ਚੰਡੀਗੜ੍ਹ (ਰਾਜਨ ਜੈਨ) ਲੰਬੀ ਉਡੀਕ ਤੋਂ ਬਾਅਦ ਹੀ ਭਾਰਤੀ ਜਨਤਾ ਪਾਰਟੀ (BJP) ਨੇ ਚੰਡੀਗੜ੍ਹ ਤੋਂ ਲੋਕ ਸਭਾ ਚੋਣਾਂ ਲਈ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ।ਬੀਜੇਪੀ ਨੇ ਬੁੱਧਵਾਰ ਨੂੰ ਸਥਾਨਕ ਸੀਨੀਅਰ ਨੇਤਾ ਸੰਜੇ ਟੰਡਨ ਨੂੰ ਟਿਕਟ ਦਿੱਤੀ ਹੈ। ਭਾਜਪਾ ਦੀ ਰਾਸ਼ਟਰੀ ਹਾਈਕਮਾਂਡ ਦੀ ਸੂਚੀ ਵਿਚ ਜਾਰੀ ਕੀਤੇ ਗਏ ਉਮੀਦਵਾਰਾਂ ‘ਚ ਚੰਡੀਗੜ੍ਹ ਨੂੰ ਵੀ ਸ਼ਾਮਲ ਕੀਤਾ ਗਿਆ ਤੇ ਸੰਜੇ ਟੰਡਨ ‘ਤੇ ਭਰੋਸਾ ਪ੍ਰਗਟਾਇਆ ਗਿਆ।ਚੰਡੀਗੜ੍ਹ ਤੋਂ ਸੰਸਦ ਮੈਂਬਰ ਕਿਰਨ ਖੇਰ ਸਮੇਤ ਕਈ ਆਗੂ ਉਮੀਦਵਾਰ ਬਣਨ ਦੇ ਦਾਅਵੇ ਕਰ ਰਹੇ ਸਨ। ਭਾਜਪਾ ਨੇ ਇਸ ਵਾਰ ਦੋ ਵਾਰ ਸੰਸਦ ਮੈਂਬਰ ਰਹਿ ਚੁੱਕੀ ਕਿਰਨ ਖੇਰ ਦੀ ਟਿਕਟ ਰੱਦ ਕਰ ਕੇ ਸੰਜੇ ਟੰਡਨ ਨੂੰ ਮੌਕਾ ਦਿੱਤਾ ਹੈ। ਖੇਰ ਤੋਂ ਇਲਾਵਾ ਸਾਬਕਾ ਪ੍ਰਧਾਨ ਅਰੁਣ ਸੂਦ, ਸਾਬਕਾ ਮੇਅਰ ਅਨੂਪ ਗੁਪਤਾ ਅਤੇ ਸੰਦੀਪ ਸੰਧੂ ਵੀ ਟਿਕਟ ਦੀ ਦੌੜ ‘ਚ ਸ਼ਾਮਲ ਸਨ।10 ਸਤੰਬਰ 1963 ਨੂੰ ਜਨਮੇ ਸੰਜੇ ਟੰਡਨ ਮਸ਼ਹੂਰ ਸਿਆਸਤਦਾਨ ਹਨ। ਬਲਰਾਮ ਦਾਸ ਟੰਡਨ ਦੇ ਪੁੱਤਰ ਹਨ। ਬਲਰਾਮ ਜੀ ਦਾਸ ਟੰਡਨ ਸਾਬਕਾ ਮੰਤਰੀ, ਸਾਬਕਾ ਰਾਜਪਾਲ ਤੇ ਜੈਨ ਸੰਘ ਦੇ ਸੰਸਥਾਪਕ ਮੈਂਬਰਾਂ ‘ਚੋਂ ਇੱਕ ਰਹੇ ਹਨ। ਸੰਜੇ ਦਾ ਜਨਮ ਅੰਮ੍ਰਿਤਸਰ ‘ਚ ਹੋਇਆ ਸੀ ਤੇ ਆਪਣੀ ਮੁੱਢਲੀ ਸਿੱਖਿਆ ਇੱਥੋਂ ਹੀ ਪੂਰੀ ਕੀਤੀ। ਸੰਜੇ ਟੰਡਨ ਚੰਡੀਗੜ੍ਹ ਦੀ ਸਿਆਸਤ ਦੇ ਸੀਨੀਅਰ ਆਗੂ ਹਨ।ਉਹ ਲੰਮਾ ਸਮਾਂ ਚੰਡੀਗੜ੍ਹ ਭਾਜਪਾ ਦੇ ਸੂਬਾ ਪ੍ਰਧਾਨ ਵੀ ਰਹੇ।
