
ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ 3 ਮਈ ਦੇ ਸੱਦੇ ’ਤੇ ਪਹੁੰਚਣ ਦੀ ਪੁਰਜ਼ੋਰ ਅਪੀਲ
ਜਗਰਾਉਂ, 22 ਅਪ੍ਰੈਲ (ਪ੍ਰਤਾਪ ਸਿੰਘ, ਵਿਕਾਸ ਮਠਾੜੂ )-ਪਿੱਛਲੇ ਦਿਨਾਂ ਤੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ’ਚ ਸੋਧਾਂ ਦੇ ਨਾਮ ਹੇਠ ਕੀਤੀਆਂ ਜਾ ਰਹੀਆਂ ਮਨਮੱਤੀ ਤਬਦੀਲੀਆਂ ਤੋਂ ਬਾਅਦ ਉਪਜੇ ਹਲਾਤਾਂ ’ਤੇ ਫਿਕਰਮੰਦੀ ਜ਼ਾਹਿਰ ਕਰਦਿਆਂ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਮੁੱਖ ਸੇਵਾਦਾਰ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਸਮੁੱਚੇ ਸਿੱਖ ਪੰਥ ਨੂੰ ਇਕ ਜਾਗੋ ਪੱਤਰ ਜਾਰੀ ਕਰਦਿਆਂ ਉਸ ’ਚ ਕਿਹਾ ਕਿ ਗੁਰੂ ਪਿਆਰੇ ਖਾਲਸਾ ਜੀ, ਜਿਸ ਦਾ ਦਿੱਤਾ ਖਾਂਦੇ ਹਾਂ, ਜਿਸ ਗੁਰੂ ਅੱਗੇ ਨਤਮਸਤਕ ਹੁੰਦੇ ਹਾਂ, ਆਪਣੀ ਆਸਥਾ ਮੰਨਦੇ ਹਾਂ, ‘ਪ੍ਰਗਟ ਗੁਰਾਂ ਦੀ ਦੇਹ’ ਮੰਨ ਕੇ ਸਤਿਕਾਰ ਕਰਦੇ ਹਾਂ, ਉਸ ’ਚ ਟਿਕਾ ਟਿੱਪਣੀ, ਬਦਲਾਅ ਨੂੰ ਅਸੀਂ ਕੀ ਸਮਝੀਏ? ਖਾਲਸਾ ਜੀ ਜਾਗੋਂ, ਇਸ ਤੋਂ ਵੱਡਾ ਹੱਲਾ ਸਾਡੇ ’ਤੇ ਕੀ ਹੋ ਸਕਦਾ ਹੈ। ਸਾਡੇ ਇਤਿਹਾਸ ਨੂੰ ਵਿਗਾੜਿਆ, ਉਸ ਕੋਸ਼ਿਸ਼ ’ਚ ਵਿਰੋਧੀ ਲੋਕ ਕਾਮਯਾਬ ਹੋਏ, ਸਾਡੇ ਅਕਾਲ ਤਖ਼ਤ ਸਾਹਿਬ ਨੂੰ ਢਾਹਿਆ, ਅਸੀਂ ਮੁੜ ਉਨ੍ਹਾਂ ਨੂੰ ਅਪਣਾਇਆ, ਸਾਨੂੰ ਧੜਿਆ ’ਚ ਵੰਡਿਆ, ਅਸੀਂ ਵੰਡੇ ਗਏ। ਸਾਨੂੰ ਮਰਿਯਾਦਾਵਾਂ ’ਚ ਵੰਡਿਆ, ਅਸੀਂ ਵੰਡੇ ਗਏ। ਟਕਸਾਲੀ ਤੇ ਮਿਸ਼ਨਰੀਆਂ ਦੇ ਨਾਮ ’ਤੇ ਸਾਨੂੰ ਲੜਾਇਆ, ਅਸੀਂ ਲੜਦੇ ਰਹੇ। ਅਸੀਂ ਪੰਥਕ ਸੰਸਥਾਵਾਂ ’ਤੇ ਕਾਬਜ਼ ਹੋਣ ਲਈ ਸਾਜਿਸ਼ਾਂ ਕੀਤੀਆਂ ਤੇ ਉਸ ਦਾ ਸ਼ਿਕਾਰ ਹੋਏ। ਖੰਡ-ਖੰਡ ਹੋਏ ਪਏ ਹਾਂ, ਚਾਹੇ ਮੀਰੀ ਹੋਵੇ, ਚਾਹੇ ਪੀਰੀ ਹੋਵੇ। ਅਵੇਸਲੇ ਖਾਲਸਾ ਜੀਓ ਹੁਣ ਤਾਂ ਜਾਗੋਂ, ਤੁਹਾਡੇ ਗੁਰੂ ਸਾਹਿਬਾਨ ’ਤੇ ਸਿੱਧਾ ਹਮਲਾ, ਅਸੀਂ ਕੀ ਸੋਚ ਰਹੇ ਹਾਂ, ਕੀ ਦੇਖ ਰਹੇ ਹਾਂ, ਕੀ ਹੁਣ ਆਰ. ਐਸ. ਐਸ. ਦਾ ਮੁਖੀ ਭਾਗਵਤ ਤੁਹਾਡੇ ਇਸ ਮਸਲੇ ਨੂੰ ਸੁਲਝਾਉਣ ਲਈ ਪਹੁੰਚੇਗਾ, ਤੁਹਾਡੀ ਲੜਾਈ ਲੜੇਗਾ? ਸਮੁੱਚੀ ਮਾਨਵਤਾ ਦੇ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਖੰਡਤਾਈ ’ਤੇ ਸਿੱਧਾ ਅਤੇ ਗੱਜ-ਵੱਜ ਕੇ ਹਮਲਾ ਕੀਤਾ ਜਾ ਰਿਹਾ ਹੈ ਤੇ ਅਸੀਂ ਕੀ ਕਰ ਰਹੇ ਹਾਂ। ਕੀ ਅਸੀ ਇਸ ਵਿਚਾਰ ਨਾਲ ਸਹਿਮਤ ਨਹੀਂ।
ਖਾਲਸਾ ਪੰਥ ਦੇ ਬੁਨਿਆਦੀ ਅਸੂਲਾਂ ’ਚੋਂ ਇਕ ਅਟੱਲ ਸਿਧਾਂਤ ਗੁਰਤਾਗੱਦੀ ਪ੍ਰਾਪਤ ਦਮਦਮੀ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਖੰਡਤਾਈ ਕਾਇਮ ਰੱਖਣਾ ਹੈ ‘ਪ੍ਰਗਟ ਗੁਰਾਂ ਕੀ ਦੇਹ’ ਹੋਣ ਕਰਕੇ ਇਸ ’ਚ ਕੋਈ ਵਾਧਾ ਘਾਟਾ ਕਰਨ ਦਾ ਜਾਂ ਇਸ ਦੀ ਤਰਤੀਬ ਨੂੰ ਬਦਲਣ ਦਾ ਜਾਂ ਕਿਸੇ ਅੱਖਰ ਲਗਾਮਾਤਰ ਆਦਿ ਦੀ ਤਬਦੀਲੀ ਕਰਨ ਦਾ ਕਿਸੇ ਵਿਅਕਤੀ ਵਿਸ਼ੇਸ਼ ਜਾਂ ਸੰਸਥਾ ਨੂੰ ਕੋਈ ਅਧਿਕਾਰ ਨਹੀਂ ਹੈ।
ਆਓ ਇਕੱਤਰ ਹੋ ਕੇ ਅਜੋਕੇ ਇਸ ਹਮਲੇ ਦਾ ਟਾਕਰਾ ਕਰੀਏ। ਆਪ ਜੀ ਦੀ ਜਾਣਕਾਰੀ ’ਚ ਹੈ ਕਿ ਅਮਰੀਕਾ ਵਿੱਚ ਵੱਸਦੇ ਇੱਕ ਸਿੱਖ ਥਰਮਿੰਦਰ ਸਿੰਘ ਵੱਲੋਂ ਜੋ ਆਪਣਾ ਖਾਲਸਾ ਬੁੱਕ ਕਲੱਬ ਚਲਾ ਰਿਹਾ ਹੈ ਜੀ, ਨੇ ਘੋਰ ਮਨਮੱਤ ਕਰਦਿਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਪਣੇ ਤੌਰ ਛਪਾਈ ਕੀਤੀ ਹੈ, ਜਿਸ ਨੂੰ ਉਸ ਨੇ ਆਪਣੀ ਵੈਬਸਾਈਟ ਤੇ ਪਾਇਆਂ ਹੈ, ਜਿਸ ਵਿੱਚ ਉਸ ਨੇ ਪਵਿੱਤਰ ਗੁਰਬਾਣੀ ਦੇ ਸ਼ਬਦਾਂ ਨੂੰ ਬਦਲਿਆਂ ਹੈ ਅਤੇ ਬਹੁਤ ਸਾਰੀਆਂ ਲਗਾਂ ਮਾਤਰਾਂ ਨੂੰ ਬਦਲ ਕੇ ਸੋਧਾਂ ਕਰਨ ਦੀ ਘੋਰ ਬੇਅਦਬੀ ਵੀ ਕੀਤੀ ਹੈ, ਜਿਸ ਨਾਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਸ਼ਰਧਾ ਵਿਸ਼ਵਾਸ ਰੱਖਣ ਵਾਲੀਆਂ ਗੁਰੂ ਸਿੱਖ ਸੰਗਤਾਂ ਦੇ ਹਿਰਦਿਆਂ ਨੂੰ ਵੱਡੀ ਠੇਸ ਪਹੁੰਚਾਈ ਗਈ ਹੈ, ਇਸ ਕਰਕੇ ਇਹ ਗੱਲ ਪ੍ਰਤੱਖ ਰੂਪ ਵਿੱਚ ਦਿਸ ਰਹੀ ਹੈ ਕਿ ਇਸ ਪਿੱਛੇ ਕੋਈ ਵੱਡੀ ਧਿਰ ਦੀ ਸਾਜਿਸ਼ ਆਪਣਾ ਕੰਮ ਕਰ ਰਹੀ ਹੈ, ਜੋ ਇਹ ਸਮਝ ਰਹੀ ਹੈ ਕਿ ਸਿੱਖ ਕੌਮ ਇਸ ਵੇਲੇ ਸਿਆਸੀ ਅਤੇ ਧਾਰਮਿਕ ਤੌਰ ’ਤੇ ਬਹੁਤ ਸਾਰੇ ਵਖਰੇਵਿਆਂ ’ਚੋਂ ਗੁਜਰ ਰਹੀ ਹੈ, ਜਿਸ ਦਾ ਫਾਇਦਾ ਉਠਾਉਣ ਲਈ ਵਿਰੋਧੀ ਸ਼ਕਤੀਆਂ ਵੱਲੋਂ ਇਹ ਘਿਨਾਉਣਾ ਕਾਰਾ ਕੀਤਾ ਗਿਆ ਹੈ, ਜਿਸ ਦਾ ਮੂੰਹ ਤੋੜ ਜਵਾਬ ਦੇਣ ਲਈ ਸਾਨੂੰ ਸਾਰੀਆਂ ਧਿਰਾਂ ਨੂੰ ਆਪਸੀ ਵਖਰੇਵੇਂ ਬਾਜੀ ਤੋਂ ਉੱਪਰ ਉੱਠ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਨਮੁੱਖ ਇਕੱਠੇ ਹੋ ਕੇ ਲੜਾਈ ਲਈਏ, ਇਸ ਲਈ ਆਓ ਅਸੀ ਸਾਰੇ ਇਕਮੱਤ ਹੋ ਕੇ ਗੁਰੂ ਸਿਧਾਂਤ ਅਤੇ ਸਿੱਖ ਮਰਿਯਾਦਾ ਵਿਰੋਧੀ ਇੰਨ੍ਹਾਂ ਸ਼ਕਤੀਆਂ ਦਾ ਡਟ ਕੇ ਮੁਕਾਬਲਾ ਕਰਨ ਲਈ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਰਪ੍ਰਸਤੀ ਹੇਠ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦੇ 3 ਮਈ ਦੇ ਦਿੱਤੇ ਸੱਦੇ ’ਚ ਇਕੱਤਰਤ ਹੋਈਏ ਅਤੇ ਡੂੰਘੀਆਂ ਵਿਚਾਰਾਂ ਕਰਕੇ ਆਪਣੀਆਂ ਸਿੱਖ ਰਵਾਇਤਾਂ ਮੁਤਾਬਿਕ ਰਣਨੀਤੀ ਘੜੀ ਜਾਵੇ ਅਤੇ ਪੰਥ ਦੋਖੀ ਨੂੰ ਬਣਦੀ ਸਜ੍ਹਾਂ ਦਿੱਤੀ ਜਾ ਸਕੇ