ਸ਼ਾਹਕੋਟ/ਮਲਸੀਆਂ(ਵਿਕਾਸ ਮਠਾੜੂ-ਧਰਮਿੰਦਰ )ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਡਾ. ਬੀਆਰ ਅੰਬੇਡਕਰ ਆਰਮੀ ਪੰਜਾਬ ਵੱਲੋਂ ਪ੍ਰਧਾਨ ਵੀਰ ਕੁਲਵੰਤ ਸਿੰਘ ਕੰਤਾ ਦੀ ਅਗਵਾਈ ਹੇਠ ਮੋਟਰਸਾਈਕਲ ਮਾਰਚ ਕੱਿਢਆ ਗਿਆ, ਜੋ ਦਾਣਾ ਮੰਡੀ ਰੂਪੇਵਾਲ ਤੋਂ ਸ਼ੁਰੂ ਹੋ ਕੇ ਮਲਸੀਆਂ, ਸ਼ਾਹਕੋਟ ਤੋਂ ਹੁੰਦਾ ਹੋਇਆ ਢੰਡੋਵਾਲ ਵਿਖੇ ਸਮਾਪਤ ਹੋਇਆ। ਇਸ ਦੌਰਾਨ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਸਬੰਧੀ ਇਕ ਮੰਗ ਪੱਤਰ ਰਾਸ਼ਟਰਪਤੀ ਦੋ੍ਪਦੀ ਮੁਰਮੂ ਦੇ ਨਾਮ ਤਹਿਸੀਲਦਾਰ ਸ਼ਾਹਕੋਟ ਹਰਮਿੰਦਰ ਸਿੰਘ ਨੂੰ ਸੌਂਪਿਆ ਗਿਆ। ਇਸ ਮੌਕੇ ਕੌਮੀ ਇਨਸਾਫ ਮੋਰਚੇ ਵੱਲੋਂ ਭਾਈ ਪਾਲ ਸਿੰਘ ਫਰਾਂਸ ਤੇ ਸ਼ੋ੍ਮਣੀ ਰੰਘਰੇਟਾ ਦਲ ਦੇ ਪ੍ਰਧਾਨ ਬਲਬੀਰ ਸਿੰਘ ਚੀਮਾ ਨੇ ਵੀ ਸ਼ਿਰਕਤ ਕੀਤੀ।
ਇਸ ਮੌਕੇ ਗੱਲਬਾਤ ਕਰਦਿਆਂ ਭਾਈ ਪਾਲ ਸਿੰਘ ਫਰਾਂਸ ਨੇ ਕਿਹਾ ਕਿ ਸਜ਼ਾਵਾਂ ਪੂਰੀਆਂ ਹੋਣ ਤੋਂ ਬਾਅਦ ਵੀ ਬੰਦੀ ਸਿੰਘਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ। ਜਥੇਦਾਰ ਜਗਤਾਰ ਸਿੰਘ ਹਵਾਰਾ ਖ਼ਿਲਾਫ਼ ਦਿੱਲੀ ‘ਚ ਕੋਈ ਵੀ ਮਾਮਲਾ ਨਹੀਂ ਹੈ, ਫਿਰ ਵੀ ਉਨ੍ਹਾਂ ਨੂੰ ਤਿਹਾੜ ਜੇਲ੍ਹ ‘ਚ ਕੈਦ ਕੀਤਾ ਹੋਇਆ ਹੈ। ਮੋਹਾਲੀ ਤੇ ਚੰਡੀਗੜ੍ਹ ਵਿਖੇ 1998 ‘ਚ 4 ਮਾਮਲੇ ਦਰਜ ਹੋਏ ਸਨ ਪਰ 24 ਸਾਲ ਬੀਤਣ ਤੋਂ ਬਾਅਦ ਵੀ ਅਜੇ ਤਕ ਕੋਈ ਚਾਰਜਸ਼ੀਟ ਪੇਸ਼ ਨਹੀ ਕੀਤੀ ਗਈ ਤੇ ਨਾ ਹੀ ਕੋਰਟ ‘ਚ ਪੇਸ਼ ਕੀਤਾ ਜਾ ਰਿਹਾ ਹੈ, ਜਦਕਿ ਇਨ੍ਹਾਂ ਮਾਮਲਿਆਂ ‘ਚ ਵੱਧ ਤੋਂ ਵੱਧ 10 ਸਾਲ ਦੀ ਕੈਦ ਹੋ ਸਕਦੀ ਹੈ। ਭਾਈ ਪਾਲ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਕਰ ਕੇ ਹੀ ਸਜ਼ਾ ਪੂਰੀ ਕਰ ਚੁੱਕੇ ਸਿੰਘ ਅਜੇ ਤਕ ਜੇਲ੍ਹਾਂ ਵਿਚ ਬੰਦ ਹਨ। ਅੰਬੇਡਕਰ ਆਰਮੀ ਦੇ ਪ੍ਰਧਾਨ ਵੀਰ ਕੁਲਵੰਤ ਸਿੰਘ ਕੰਤਾ ਤੇ ਸ਼ੋ੍ਮਣੀ ਰੰਘਰੇਟਾ ਦਲ ਦੇ ਪ੍ਰਧਾਨ ਬਲਬੀਰ ਸਿੰਘ ਚੀਮਾ ਨੇ ਕਿਹਾ ਕਿ ਸਰਕਾਰ ਸਿੱਖ ਕੌਮ ਨਾਲ ਹੀ ਧੱਕਾ ਕਰਦੀ ਆ ਰਹੀ ਹੈ। ਬਿਲਕਿਸ ਬਾਨੋ ਦੇ ਪਰਿਵਾਰ ਤੇ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਸਮੇ ਤੋਂ ਪਹਿਲਾਂ ਛੱਡਿਆ ਜਾ ਸਕਦਾ ਹੈ ਤਾਂ ਸਜ਼ਾ ਪੂਰੀ ਹੋਣ ਤੋਂ ਬਾਅਦ ਬੰਦੀ ਸਿੰਘਾਂ ਨੂੰ ਕਿਸ ਕਾਨੂੰਨ ਅਨੁਸਾਰ ਅਜੇ ਤਕ ਜੇਲ੍ਹ ‘ਚ ਬੰਦ ਰੱਖਿਆ ਹੋਇਆ ਹੈ। ਕੌਮੀ ਇਨਸਾਫ ਮੋਰਚੇ ਦੀਆਂ ਸਾਰੀਆਂ ਮੰਗਾਂ ਜਾਇਜ਼ ਤੇ ਵਾਜਬ ਹਨ। ਉਨ੍ਹਾਂ ਸਰਕਾਰ ਪਾਸੋਂ ਬੰਦੀ ਸਿੰਘਾਂ ਨੂੰ ਜਲਦ ਰਿਹਾਅ ਕਰਨ ਦੀ ਮੰਗ ਕੀਤੀ। ਇਸ ਮੌਕੇ ਕਪਿਲ ਚੋਪੜਾ, ਸੁਰਜੀਤ ਸਿੰਘ ਸਾਬਕਾ ਸਰਪੰਚ, ਰੋਸ਼ਨ ਬਹਿਲ, ਨਰੇਸ਼ ਸਭਰਵਾਲ, ਸੰਦੀਪ ਸਿੰਘ ਉਧੋਵਾਲ, ਵਿਜੇ ਬਰਸਾਲ, ਪਰਮਜੀਤ ਸਿੰਘ ਜੱਬੋਵਾਲ, ਚਰਨਜੀਤ ਸਿੰਘ ਸਲੈਚਾ, ਸੰਨੀ ਬਾਬਾ, ਸੁਰਜੀਤ ਮਲਸੀਆਂ, ਦਲਬੀਰ ਸਿੰਘ ਸਭਰਵਾਲ, ਮੰਗਾ ਮੱਟੂ, ਦਿਲਪ੍ਰਰੀਤ ਸੈਣੀ, ਸੰਨੀ ਬੀਰਪਿੰਡ, ਡਾ. ਬੂਟਾ, ਰਾਜਾ ਚੋਪੜਾ, ਸੰਦੀਪ ਪੁਰਸ਼ਾਰਥੀ, ਗੁਰਮੇਲ ਸਿੰਘ ਈਦਾ, ਦੀਪਾ ਈਦਾ, ਧੀਰਾ ਡੀਜੇ, ਰੰਧਾਵਾ ਡੱਲਾ, ਮੋਨੂੰ ਕੰਠ, ਹਰਜੀਤ ਬਾਰੂ, ਜੀਤਾ ਕੰਨੀਆਂ ਆਦਿ ਹਾਜ਼ਰ ਸਨ।