ਮਾਲੇਰਕੋਟਲਾ, 12 ਅਪ੍ਰੈਲ ( ਸੰਜੀਵ ਗੋਇਲ, ਅਨਿਲ ਕੁਮਾਰ)-ਜ਼ਿਲ੍ਹਾ ਪ੍ਰਸ਼ਾਸਨ ਮਲੇਰਕੋਟਲਾ ਨੇ ਆਪਣੀ ਵੋਟਰ ਆਊਟਰੀਚ ਮੁਹਿੰਮ ਨੂੰ ਜਨ ਜਨ ਤੱਕ ਪਹੁੰਚਾਉਣ ਲਈ ‘ਸਮਝਦਾਰ ਬੇਗਮ’ (ਵੋਟਰ ਜਾਗਰੂਕਤਾ ਮਾਸਕਟ) ਦੀ ਸ਼ੁਰੂਆਤ ਕੀਤੀ ਹੈ, ਜਿਸ ਦਾ ਉਦੇਸ਼ ਲੋਕਾਂ ਨੂੰ ਵੋਟ ਬਣਾਉਣ ਅਤੇ ਆਪਣੀ ਵੋਟ ਦੀ ਨੈਤਿਕ ਵਰਤੋਂ ਬਾਰੇ ਜਾਗਰੂਕ ਕਰਨਾ ਹੈ। ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ: ਪਲਵੀ ਨੇ ਅੱਜ ਆਪਣੇ ਦਫ਼ਤਰ ਵਿਖੇ ਇਸ ਮਾਸਕਟ ਦੀ ਸ਼ੁਰੂਆਤ ਕੀਤੀ।
ਇਸ ਮੌਕੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ ਪੱਲਵੀ ਨੇ ਦੱਸਿਆ ਕਿ ਸਮਝਦਾਰ ਬੇਗਮ ਸਾਡੇ ਮਾਲੇਰਕੋਟਲਾ ਜਿਲ੍ਹੇ ਦੀ ਹੀ ਹੈ। ਇਹ ਸਾਡੇ ਜਿਲ੍ਹੇ ਦੀਆਂ ਔਰਤਾਂ ਦੀ ਨੁਮਾਇੰਦਗੀ ਕਰਦੀ ਹੈ ਜੋ ਸਾਡੇ ਜਿਲ੍ਹੇ ਦੀ ਭਾਈਚਾਰਕ ਸਾਂਝ ਅਤੇ ਸੱਭਿਆਚਾਰ ਨੂੰ ਦਰਸਾਉਂਦੀ ਹੈ।ਲੋਕਤੰਤਰ ਦੇ ਇਸ ਤਿਓਹਾਰ ਦੌਰਾਨ ਵੋਟਰਾਂ, ਵਿਸ਼ੇਸ਼ ਤੌਰ ਉਤੇ ਮਹਿਲਾ ਵੋਟਰਾਂ ਦੀ ਮਦਦ ਕਰਨ ਲਈ ਸਮਝਦਾਰ ਬੇਗਮ, ਈਦ- ਉਲ-ਫਿਤਰ ਦੇ ਸ਼ੁੱਭ ਮੌਕੇ ਤੇ ਸਾਡੇ ਜਿਲ੍ਹੇ ਵਿਚ ਪਹੁੰਚੀ ਹੈ। ਸਮਝਦਾਰ ਬੇਗਮ ਵੋਟਰਾਂ ਦੇ ਸਾਰੇ ਚੋਣਾਂ ਸਬੰਧੀ ਸਵਾਲਾਂ ਦੇ ਜਵਾਬ ਦੇਣ ਵਿਚ ਮਦਦ ਕਰੇਗੀ ਅਤੇ ਸਮੇਂ-ਸਮੇਂ ਤੇ ਵੱਖ-ਵੱਖ ਸੰਦੇਸ਼ ਜਾਰੀ ਕਰੇਗੀ ਤਾਂ ਜੋ ਸਾਨੂੰ ਇਨ੍ਹਾਂ ਚੋਣਾਂ ਦੌਰਾਨ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ। ਸਮਝਦਾਰ ਬੇਗਮ ਚੋਣਾਂ ਦੇ ਅਖੀਰ ਤੱਕ ਸਾਡੇ ਨਾਲ ਰਹੇਗੀ ਅਤੇ ਸਾਡੇ ਸਾਰੇ ਜਸ਼ਨਾਂ ਵਿਚ ਭਾਗ ਲਵੇਗੀ !