ਇਸ ਸਮੇਂ ਉਹ ਹਿਮਾਚਲ ਪ੍ਰਦੇਸ਼ ਦੇ ਸਹਿ-ਇੰਚਾਰਜ ਦੀ ਭੂਮਿਕਾ ਵੀ ਨਿਭਾਅ ਰਹੇ ਹਨ। ਇਸ ਤੋਂ ਇਲਾਵਾ ਲੋਕਾਂ ਨਾਲ ਉਨ੍ਹਾਂ ਦਾ ਨਿੱਜੀ ਸੰਪਰਕ ਵੀ ਉਨ੍ਹਾਂ ਨੂੰ ਉਮੀਦਵਾਰ ਬਣਾਉਣ ਵਿਚ ਕਾਫੀ ਸਹਾਈ ਰਿਹਾ। ਖਾਸ ਗੱਲ ਇਹ ਹੈ ਕਿ ਸੰਜੇ ਸਿੰਘ ਚਾਰਟਰਡ ਅਕਾਊਂਟੈਂਟ ਹਨ ਅਤੇ ਐਸ ਟੰਡਨ ਐਂਡ ਐਸੋਸੀਏਟਸ ਦੇ ਨਾਂ ਹੇਠ ਆਪਣੀ ਪ੍ਰੈਕਟਿਸ ਸ਼ੁਰੂ ਕੀਤੀ।ਲੋਕਲ ਦੀ ਹੋ ਰਹੀ ਸੀ ਮੰਗ
ਲੋਕ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਤੋਂ ਹੀ ਚੰਡੀਗੜ੍ਹ ‘ਚ ਇਸ ਵਾਰ ਸਥਾਨਕ ਉਮੀਦਵਾਰ ਬਣਾਉਣ ਦੀ ਮੰਗ ਉੱਠ ਰਹੀ ਸੀ। ਵਿਰੋਧੀ ਧਿਰ ਲਗਾਤਾਰ ਸੰਸਦ ਮੈਂਬਰ ਕਿਰਨ ਖੇਰ ‘ਤੇ ਹਮਲੇ ਕਰ ਰਹੀ ਸੀ ਕਿਉਂਕਿ ਉਹ ਸ਼ਹਿਰ ‘ਚ ਘੱਟ ਰਹੀ। ਇਸ ਤੋਂ ਬਾਅਦ ਸ਼ਹਿਰ ਵਾਸੀਆਂ ਵੱਲੋਂ ਵੀ ਲਗਾਤਾਰ ਮੰਗ ਕੀਤੀ ਜਾ ਰਹੀ ਸੀ ਕਿ ਚੰਡੀਗੜ੍ਹ ‘ਚ ਜੋ ਵੀ ਸੰਸਦ ਮੈਂਬਰ ਬਣੇ ਉਹ ਸਥਾਨਕ ਹੋਣਾ ਚਾਹੀਦਾ ਹੈ। ਭਾਜਪਾ ਵੱਲੋਂ ਵੀ ਇਸ ਸਬੰਧੀ ਲਗਾਤਾਰ ਲੋਕਾਂ ਤੋਂ ਸਰਵੇ ਕਰਵਾ ਕੇ ਉਨ੍ਹਾਂ ਦੀ ਰਾਏ ਲਈ ਜਾ ਰਹੀ ਸੀ। ਇਨ੍ਹਾਂ ਸਾਰੀਆਂ ਗੱਲਾਂ ਦੇ ਮੱਦੇਨਜ਼ਰ ਸੰਜੇ ਟੰਡਨ ਨੂੰ ਮੌਕਾ ਦਿੱਤਾ ਗਿਆ।
ਲੇਖਕ ਵੀ ਹਨ ਸੰਜੇ
ਸੰਜੇ ਇਕ ਸਿਆਸਤਦਾਨ ਹੀ ਨਹੀਂ ਸਗੋਂ ਲੇਖਕ ਵੀ ਹਨ। ਉਨ੍ਹਾਂ ਆਪਣੀ ਪਤਨੀ ਪ੍ਰਿਆ ਐਸ. ਟੰਡਨ ਨਾਲ ਮਿਲ ਕੇ ਸੱਤ ਪੁਸਤਕਾਂ ਲਿਖੀਆਂ ਹਨ। ਇਨ੍ਹਾਂ ਪੁਸਤਕਾਂ ਦੇ ਨਾਂ ਇਸ ਤਰ੍ਹਾਂ ਹਨ- ਸਨਰੇਜ਼ ਫਾਰ ਸੰਡੇ, ਸਨਰੇਜ਼ ਫਾਰ ਮੰਡੇ, ਸਨਰੇਜ਼ ਫਾਰ ਟਿਊਜ਼ਡੇ, ਸਨਰੇਜ਼ ਫਾਰ ਵੈਡਨਸਡੇ, ਸਨਰੇਜ਼ ਫਾਰ ਥਰਸਟਡੇ, ਸਨਰੇਜ਼ ਫਾਰ ਫ੍ਰਾਈਡੇ ਤੇ ਸਨਰੇਜ਼ ਫਾਰ ਸੈਟਰਡੇ। ਸਨਰੇਜ਼ ਸੀਰੀਜ਼ ਦੀਆਂ ਪੁਸਤਕਾਂ ‘ਚ ਭਗਵਾਨ ਸ਼੍ਰੀ ਸਤਿਆ ਸਾਈਂ ਬਾਬਾ ਦੀਆਂ ਸਿੱਖਿਆਵਾਂ ‘ਤੇ ਆਧਾਰਤ ਪ੍ਰੇਰਨਾਦਾਇਕ ਲਘੂ ਕਥਾਵਾਂ ਸ਼ਾਮਲ ਹਨ। ਪਹਿਲੀਆਂ ਤਿੰਨ ਕਿਤਾਬਾਂ ਹਿੰਦੀ ਤੇ ਦੋ ਤੇਲਗੂ ‘ਚ ਵੀ ਪ੍ਰਕਾਸ਼ਿਤ ਹੋ ਚੁੱਕੀਆਂ ਹਨ।
