“ਕਾਰ ਲੈ ਕੇ ਭੱਜਿਆ ਬੁਆਏਫਰੈਂਡ ICU ‘ਚ ਦਾਖ਼ਲ
ਖਰੜ (ਭਗਵਾਨ ਭੰਗੂ-ਲਿਕੇਸ ਸਰਮਾ ) ਸੈਕਟਰ-125 ਸੰਨੀ ਇਨਕਲੇਵ ਦੇ ਏਕਤਾ ਵਿਹਾਰ ਕਾਲੋਨੀ ’ਚ ਸਵੇਰ ਹੁੰਦੇ ਸਾਰ ਹੀ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਜਦੋਂ ਇਨਕਲੇਵ ’ਚ ਰਹਿੰਦੀ ਏਕਤਾ (27) ਦੇ ਕਤਲ ਹੋਣ ਦੀ ਸੂਚਨਾ ਮਿਲੀ। ਮੌਕੇ ’ਤੇ ਪਹੁੰਚੇ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਮੁੱਢਲੀ ਜਾਂਚ ’ਚ ਪਾਇਆ ਕਿ ਮ੍ਰਿਤਕ ਕੁੜੀ ਮੋਹਾਲੀ ਦੀ ਇਕ ਮਲਟੀ ਨੈਸ਼ਨਲ ਕੰਪਨੀ ’ਚ ਕੰਮ ਕਰਦੀ ਸੀ ਅਤੇ ਬੀਤੀ ਰਾਤ ਆਪਣੇ ਘਰ ’ਚ ਹੀ ਆਪਣੇ ਪ੍ਰੇਮੀ ਨਾਲ ਮੌਜੂਦ ਸੀ ਜਦਕਿ ਬਾਕੀ ਪਰਿਵਾਰਕ ਮੈਂਬਰ ਕਿਸੇ ਪ੍ਰੋਗਰਾਮ ’ਚ ਗਏ ਹੋਏ ਸਨ। ਜਦੋਂ ਸਵੇਰੇ ਉਕਤ ਕੁੜੀ ਦੇ ਪਰਿਵਾਰਕ ਮੈਂਬਰ ਘਰ ਆਏ ਤਾਂ ਉਨ੍ਹਾਂ ਨੂੰ ਘਰ ਦੀ ਦੂਸਰੀ ਮੰਜ਼ਿਲ ’ਤੇ ਉਸ ਦੀ ਲਾਸ਼ ਪਈ ਮਿਲੀ, ਜਿਸ ਦੇ ਗਲ਼ੇ ’ਤੇ ਕਿਸੇ ਤੇਜ਼ਧਾਰ ਹਥਿਆਰ ਦੇ ਨਿਸ਼ਾਨ ਸਨ। ਦੂਜੇ ਪਾਸੇ ਮ੍ਰਿਤਕ ਦਾ ਪ੍ਰੇਮੀ ਚੰਡੀਗੜ੍ਹ ਦੇ ਹਸਪਤਾਲ ’ਚ ਆਈਸੀਯੂ ’ਚ ਜ਼ੇਰੇ ਇਲਾਜ ਹੈ ਕਿਉਂਕਿ ਸਵੇਰ ਹੁੰਦੇ ਸਾਰ ਹੀ ਉਹ ਮ੍ਰਿਤਕ ਲੜਕੀ ਦੇ ਘਰੋਂ ਉਸਦੀ ਕਾਰ ਲੈ ਕੇ ਚਲਾ ਗਿਆ ਤੇ ਅੰਬਾਲਾ ਲਾਗੇ ਉਸ ਦਾ ਗੰਭੀਰ ਐਕਸੀਡੈਂਟ ਹੋ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।