ਉਹਨਾਂ ਕਿਹਾ ਕਿ ਜਿਲ੍ਹਾ ਪ੍ਰਸ਼ਾਸਨ, ਮਾਲੇਰਕੋਟਲਾ ਵੱਲੋਂ ਸਮਝਦਾਰ ਬੇਗਮ ਤੁਹਾਨੂੰ ਅਪੀਲ ਕਰਦੀ ਹੈ ਕਿ ਅਸੀਂ ਸਾਰੇ ਇਸ ਚੋਣ ਸੀਜ਼ਨ ਦੌਰਾਨ ਇਸ ਤਿਓਹਾਰ ਦੀ ਭਾਵਨਾ ਨੂੰ ਬਰਕਰਾਰ ਰੱਖੀਏ। ਸਮਝਦਾਰ ਬੇਗਮ, ਵਿਸ਼ੇਸ਼ ਤੌਰ ਤੇ ਜਿਲ੍ਹਾ ਮਾਲੇਰਕੋਟਲਾ ਦੀਆਂ ਮਹਿਲਾ ਵੋਟਰਾਂ ਲਈ ਵੀ ਮਦਦਗਾਰ ਦੋਸਤ ਅਤੇ ਮਦਦਗਾਰ ਹੈ ਜਿਨ੍ਹਾਂ ਦੀਆਂ ਵੋਟਾਂ ਸਿਹਤਮੰਦ ਲੋਕਤੰਤਰ ਲਈ ਬਹੁਤ ਕੀਮਤੀ ਹਨ। ਉਹਨਾਂ ਕਿਹਾ ਕਿ ਇਸ ਵਾਰ, ਅਸੀਂ ਯਕੀਨੀ ਤੌਰ ਤੇ ਵੋਟਰ ਬਣਾਗੇ ਅਤੇ ਵੋਟ ਪਾਵਾਂਗੇ।ਉਨ੍ਹਾਂ ਕਿਹਾ ਕਿ ਇਸ ਵਾਰ ਪ੍ਰਸ਼ਾਸਨ ਜ਼ਿਲ੍ਹਾ ਮਾਲੇਰਕੋਟਲਾ ਦੀ ਵੋਟ ਫ਼ੀਸਦੀ ਵਿੱਚ ਸੁਧਾਰ ਕਰਨਾ ਚਾਹੁੰਦਾ ਹੈ। ਭਾਰਤੀ ਚੋਣ ਕਮਿਸ਼ਨ ਵੱਲੋਂ ਤੈਅ ਕੀਤੇ‘ਇਸ ਵਾਰ 70 ਪਾਰ’ਟੀਚੇ ਨੂੰ ਹਾਸਲ ਕਰਨ ਲਈ ਸਭ ਤੋਂ ਪਹਿਲਾਂ ਨਵੇਂ ਵੋਟਰਾਂ ਦੀ ਰਜਿਸਟ੍ਰੇਸ਼ਨ ਵੱਲ ਧਿਆਨ ਦਿੱਤਾ ਜਾ ਰਿਹਾ ਹੈ। ਯੋਗ ਵੋਟਰਾਂ ਨੂੰ ਲੱਭਣ ਲਈ ਆਈਲੈਟਸ ਕੇਂਦਰਾਂ ਅਤੇ ਵਿਦਿਅਕ ਸੰਸਥਾਵਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਵੋਟਰਾਂ ਨੂੰ ਵੋਟ ਪਾਉਣ ਲਈ ਉਤਸ਼ਾਹਿਤ ਕਰਨ ਲਈ ਦੋਵੇਂ ਵਿਧਾਨ ਸਭਾ ਹਲਕਿਆਂ ਵਿੱਚ ਮਾਡਲ ਪੋਲਿੰਗ ਸਟੇਸ਼ਨ, ਪਿੰਕ ਪੋਲਿੰਗ ਸਟੇਸ਼ਨ, ਦਿਵਿਆਂਗ ਕਰਮਚਾਰੀਆਂ ਦੇ ਪੋਲਿੰਗ ਸਟੇਸ਼ਨ ਅਤੇ ਨੌਜਵਾਨ ਕਰਮਚਾਰੀ ਪੋਲਿੰਗ ਸਟੇਸ਼ਨ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ ਸਵੀਪ ਆਈਕਨਜ਼ ਵੋਟਰਾਂ ਨੂੰ ਚੋਣ ਪ੍ਰਕਿਰਿਆ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਲਈ ਪ੍ਰੇਰਿਤ ਕਰ ਰਹੇ ਹਨ। ਇੱਟਾਂ ਦੇ ਭੱਠਿਆਂ, ਫੈਕਟਰੀਆਂ ਅਤੇ ਵਪਾਰਕ ਕੰਪਲੈਕਸਾਂ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਵੋਟ ਦਾ ਇਸਤੇਮਾਲ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੋਟਰ ਬਣਕੇ ਆਪਣੀ ਵੋਟ ਦਾ ਇਸਤੇਮਾਲ ਕਰਨ ਅਤੇ ਆਪਣੇ ਦੇਸ਼ ਦੇ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਹੋਰਨਾਂ ਨੂੰ ਪ੍ਰੇਰਿਤ ਕਰਨ।
ਇਸ ਮੌਕੇ ਵਧੀਕ ਜਿਲ੍ਹਾ ਚੋਣ ਅਫਸਰ ਕਮ-ਵਧੀਕ ਡਿਪਟੀ ਕਮਿਸ਼ਨਰ(ਜ) ਰਾਜਪਾਲ ਸਿੰਘ ,ਸਹਾਇਕ ਰਿਟਰਨਿੰਗ ਅਫ਼ਸਰ ਲੋਕ ਸਭਾ ਹਲਕਾ 12 ਸੰਗਰੂਰ (ਅਸੈਂਬਲੀ ਸੈਗਮੈਂਟ 105 ਮਾਲੇਰਕੋਟਲਾ) ਅਪਰਨਾ ਐਮ.ਬੀ, ਸਹਾਇਕ ਰਿਟਰਨਿੰਗ ਅਫਸਰ (ਅਸੈਂਬਲੀ ਸੈਗਮੈਂਟ 106 ਅਮਰਗੜ੍ਹ) ਕਮ ਐਸ.ਡੀ.ਐਮ ਅਹਿਮਦਗੜ੍ਹ ਸ਼੍ਰੀ ਗੁਰਮੀਤ ਕੁਮਾਰ ਬਾਂਸਲ, ਸਹਾਇਕ ਕਮਿਸ਼ਨਰ ਹਰਬੰਸ ਸਿੰਘ,ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਪ੍ਰਭਦੀਪ ਸਿੰਘ ਨੱਥੌਵਾਲ, ਸਹਾਇਕ ਲੋਕ ਸੰਪਰਕ ਅਫ਼ਸਰ ਦੀਪਕ ਕਪੂਰ ,ਜ਼ਿਲ੍ਹਾ ਸਵੀਪ ਨੋਡਲ ਅਫਸਰ ਜਸਵਿੰਦਰ ਕੌਰ, ਸਵੀਪ ਨੋਡਲ ਅਫਸਰ (ਕਾਲਜਾਂ) ਮੁੰਹਮਦ ਇਰਫਾਨ ਫਾਰੂਕੀ,ਜ਼ਿਲ੍ਹਾ ਤਹਿਸੀਲਦਾਰ ਚੋਣਾ ਬ੍ਰਿਜ ਮੋਹਨ , ਸਹਾਇਕ ਨੋਡਲ ਅਫਸਰ ਮੁੰਹਮਦ ਬਸ਼ੀਰ, ਡੀ.ਡੀ.ਐਫ. ਆਸ਼ਿਫ ਖਾਨ , ਮਨਪ੍ਰੀਤ ਸਿੰਘ ਮੌਜੂਦ ਸਨ ।