ਤਿੰਨ ਚੋਣਾਂ ਦੀ ਮੰਗ ਕਰ ਰਹੇ ਸਨ
ਸੰਜੇ ਟੰਡਨ ਚੰਡੀਗੜ੍ਹ ਤੋਂ ਉਮੀਦਵਾਰ ਬਣਨ ਲਈ ਪਿਛਲੀਆਂ ਦੋ ਚੋਣਾਂ ਤੋਂ ਟਿਕਟ ਦੀ ਮੰਗ ਕਰ ਰਹੇ ਸਨ। ਪਿਛਲੀਆਂ ਚੋਣਾਂ ‘ਚ ਵੀ ਉਨ੍ਹਾਂ ਦੇ ਨਾਂ ਦੀ ਚਰਚਾ ਰਹੀ ਸੀ। 2014 ਦੀਆਂ ਚੋਣਾਂ ‘ਚ ਸੰਜੇ ਟੰਡਨ ਦੇ ਨਾਲ ਸਾਬਕਾ ਸੰਸਦ ਮੈਂਬਰ ਸਤਪਾਲ ਜੈਨ ਵੀ ਮੁਕਾਬਲੇਬਾਜ਼ ਸਨ। ਟਕਰਾਅ ਨੂੰ ਦੇਖਦੇ ਹੋਏ ਹੀ ਅਦਾਕਾਰਾ ਕਿਰਨ ਖੇਰ ਨੂੰ ਮੌਕਾ ਮਿਲਿਆ ਸੀ। ਇਸ ਤੋਂ ਬਾਅਦ 2019 ਦੀ ਚੋਣ ‘ਚ ਵੀ ਸੰਜੇ ਟੰਡਨ ਟਿਕਟ ਦੇ ਦਾਅਵੇਦਾਰ ਸਨ ਪਰ ਸੰਸਦ ਮੈਂਬਰ ਕਿਰਨ ਖੇਰ ਨੂੰ ਦੁਬਾਰਾ ਟਿਕਟ ਮਿਲੀ।
ਭਰੋਸੇ ‘ਤੇ ਖਰਾ ਉਤਰ ਕੇ ਦਿਖਾਵਾਂਗਾ
ਟਿਕਟ ਮਿਲਣ ਤੋਂ ਬਾਅਦ ਸੰਜੇ ਟੰਡਨ ਨੇ ਕਿਹਾ ਕਿ ਭਾਜਪਾ ਦੇ ਸੀਨੀਅਰ ਆਗੂਆਂ ਨੇ ਉਨ੍ਹਾਂ ‘ਤੇ ਜੋ ਭਰੋਸਾ ਜਤਾਇਆ ਹੈ, ਉਸ ‘ਤੇ ਉਹ ਕਾਇਮ ਰਹਿਣ ‘ਚ ਕੋਈ ਕਸਰ ਬਾਕੀ ਨਹੀਂ ਛੱਡਣਗੇ।ਇਸ ਵਿਸ਼ਵਾਸ ‘ਤੇ ਖਰਾ ਉਤਰਨ ਲਈ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਸਾਰੇ ਸੀਨੀਅਰ ਨੇਤਾਵਾਂ ਨਾਲ ਮੁਲਾਕਾਤ ਕੀਤੀ। ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਆਗੂਆਂ ਦਾ ਧੰਨਵਾਦ ਕੀਤਾ। ਭਾਜਪਾ ਹਮੇਸ਼ਾ ਚੋਣ ਮੋਡ ‘ਚ ਰਹਿੰਦੀ ਹੈ, ਉਨ੍ਹਾਂ ਚੋਣਾਂ ਲਈ ਪਹਿਲਾਂ ਤੋਂ ਹੀ ਸਾਰੀਆਂ ਤਿਆਰੀਆਂ ਕਰ ਲਈਆਂ ਹਨ, ਉਹ ਮਿਲ ਕੇ ਚੰਡੀਗੜ੍ਹ ਵਿੱਚ ਕਾਂਗਰਸ ਤੇ ‘ਆਪ’ ਦੇ ਗਠਜੋੜ ਨੂੰ ਵੱਡੇ ਫਰਕ ਨਾਲ ਹਰਾਉਣਗੇ।