ਦਿੜ੍ਹਬਾ(ਭੰਗੂ)ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਪੂਰੇ ਦੇਸ਼ ਵਿੱਚੋਂ ਆਪਣਾ ਅਧਾਰ ਗੁਆ ਚੁੱਕੀ ਹੈ। ਪਿਛਲੇ 10 ਸਾਲਾਂ ਵਿੱਚ ਸਿਵਾਏ ਨਫਤਰ ਫੈਲਾਉਣ ਦੇ ਮੋਦੀ ਸਰਕਾਰ ਨੇ ਕੁੱਝ ਨਹੀਂ ਕੀਤਾ। ਉਹ ਦਿੜ੍ਹਬਾ ਵਿਖੇ ਆਪਣੇ ਦਫਤਰ ਵਿੱਚ ਪੱਤਰਕਾਰਾਂ ਨਾਲ ਗਲਬਾਤ ਕਰ ਰਹੇ ਸੀ। ਚੀਮਾ ਨੇ ਕਿਹਾ ਕਿ ਭਾਜਪਾ ਲੋਕਾਂ ਅੰਦਰ ਆਪਣੀ ਸਾਖ ਬਚਾਉਣ ਲਈ ਵਿਰੋਧੀਆਂ ਨੂੰ ਈਡੀ ਦੇ ਡਰਾਵੇ ਦੇ ਕੇ ਜਾਂ ਫਿਰ ਪੈਸੇ ਦੇ ਲਾਲਚ ਦੇ ਕੇ ਖਰੀਦਣ ‘ਤੇ ਲੱਗੀ ਹੋਈ ਹੈ। ਹਰ ਸਾਲ ਕਰੋੜਾਂ ਨੌਜਵਾਨਾਂ ਨੂੰ ਨੌਕਰੀਆਂ ਦੇਣ ਵਾਲੇ ਵਾਅਦੇ ਅਤੇ 15 ਲੱਖ ਹਰ ਭਾਰਤੀ ਦੇ ਖਾਤੇ ਵਿੱਚ ਪਾਉਣ ਵਾਲੇ ਜੁਮਲੇ ਰੱਫੂਚੱਕਰ ਹੋ ਗਏ ਹਨ। ਇਹ ਨਹੀਂ ਪਤਾ ਲੱਗ ਸਕਿਆ ਕਿ ਭਾਜਪਾ ਦੇ ਕੋਲ ਕਿਹੜੀ ਵਾਸ਼ਿੰਗ ਮਸ਼ੀਨ ਹੈ ਜਿਸ ਵਿੱਚ ਧੋਣ ਤੋਂ ਬਾਅਦ ਜਿਹੜਾ ਵੀ ਕਿਸੇ ਵੀ ਪਾਰਟੀ ਦਾ ਆਗੂ ਭਾਜਪਾ ਨਾਲ ਜੁੜਦਾ ਹੈ ਉਹ ਇਮਾਨਦਾਰ ਅਤੇ ਸਾਫ ਸੁਥਰਾ ਹੋ ਜਾਂਦਾ ਹੈ। ਆਪਣੀ ਹਾਰ ਨੂੰ ਵੇਖਦੇ ਹੋਏ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਜੇਲ ਵਿੱਚ ਬੰਦ ਕੀਤਾ ਹੈ ਪਰ ਇਹ ਭੁੱਲ ਗਏ ਕਿ ਉਸ ਦੀ ਸੋਚ ਨੂੰ ਕਿਵੇਂ ਬੰਦ ਕਰੋਗੇ। ਪਿਛਲੇ ਸਾਲਾਂ ਵਿੱਚ 25 ਵਿਅਕਤੀ ਈਡੀ ਅਤੇ ਸੀਬੀਆਈ ਵੱਲੋਂ ਗ੍ਰਿਫਤਾਰ ਕੀਤੇ ਸੀ ਪਰ ਉਨ੍ਹਾਂ ਵਿੱਚੋਂ 23 ਭਾਜਪਾ ਨਾਲ ਜੁੜ ਗਏ ਤੇ ਇਮਾਨਦਾਰ ਬਣ ਗਏ। ਭਾਜਪਾ ਲੋਕਤੰਤਰ ਅਤੇ ਸੰਵਿਧਾਨ ਨੂੰ ਛਿੱਕੇ ਟੰਗ ਨੇ ਕੰਮ ਕਰ ਰਹੀ ਹੈ ਇਸ ਕਰਕੇ 2024 ਦੀ ਚੋਣ ਸੰਵਿਧਾਨ ਬਚਾਉਣ ਅਤੇ ਲੋਕਤੰਤਰ ਦੀ ਮਜਬੂਤੀ ਲਈ ਹੋ ਰਹੀ ਹੈ। ਇਸ ਵਾਰ ਵੋਟ ਸੰਵਿਧਾਨ ਨੂੰ ਬਚਾਉਣ ਲਈ ਪਾਈ ਜਾਵੇ। ਇਸ ਵਾਰ ਪੰਜਾਬ ਵਿੱਚ ਪਿਛਲੇ ਦੋ ਸਾਲਾਂ ਵਿੱਚ ਕੀਤੇ ਗਏ ਕੰਮਾਂ ਨੂੰ ਲੈ ਕੇ ਲੋਕਾਂ ਤੋਂ ਵੋਟਾਂ ਮੰਗਣ ਜਾਵੇਗੀ। ਪੰਜਾਬ ਵਿੱਚ 90 ਪ੍ਰਤੀਸ਼ਤ ਲੋਕਾਂ ਦੇ ਘਰ ਦਾ ਬਿਲ ਜ਼ੀਰੋ ਆਉਦਾ ਹੈ ਜੋ ਕਿ ਪਹਿਲੀ ਵਾਰ ਹੋਇਆ ਹੈ। ਪ੍ਰਾਈਵੇਟ ਥਰਮਲ ਪਲਾਂਟ ਖਰੀਦ ਦੇ ਲੋਕਾਂ ਦੇ ਹਵਾਲੇ ਕੀਤੇ ਹਨ। ਇਸ ਦੇ ਨਾਲ ਹੀ ਹਰ ਖੇਤ ਨੂੰ ਨਹਿਰੀ ਪਾਣੀ ਲਾਉਣ ਦੀ ਪੂਰੀ ਕੋਸ਼ਿਸ ਕਾਮਯਾਬ ਹੋ ਰਹੀ ਹੈ। ਇਸ ਮੌਕੇ ਸੂਬਾ ਆਗੂ ਜਸਵੀਰ ਕੌਰ ਸ਼ੇਰਗਿੱਲ, ਦਰਸ਼ਨ ਸਿੰਘ ਪ੍ਰਧਾਨ ਆੜਤੀ ਐਸੋਸੀਏਸ਼ਨ, ਟਰੱਕ ਯੂਨੀਅਨ ਦੇ ਪ੍ਰਧਾਨ ਅਵਤਾਰ ਸਿੰਘ ਤਾਰੀ, ਨਿਰਭੈ ਸਿੰਘ ਝਿੰਜਰ, ਜਗਸੀਰ ਸਿੰਘ ਸੀਰਾ, ਗੁਰਤੇਜ ਸਿੰਘ ਅਤੇ ਹੋਰ ਹਾਜਰ ਸਨ।