ਹਠੂਰ, 7 ਅਪ੍ਰੈਲ ( ਭਗਵਾਨ ਭੰਗੂ, ਜਗਰੂਪ ਸੋਹੀ )-ਇਥੋਂ ਥੋੜੀ ਦੂਰ ਰਾਏਕੋਟ ਰੋਡ ਤੇ ਸਥਿਤ ਪਿੰਡ ਕਮਾਲਪੁਰਾ ਵਿਖੇ ਕਿਸਾਨ ਦੇ ਘਰ ਜਾ ਕੇ ਪਤੀ-ਪਤਨੀ ਦੀ ਕੁੱਟਮਾਰ ਕਰਨ ਵਾਲੇ ਨੌਜਵਾਨ ਨੂੰ ਪਿੰਡ ਵਾਸੀਆਂ ਨੇ ਮੌਕੇ ’ਤੇ ਕਾਬੂ ਕਰਕੇ ਪੁਲੀਸ ਹਵਾਲੇ ਕਰ ਦਿੱਤਾ। ਹਠੂਰ ਥਾਣਾ ਇੰਚਾਰਜ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਕਮਾਲਪੁਰ ਵਾਸੀ ਅਵਤਾਰ ਸਿੰਘ ਵੱਲੋਂ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਆਪਣੀ ਪਤਨੀ ਭਜਨ ਕੌਰ ਨਾਲ ਘਰ ਵਿੱਚ ਇਕੱਲਾ ਸੀ। ਉਸ ਸਮੇਂ ਉਸ ਦਾ ਜਾਣਕਾਰ ਕੇਵਲ ਸਿੰਘ ਵਾਸੀ ਪਿੰਡ ਅਖਾੜਾ ਜੋ ਕਿ ਰਾਜ ਮਿਸਤਰੀ ਦਾ ਕੰਮ ਕਰਦਾ ਹੈ, ਉਸ ਦੇ ਘਰ ਆਇਆ। ਜਿਸ ਦੇ ਹੱਥ ਵਿੱਚ ਥੈਲਾ ਫੜਿਆ ਹੋਇਆ ਸੀ। ਉਸ ਸਮੇਂ ਮੈਂ ਘਰ ਦੇ ਪਿੱਛੇ ਵਿਹੜੇ ਵਿੱਚ ਕੰਮ ਕਰ ਰਿਹਾ ਸੀ। ਕੇਵਲ ਸਿੰਘ ਮੇਰੀ ਪਤਨੀ ਨਾਲ ਗੱਲਾਂ ਕਰਨ ਲੱਗਾ। ਇਸ ਦੌਰਾਨ ਕੇਵਲ ਸਿੰਘ ਨੇ ਆਪਣੇ ਥੈਲੇ ਵਿੱਚੋਂ ਦਾਤਰ ਕੱਢ ਕੇ ਮੇਰੀ ਪਤਨੀ ਭਜਨ ਕੌਰ ’ਤੇ ਹਮਲਾ ਕਰ ਦਿੱਤਾ। ਉਸ ਦਾ ਰੌਲਾ ਸੁਣ ਕੇ ਜਦੋਂ ਮੈਂ ਆ ਕੇ ਆਪਣੀ ਪਤਨੀ ਨੂੰ ਬਚਾਉਣ ਲਈ ਕੇਵਲ ਨੂੰ ਫੜਨ ਲੱਗਾ ਤਾਂ ਉਸ ਨੇ ਮੇਰੇ ਸਿਰ ’ਤੇ ਵੀ ਦਾਤਰ ਨਾਲ ਹਮਲਾ ਕਰ ਦਿੱਤਾ। ਜਦੋਂ ਅਸੀਂ ਰੌਲਾ ਪਾਇਆ ਤਾਂ ਸਾਡੇ ਗੁਆਂਢੀ ਭਿੰਦਰ ਸਿੰਘ ਅਤੇ ਹੋਰ ਲੋਕ ਇਕੱਠੇ ਹੋ ਗਏ ਅਤੇ ਕੇਵਲ ਸਿੰਘ ਨੂੰ ਕਾਬੂ ਕਰ ਲਿਆ। ਜਦੋਂ ਅਵਤਾਰ ਸਿੰਘ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਤਾਂ ਉਸ ਨੂੰ ਮੁਢਲੀ ਸਹਾਇਤਾ ਦੇ ਕੇ ਡਾਕਟਰ ਵਲੋਂ ਲੁਧਿਆਣਾ ਰੈਫ਼ਰ ਕਰ ਦਿੱਤਾ ਗਿਆ। ਇਸ ਸਬੰਧੀ ਅਵਤਾਰ ਸਿੰਘ ਦੇ ਬਿਆਨਾਂ ’ਤੇ ਕੇਵਲ ਸਿੰਘ ਖ਼ਿਲਾਫ਼ ਥਾਣਾ ਹਠੂਰ ਵਿੱਚ ਕੇਸ ਦਰਜ ਕੀਤਾ ਗਿਆ ਹੈ।