ਅੰਮ੍ਰਿਤਸਰ (ਰੋਹਿਤ ਗੋਇਲ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਪ੍ਰਧਾਨਗੀ ਹੇਠ ਹੋਈ ਧਰਮ ਪ੍ਰਚਾਰ ਕਮੇਟੀ ਦੀ ਇਕੱਤਰਤਾ ’ਚ ਖ਼ਾਲਸਈ ਜਾਹੋ ਜਲਾਲ ਦੇ ਪ੍ਰਤੀਕ ਹੋਲੇ ਮਹੱਲੇ ਨੂੰ ਧਾਰਮਿਕ ਪ੍ਰੰਪਰਾਵਾਂ ਅਨੁਸਾਰ ਮਨਾਉਂਣ ਦੀ ਅਪੀਲ ਕਰਦਿਆ ਇਸ ਮੌਕੇ ਕਿਸੇ ਵੀ ਤਰ੍ਹਾਂ ਦੀ ਹੁੱਲੜਬਾਜ਼ੀ ਤੋਂ ਦੂਰ ਰਹਿਣ ਲਈ ਕਿਹਾ ਗਿਆ। ਇਸ ਦੇ ਨਾਲ ਹੀ ਤੀਜੇੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਦੀ 450 ਸਾਲਾ ਸ਼ਤਾਬਦੀ ਸਬੰਧੀ ਗੁਰਦੁਆਰਾ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਇਕ ਵਿਸ਼ੇਸ਼ ਦਫ਼ਤਰ ਖੋਲ੍ਹਣ ਨੂੰ ਵੀ ਪ੍ਰਵਾਨਗੀ ਦਿੱਤੀ ਗਈ। ਸ੍ਰੀ ਗੁਰੂ ਰਾਮਦਾਸ ਮੈਡੀਕਲ ਯੂਨੀਵਰਸਿਟੀ ਵੱਲ੍ਹਾ ਵਿਖੇ ਹੋਈ ਇਕੱਤਰਤਾ ਮਗਰੋਂ ਗੱਲ ਕਰਦਿਆਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ’ਤੇ ਹੋਲਾ ਮਹੱਲਾ ਮਨਾਉਂਣ ਦੀ ਪ੍ਰੰਪਰਾ ਆਰੰਭ ਕੀਤੀ ਸੀ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਕੁਝ ਸ਼ਰਾਰਤੀ ਲੋਕ ਗੁਰੂ ਘਰ ਦੀ ਮਰਿਆਦਾ ਉਲਟ ਹੁੱਲੜਬਾਜ਼ੀ ਕਰਕੇ ਸੰਗਤਾਂ ਲਈ ਪੇ੍ਰਸ਼ਾਨੀ ਪੈਦਾ ਕਰਦੇ ਹਨ।ਐਡਵੋਕੇਟ ਧਾਮੀ ਨੇ ਕਿਹਾ ਕਿ ਹੋਲਾ ਮਹੱਲਾ ਖਾਲਸਾਈ ਜਾਹੋ ਜਲਾਲ ਦਾ ਪ੍ਰਤੀਕ ਹੈ, ਜਿਸ ਨੂੰ ਧਾਰਮਿਕ ਪ੍ਰੰਪਰਾਵਾਂ ਅਨੁਸਾਰ ਹੀ ਮਨਾਉਣਾ ਚਾਹੀਦਾ ਹੈ। ਉਨ੍ਹਾਂ ਨੌਜੁਆਨੀ ਨੂੰ ਅਪੀਲ ਕੀਤੀ ਕਿ ਉਹ ਗੁਰੂ ਘਰ ਜਾਣ ਸਮੇਂ ਮਰਿਆਦਾ ਦਾ ਖਿਆਲ ਰੱਖਣ ਅਤੇ ਕਿਸੇ ਤਰ੍ਹਾਂ ਦੀ ਹੁਲੜਬਾਜ਼ੀ ਤੋਂ ਦੂਰ ਰਹਿਣ। ਐਡਵੋਕੇਟ ਧਾਮੀ ਨੇ ਇਹ ਵੀ ਦੱਸਿਆ ਕਿ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਦੀ 450 ਸਾਲਾ ਸ਼ਤਾਬਦੀ ਸਤੰਬਰ ਮਹੀਨੇ ਗੋਇੰਦਵਾਲ ਸਾਹਿਬ ਵਿਖੇ ਮਨਾਈ ਜਾ ਰਹੀ ਹੈ। ਇਸ ਸਬੰਧੀ ਸਬ-ਕਮੇਟੀ ਬਣਾਈ ਗਈ ਸੀ, ਜਿਸ ਦੀ ਰਿਪੋਰਟ ਅਨੁਸਾਰ ਸ਼ਤਾਬਦੀ ਸਮਾਗਮਾਂ ਨੂੰ ਲੈ ਕੇ ਜਿਥੇ ਗੁਰਦੁਆਰਾ ਬਾਉਲੀ ਸਾਹਿਬ ਗੋਇੰਦਵਾਲ ਸਾਾਹਿਬ ਵਿਖੇ ਧਰਮ ਪ੍ਰਚਾਰ ਕਮੇਟੀ ਦਾ ਦਫ਼ਤਰ ਖੋਲ੍ਹਿਆ ਜਾਵੇਗਾ, ਉਥੇ ਹੀ ਖਾਲਸਾ ਸਾਜਣਾ ਦਿਵਸ ਵਿਸਾਖੀ ਮੌਕੇ 14 ਅਪ੍ਰੈਲ ਨੂੰ ਸ਼ਤਾਬਦੀ ਨੂੰ ਸਮਰਪਤ ਗੁਰਮਤਿ ਸਮਾਗਮ ਅਤੇ ਅੰਮ੍ਰਿਤ ਸੰਚਾਰ ਸਮਾਗਮ ਕਰਵਾਇਆ ਜਾਵੇਗਾ। ਇਕੱਤਰਤਾ ਵਿਚ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਆਫ਼ ਐਡਵਾਂਸ ਸਟੱਡੀਜ਼ ਇਨ ਸਿੱਖਇਜ਼ਮ, ਬਹਾਦਰਗੜ੍ਹ ਪਟਿਆਲਾ ਵਿਖੇ ਜੁਡੀਸ਼ੀਅਲ ਅਕੈਡਮੀ ਸ਼ੁਰੂ ਕਰਨ ਲਈ ਕਲਾਸ ਰੂਮ ਅਤੇ ਲੜਕੀਆਂ ਵਾਸਤੇ ਹੋਸਟਲ ਤਿਆਰ ਕਰਨ ਦੇ ਕਾਰਜਾਂ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਹੈ।
ਇਸ ਦੇ ਨਾਲ ਹੀ ਧਰਮ ਪ੍ਰਚਾਰ ਕਮੇਟੀ ਨਾਲ ਸਬੰਧਤ ਹੋਰ ਵੱਖ-ਵੱਖ ਕਾਰਜਾਂ ਨੂੰ ਵੀ ਪ੍ਰਵਾਨਗੀਆਂ ਦਿੱਤੀਆਂ ਗਈਆਂ। ਇਕੱਤਰਤਾ ’ਚ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਪ੍ਰਿਤਪਾਲ ਸਿੰਘ, ਭਾਈ ਅਜਾਇਬ ਸਿੰਘ ਅਭਿਆਸੀ, ਸੁਖਵਰਸ਼ ਸਿੰਘ ਪੰਨੂ, ਰਾਮਪਾਲ ਸਿੰਘ ਬਹਿਣੀਵਾਲ, ਅਵਤਾਰ ਸਿੰਘ ਵਣਵਾਲਾ, ਮਨਜੀਤ ਸਿੰਘ ਬੱਪੀਆਣਾ, ਤੇਜਿੰਦਰਪਾਲ ਸਿੰਘ ਲਾਡਵਾ, ਅਮਰਜੀਤ ਸਿੰਘ ਬੰਡਾਲਾ, ਪ੍ਰਧਾਨ ਦੇ ਓਐਸਡੀ ਸਤਬੀਰ ਸਿੰਘ ਧਾਮੀ, ਸਕੱਤਰ ਬਲਵਿੰਦਰ ਸਿੰਘ ਕਾਹਲਵਾਂ, ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਦੇ ਡੀਨ ਏਪੀ ਸਿੰਘ, ਮੀਤ ਸਕੱਤਰ ਪ੍ਰੋ. ਸੁਖਦੇਵ ਸਿੰਘ, ਇੰਚਾਰਜ ਕਰਤਾਰ ਸਿੰਘ, ਬਲਦੇਵ ਸਿੰਘ ਆਦਿ ਮੌਜੂਦ ਸਨ।