ਜਗਰਾਉਂ, 15 ਅਪ੍ਰੈਲ ( ਰਾਜੇਸ਼ ਜੈਨ, ਭਗਵਾਨ ਭੰਗੂ )-ਇਥਓੰ ਨਜ਼ਦੀਕ ਇਕ ਪਿੰਡ ਦੀ ਰਹਿਣ ਵਾਲੀ ਲੜਕੀ ਜੋਕਿ ਚੌਕੀਮਾਨ ਸਥਿਤ ਸੀਟੀ ਯੂਨੀਵਰਸਿਟੀ ਵਿੱਚ ਡਿਊਟੀ ਕਰ ਰਹੀ, ਆਪਣੇ ਪ੍ਰੇਮੀ ਨਾਲ ਘਰੋਂ ਭੱਜ ਗਈ ਤਾਂ ਸਮਾਜਿਕ ਬਦਨਾਮੀ ਨੂੰ ਨਾ ਸਹਾਰਦਿਆਂ ਉਸਦੇ ਪਿਤਾ ਨੇ ਘਰ ਵਿੱਚ ਹੀ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਇਸ ਸਬੰਧੀ ਥਾਣਾ ਸਦਰ ਜਗਰਾਉਂ ਵਿਖੇ ਲੜਕੀ ਦੇ ਪ੍ਰੇਮੀ, ਉਸ ਦੀ ਮਾਂ, ਲੜਕੇ ਦੀ ਭੈਣ ਅਤੇ ਜੀਜਾ ਖ਼ਿਲਾਫ਼ ਕੇਸ ਦਰਜ ਕਰਕੇ ਲੜਕੇ ਦੀ ਮਾਂ ਨੂੰ ਗਿਰਫਤਾਰ ਕਰ ਲਿਆ। ਏਐਸਆਈ ਅਨਵਰ ਮਸੀਹ ਨੇ ਦੱਸਿਆ ਕਿ ਲੜਕੀ ਦੀ ਮਾਂ ਵੱਲੋਂ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਗਿਆ ਹੈ ਕਿ ਉਸ ਦੀ ਲੜਕੀ ਚੌਕੀਮਾਨ ਸੀਟੀ ਯੂਨੀਵਰਸਿਟੀ ਵਿੱਚ ਡਿਊਟੀ ਕਰਦੀ ਸੀ। ਜੋ ਹਰ ਰੋਜ਼ ਸਵੇਰੇ 8 ਵਜੇ ਯੂਨੀਵਰਸਿਟੀ ਦੀ ਵੈਨ ’ਚ ਬੈਠ ਕੇ ਕੰਮ ’ਤੇ ਜਾਂਦੀ ਸੀ ਅਤੇ ਸ਼ਾਮ ਨੂੰ ਘਰ ਪਰਤਦੀ ਸੀ। ਉਹ 12 ਅਪ੍ਰੈਲ ਨੂੰ ਸਵੇਰੇ ਘਰੋਂ ਡਿਊਟੀ ਤੇ ਗਈ ਪਰ ਸ਼ਾਮ ਨੂੰ ਵਾਪਸ ਨਹੀਂ ਆਈ। ਜਦੋਂ ਮੈਂ ਉਸ ਦਾ ਫੋਨ ਲਗਾਇਆ ਤਾਂ ਉਹ ਬੰਦ ਸੀ। ਜਦੋਂ ਉਸ ਨੇ ਸੀਟੀ ਯੂਨੀਵਰਸਿਟੀ ਨਾਲ ਸੰਪਰਕ ਕੀਤਾ ਤਾਂ ਉੱਥੇ ਮੌਜੂਦ ਸਟਾਫ਼ ਨੇ ਉਸ ਨੂੰ ਦੱਸਿਆ ਕਿ ਉਸ ਦੀ ਲੜਕੀ ਯੂਨੀਵਰਸਿਟੀ ਤੋਂ ਛੁੱਟੀ ਲੈ ਕੇ ਦੁਪਹਿਰ 3 ਵਜੇ ਚੱਲੀ ਗਈ ਹੈ। ਜਦੋਂ ਅਸੀਂ ਉਸ ਦੀ ਤਲਾਸ਼ ਕੀਤੀ ਤਾਂ ਪਤਾ ਲੱਗਾ ਕਿ ਉਨ੍ਹਾਂ ਦੇ ਘਰ ਦੇ ਸਾਹਮਣੇ ਹੀ ਰਹਿਣ ਵਾਲਾ ਜਸਨਪ੍ਰੀਤ ਸਿੰਘ ਜੋ ਕਿ ਯੂਨੀਵਰਸਿਟੀ ਵਿਚ ਬਤੌਰ ਸੁਰੱਖਿਆ ਗਾਰਡ ਕੰਮ ਕਰਦਾ ਸੀ, ਵੀ ਘਰ ਨਹੀਂ ਆਇਆ ਅਤੇ ਉਸ ਦਾ ਮੋਬਾਈਲ ਫੋਨ ਵੀ ਬੰਦ ਸੀ। ਇਸ ਸਬੰਧੀ ਉਨ੍ਹਾਂ ਥਾਣਾ ਸਦਰ ਜਗਰਾਉਂ ਵਿਖੇ ਸ਼ਿਕਾਇਤ ਦਰਜ ਕਰਵਾਈ। ਲੜਕੀ ਦੀ ਮਾਂ ਨੇ ਦੱਸਿਆ ਕਿ ਮੈਂ ਆਪਣੇ ਲੜਕੇ ਅਤੇ ਦਿਉਰ ਗੁਰਜੀਤ ਸਿੰਘ ਨਾਲ ਕਾਰ ਵਿੱਚ ਜਗਰਾਉਂ ਸਥਿਤ ਆਪਣੇ ਦਿਉਰ ਦੇ ਘਰ ਆਈ ਸੀ। ਉਸ ਸਮੇਂ ਮੇਰਾ ਪਤੀ ( ਲੜਕੀ ਦਾ ਪਿਤਾ) ਘਰ ਵਿਚ ਇਕੱਲਾ ਸੀ। ਸਾਡੇ ਜਾਣ ਤੋਂ ਬਾਅਦ, ਉਸਨੇ ਆਪਣੀ ਭੈਣ ਨੂੰ ਫੋਨ ਕਰਕੇ ਉਸਨੂੰ ਦੱਸਿਆ ਕਿ ਮੈਂ ਖੁਦਕੁਸ਼ੀ ਕਰ ਰਿਹਾ ਹਾਂ। ਜਿਸ ’ਤੇ ਅਸੀਂ ਸਾਰੇ ਉਥੋਂ ਘਰ ਵਾਪਸ ਚੱਲ ਪਏ। ਜਦੋਂ ਅਸੀਂ ਘਰ ਆਏ ਤਾਂ ਮੇਰੇ ਪਤੀ ਨੇ ਕਮਰੇ ’ਚ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਅਸੀਂ ਦੇਖਿਆ ਕਿ ਉਸਦੇ ਸਾਹ ਅਜੇ ਚੱਲ ਰਹੇ ਸਨ। ਜਿਸ ’ਤੇ ਉਹ ਤੁਰੰਤ ਉਸ ਨੂੰ ਹੇਠਾਂ ਉਤਾਰ ਕੇ ਉਸ ਨੂੰ ਹਸਪਤਾਲ ਲਿਆਂਦਾ ਗਿਆ ਪਰ ਉੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਏਐਸਆਈ ਅਨਵਰ ਮਸੀਹ ਨੇ ਦੱਸਿਆ ਕਿ ਫਾਹਾ ਲੈਣ ਤੋਂ ਪਹਿਲਾਂ ਮ੍ਰਿਤਕ ਨੇ ਵਟਸਐਪ ’ਤੇ ਆਪਣੀ ਵੀਡੀਓ ਬਣਾ ਕੇ ਦੱਸਿਆ ਕਿ ਉਸ ਦੀ ਧੀ ਨੂੰ ਵਰਗਲਾ ਕੇ ਲੈ ਜਾਣ ਵਾਲੇ ਲੜਕੇ ਜਸਨਪ੍ਰੀਤ ਸਿੰਘ, ਉਸ ਦੀ ਮਾਂ ਊਸ਼ਾ ਰਾਣੀ, ਉਸ ਦੀ ਭੈਣ ਸਨਮਪ੍ਰੀਤ ਕੌਰ ਅਤੇ ਜੀਜਾ ਮਨੋਹਰ ਸਿੰਘ ਜਿੰਮੇਵਾਰ ਹਨ। ਇਨ੍ਹਾਂ ਸਾਰਿਆਂ ਨੇ ਮਿਲੀਭੁਗਤ ਨਾਲ ਮੇਰੀ ਧੀ ਨੂੰ ਭਜਾਇਆ ਹੈ। ਮੈਂ ਹੁਣ ਪਿੰਡ ਵਿੱਚ ਰਹਿਣ ਦੇ ਲਾਇਕ ਨਹੀਂ ਰਿਹਾ। ਇਸ ਕਾਰਨ ਮੈਂ ਖੁਦਕੁਸ਼ੀ ਕਰ ਰਿਹਾ ਹਾਂ। ਇਹ ਸਾਰੇ ਮੇਰੀ ਮੌਤ ਦੇ ਜ਼ਿੰਮੇਵਾਰ ਹਨ। ਇਸ ਤੋਂ ਇਲਾਵਾ ਉਸ ਨੇ ਇਕ ਸੁਸਾਈਡ ਨੋਟ ਵੀ ਲਿਖਿਆ ਹੈ। ਉਸ ਵਿਚ ਵੀ ਉਸ ਨੇ ਆਪਣੀ ਮੌਤ ਲਈ ਇਨ੍ਹਾਂ ਚਾਰਾਂ ਨੂੰ ਜ਼ਿੰਮੇਵਾਰ ਠਹਿਰਾਇਆ। ਪਹਿਵਾਰ ਨੇ ਮ੍ਰਿਤਕ ਦਾ ਵੀਡੀਓ ਅਤੇ ਸੁਸਾਈਡ ਨੋਟ ਵੀ ਪੇਸ਼ ਕੀਤਾ। ਜਿਸ ਦੇ ਆਧਾਰ ’ਤੇ ਥਾਣਾ ਸਦਰ ਜਗਰਾਉਂ ’ਚ ਜਸਨਪ੍ਰੀਤ ਸਿੰਘ, ਉਸ ਦੀ ਮਾਤਾ ਊਸ਼ਾ ਰਾਣੀ ਅਤੇ ਭੈਣ ਸਨਮਪ੍ਰੀਤ ਕੌਰ ਉਰਫ਼ ਸਿੰਮੀ ਅਤੇ ਉਸ ਦੇ ਪਤੀ ਮਨੋਹਰ ਸਿੰਘ ਵਾਸੀ ਪਿੰਡ ਤੁਗਲ ਖ਼ਿਲਾਫ਼ ਕੇਸ ਦਰਜ ਕੀਤਾ ਗਿਆ। ਇਨ੍ਹਾਂ ਵਿੱਚੋਂ ਪੁਲੀਸ ਨੇ ਊਸ਼ਾ ਰਾਣੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਨੂੰ ਪੁੱਛਗਿੱਛ ਲਈ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ।