਦਨਾਕ ਹਾਦਸਾ ਵਾਪਰਿਆ ।ਇਸ ਵਿਚ ਲੁਧਿਆਣਾ ਪੂਰਬੀ ਦੇ ਏਸੀਪੀ ਸੰਦੀਪ ਸਿੰਘ ਅਤੇ ਉਨ੍ਹਾਂ ਦੇ ਗਨਮੈਨ ਪਰਮਜੋਤ ਸਿੰਘ ਦੀ ਮੌਤ ਹੋ ਗਈ। ਇਸ ਦੌਰਾਨ ਡਰਾਈਵਰ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ, ਜਿਸ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿਚ ਰੈਫਰ ਕਰ ਦਿਤਾ ਗਿਆ ਹੈ।
ਦਸਿਆ ਜਾ ਰਿਹਾ ਹੈ ਕਿ ਫਾਰਚੂਨਰ ਗੱਡੀ ਵਿਚ ਸਵਾਰ ਹੋ ਕੇ ਲੁਧਿਆਣਾ ਪੂਰਬੀ ਦੇ ਏਸੀਪੀ ਸੰਦੀਪ ਸਿੰਘ ਅਪਣੇ ਗਨਮੈਨ ਅਤੇ ਡਰਾਈਵਰ ਨਾਲ ਚੰਡੀਗੜ੍ਹ ਤੋਂ ਆ ਰਹੇ ਸਨ। ਸਮਰਾਲਾ ਕੋਲ ਦਿਆਲਪੁਰਾ ਪਿੰਡ ਨੇੜੇ ਬਣੇ ਫਲਾਈਓਵਰ ‘ਤੇ ਇਕ ਓਵਰਟੇਕ ਕਰ ਰਹੀ ਸਕੋਰਪੀਓ ਗੱਡੀ ਨਾਲ ਭਿਆਨਕ ਟੱਕਰ ਹੋ ਗਈ।ਟੱਕਰ ਇਨੀ ਭਿਆਨਕ ਸੀ ਕਿ ਫਾਰਚੂਨਰ ਗੱਡੀ ਨੂੰ ਮੌਕੇ ’ਤੇ ਅੱਗ ਲੱਗ ਗਈ ਅਤੇ ਮਿੰਟਾਂ ਵਿਚ ਗੱਡੀ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ।ਜਦੋਂ ਡੀਐਮਸੀ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ।