ਚੰਡੀਗੜ੍ਹ, 10 ਫਰਵਰੀ (ਰਾਜੇਸ ਜੈਨ-ਭਗਵਾਨ ਭੰਗੂ) ਕੌਮੀ ਇਨਸਾਫ ਮੋਰਚੇ ਦੇ ਜੱਥੇ ਅਤੇ ਪੁਲੀਸ ਵਿਚਾਲੇ ਹੋਏ ਟਕਰਾਅ ਤੋਂ ਬਾਅਦ ਪੰਜਾਬ ਪੁਲੀਸ ਅਤੇ ਚੰਡੀਗੜ੍ਹ ਪੁਲੀਸ ਦੇ ਸੀਨੀਅਰ ਅਧਿਕਾਰੀਆਂ ਵਿਚਾਲੇ ਅੱਜ ਪੰਜਾਬ ਪੁਲੀਸ ਹੈਡਕੁਆਰਟਰ ਵਿਖੇ ਦੋਵਾਂ ਪੁਲੀਸ ਬਲਾਂ ਵਿਚਾਲੇ ਬਿਹਤਰ ਤਾਲਮੇਲ ਕਾਇਮ ਰੱਖਣ ਲਈ ਇੱਕ ਤਾਲਮੇਲ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਪੰਜਾਬ ਅਤੇ ਚੰਡੀਗੜ੍ਹ ਦੇ ਡੀ ਜੀ ਪੀ ਤੋਂ ਇਲਾਵਾ, ਏ ਡੀ ਜੀ ਪੀ ਲਾਅ ਐਂਡ ਆਰਡਰ, ਆਈ ਜੀ ਰੂਪਨਗਰ ਰੇਂਜ ਸਮੇਤ ਚੰਡੀਗੜ੍ਹ ਅਤੇ ਮੁਹਾਲੀ ਦੇ ਐਸ ਐਸ ਪੀ ਸ਼ਾਮਿਲ ਹੋਏ।
ਚੰਡੀਗੜ੍ਹ ਪੁਲੀਸ ਵਲੋਂ ਮੁਹਾਲੀ ਦੇ ਵਾਈ ਪੀ ਐਸ ਚੌਂਕ ਨੇੜੇ ਲਗਾਏ ਗਏ ਕੌਮੀ ਇਨਸਾਫ ਮੋਰਚੇ ਦੇ ਜੱਥੇ ਦੇ ਮੈਂਬਰਾਂ ਨਾਲ ਹੋਏ ਟਕਰਾਅ ਤੋਂ ਬਾਅਦ ਹੁਣ ਇਸ ਚੌਂਕ ਦੇ ਚੰਡੀਗੜ੍ਹ ਵਾਲੇ ਪਾਸੇ ਬਾਕਾਇਦਾ ਕੰਡਿਆਲੀ ਤਾਰ ਲਗਾ ਕੇ ਬੈਰੀਕੇਡਿੰਗ ਕਰ ਦਿੱਤੀ ਹੈ ਅਤੇ ਇਸਦੇ ਨਾਲ ਹੀ ਇਸ ਖੇਤਰ ਵਿੱਚ ਚੰਡੀਗੜ੍ਹ ਜਾਣ ਵਾਲੇ ਛੋਟੇ ਰਸਤਿਆਂ ਨੂੰ ਵੀ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਮੋਰਚੇ ਦੇ ਨੇੜੇ ਪੰਜਾਬ ਪੁਲੀਸ ਵੀ ਤੈਨਾਤ ਕਰ ਦਿੱਤੀ ਗਈ ਹੈ। ਮੌਕੇ ਤੇ ਚੰਡੀਗੜ੍ਹ ਪੁਲੀਸ ਵਲੋਂ ਸਪੀਕਰ ਲਗਾ ਕੇ ਪੁਲੀਸ ਜਵਾਨਾਂ ਦਾ ਹੌਂਸਲਾ ਵਧਾਇਆ ਜਾ ਰਿਹਾ ਹੈ। ਬੀਤੇ ਦਿਨ ਇਸ ਸਰਹੱਦ ਤੇ ਕੌਮੀ ਇਨਸਾਫ ਮੋਰਚੇ ਦੇ ਮਂੈਬਰਾਂ ਨਾਲ ਹੋਏ ਟਕਰਾਅ ਅਤੇ ਹਿੰਸਾ ਤੋਂ ਬਾਅਦ ਇਹ ਸਰਹੱਦ ਪੂਰੀ ਤਰਾਂ ਸੰਵੇਦਨਸ਼ੀਲ ਬਣੀ ਹੋਈ ਹੈ ਅਤੇ ਚੰਡੀਗੜ੍ਹ ਪੁਲੀਸ ਵਲੋਂ ਹਰ ਤਰ੍ਹਾਂ ਦੀ ਸਥਿਤੀ ਦਾ ਸਾਹਮਣਾ ਕਰਨ ਲਈ ਵਿਸ਼ੇਸ ਪ੍ਰਬੰਧ ਕੀਤੇ ਗਏ ਹਨ। ਸਰਹੱਦ ਤੇ ਚੰਡੀਗੜ੍ਹ ਪੁਲੀਸ ਦੇ ਨਾਲ ਭਾਰੀ ਗਿਣਤੀ ਵਿੱਚ ਮੁਹਾਲੀ ਪੁਲੀਸ ਵੀ ਤੈਨਾਤ ਹੈ ਅਤੇ ਦੋਵਾਂ ਵਲੋਂ ਕੌਮੀ ਇਨਸਾਫ ਮੋਰਚੇ ਦੇ ਮਂੈਬਰਾਂ ਤੇ ਨਜਰ ਰਖੀ ਜਾ ਰਹੀ ਹੈ।
ਇਸ ਦੌਰਾਨ ਕੌਮੀ ਇਨਸਾਫ ਮੋੋਰਚੇ ਦਾ ਇੱਕ ਜੱਥਾ ਚੰਡੀਗੜ੍ਹ ਵਿੱਚ ਪੰਜਾਬ ਦੇ ਮੁੱਖ ਮੰਤਰੀ ਨਿਵਾਸ ਲਈ ਰਵਾਨਾ ਹੋਇਆ ਪਰੰਤੂ ਚੰਡੀਗੜ੍ਹ ਪੁਲੀਸ ਵਲੋਂ ਜੱਥੇ ਦੇ ਮੈਂਬਰਾਂ ਨੂੰ ਮੁਹਾਲੀ ਸਰਹੱਦ ਤੇ ਬੈਰੀਕੇਡ ਅਤੇ ਕੰਡਿਆਲੀ ਤਾਰ ਲਗਾ ਕੇ ਰੋਕ ਲਿਆ ਗਿਆ। ਇਸ ਦੌਰਾਨ ਜੱਥੇ ਦੇ ਮੈਂਬਰਾਂ ਵਲੋਂ ਬਾਰਡਰ ਤੇ ਹੀ ਸ਼ਾਂਤਮਈ ਤਰੀਕੇ ਨਾਲ ਜਾਪ ਸ਼ੁਰੂ ਕਰ ਦਿੱਤਾ ਗਿਆ ਅਤੇ ਬਾਅਦ ਵਿੱਚ ਇਹ ਜੱਥਾ ਮੋਰਚੇ ਵਾਲੀ ਥਾਂ ਤੇ ਪਰਤ ਆਇਆ
