ਬਿੱਟੂ ਵੱਲੋਂ ਆਫੀਸਰ ਕਲੱਬ ਲਈ ਐਲਾਨੇ 5 ਲੱਖ, ਮੁੱਖ ਮੰਤਰੀ ਮਾਨ ਵਲੋਂ ਮੈਡੀਕਲ ਕਾਲਜ਼ ਦਾ ਲਾਰਾ
ਰਾਜਨੀਤਿਕ ਪਾਰਟੀਆਂ ਦੇ ਆਗੂਆਂ ਵਲੋਂ ਚੋਣਾਂ ਸਮੇਂ ਵੋਟਰਾਂ ਨੂੰ ਭਰਮਾਉਣ ਲਈ ਲੁਭਾਉਣੇ ਵਾਅਦੇ ਕੀਤੇ ਜਾਂਦੇ ਹਨ ਜੋ ਚੋਣਾਂ ਤੋਂ ਬਾਅਦ ਵਿਸਾਰ ਦਿਤੇ ਜਾਂਦੇ ਹਨ। ਹੁਣ ਸੋਸ਼ਲ ਮੀਡੀਆ ਦਾ ਜਮਾਨਾ ਹੈ। ਰਾਜਨੀਤਿਕ ਲੋਕ ਜੋ ਵਾਅਦੇ ਜਾਂ ਦਾਅਵੇ ਜਨਤਕ ਤੌਰ ਤੇ ਕਰਦੇ ਹਨ ਉਹ ਇਕ ਯਾਦਗਾਰ ਦੇ ਤੌਰ ਤੇ ਸੰਭਾਲ ਕੇ ਰਖ ਲਏ ਜਾਂਦੇ ਹਨ। ਫਿਰ ਇਹ ਵਾਅਦੇ ਦੁਬਾਰਾ ਵੋਟਾਂ ਮੰਗਣ ਆਉਣ ਤੇ ਨੇਤਾਵਾਂ ਨੂੰ ਯਾਦ ਕਰਵਾਏ ਜਾਂਦੇ ਹਨ। ਜਿੰਨਾਂ ਦਾ ਕੋਈ ਵੀ ਜਵਾਬ ਉਨ੍ਹਾਂ ਕੋਲ ਨਹੀਂ ਹੁੰਦਾ। ਹੁਣ ਲੋਕ ਸਭਾ ਚੋਣਾ ਹੋਣ ਜਾ ਰਹੀਆਂ ਹਨ। ਲੁਧਿਆਣਾ ਹਲਕੇ ਦੇ ਮੌਜੂਦਾ ਸੰਸਦ ਮੈਂਬਰ ਪਹਿਲਾਂ ਕਾਂਗਰਸੀ ਸਨ ਅਤੇ ਹੁਣ ਉਹ ਪਾਰਟੀ ਬਦਲ ਕੇ ਭਾਜਪਾ ਵਿਚ ਚਲੇ ਗਏ ਹਨ ਅਤੇ ਇਸ ਵਾਰ ਭਾਜਪਾ ਦੀ ਟਿਕਟ ਤੇ ਚੋਣ ਲੜ ਰਹੇ ਹਨ। ਲੋਕ ਸਭਾ ਚੋਣਾ ਨੂੰ ਲੈ ਕੇ ਚੋਣ ਪ੍ਰਚਾਰ ਮੱਘਣ ਦੇ ਨਾਲ-ਨਾਲ ਰਾਜਨੀਤਿਕ ਆਗੂਆਂ ਵੱਲੋਂ ਲੋਕਾਂ ਨਾਲ ਕੀਤੇ ਵਾਅਦੇ ਜੋ ਅੱਜ ਤੱਕ ਵਫਾ ਨਹੀਂ ਹੋ ਸਕੇ ਉਹ ਲੋਕ ਮਨਾਂ ’ਚ ਸਵਾਲ ਬਣ ਉਭਰਨ ਲੱਗੇ ਹਨ। ਭਾਂਵੇ ਸਿੱਧੇ-ਅਸਿੱਧੇ ਤਰੀਕਿਆਂ ਰਾਂਹੀ ਬਾਹਰੋਂ ਵੱਖ-ਵੱਖ ਪਰ ਅੰਦਰੋਂ ਇਕੋ ਰਾਜਨੀਤਿਕ ਧਿਰਾਂ ਨੇ ਜਨਤਕ ਜਥੇਬੰਦੀਆਂ ਵੱਲੋਂ ਚੋਣ ਮੈਦਾਨ’ਚ ਉੱਤਰੇ ਉਮੀਦਵਾਰਾਂ ਤੋਂ ਸਵਾਲ ਨਾ ਪੁੱਛਣ ਤੇ ਪ੍ਰਸ਼ਾਸਨ ਅਤੇ ਪੁਲੀਸ ਰਾਂਹੀ ਦਬਾਅ ਬਣਾਏ ਜਾਣ ਦੀ ਸੰਭਾਵਨਾ ਹੈ। ਫਿਰ ਵੀ ਰਾਜਨੀਤਿਕ ਲੋਕਾਂ ਵੱਲੋਂ ਬੋਲੇ ਝੂਠ ਵੋਟਰਾਂ ਦੇ ਸਿਰ ਚੜ੍ਹ ਬੋਲਣ ਲੱਗੇ ਹਨ। ਪੰਜਾਬ ਕੇਸਰੀ ਲਾਲਾ ਲਾਜ਼ਪਤ ਰਾਏ ਦੇ ਜੱਦੀ ਸ਼ਹਿਰ ਅਤੇ ਇਲਾਕੇ ਦੇ ਲੋਕ ਵੋਟਾਂ ਮੰਗਣ ਲਈ ਘਰਾਂ ’ਚ ਆਉਣ ਵਾਲੇ ਆਗੂਆਂ ਨੂੰ ਕਿਹੜ੍ਹੇ-ਕਿਹੜ੍ਹੇ ਮਸਲਿਆਂ ਅਤੇ ਵਾਅਦਿਆਂ ਤੇ ਘੇਰਨਾ ਹੈ, ਉਹ ਉਂਗਲਾਂ ਦੇ ਪੋਟਿਆਂ ਤੇ ਰਟੀ ਬੈਠੇ ਹਨ। ਕੁੱਝ ਦਿਨ ਪਹਿਲਾਂ ਕਾਂਗਰਸ ਪਾਰਟੀ ਚੋਂ ਛਾਲ ਮਾਰ ਕੇ ਭਾਜਪਾ’ਚ ਸ਼ਾਮਿਲ ਹੋਏ ਰਵਨੀਤ ਬਿੱਟੂ ਨੇ ਲਾਲਾ ਜੀ ਦੀ ਯਾਦ’ਚ ਕੇਂਦਰ ਤੋਂ ਵੱਡਾ ਪ੍ਰੋਜੈਕਟ ਲੈ ਕੇ ਆਉਣ, ਆਫੀਸਰ ਕਲੱਬ ਦੀ ਹਾਲਤ ਸੁਧਾਰਨ ਲਈ 5 ਲੱਖ ਦੀ ਵਿਸ਼ੇਸ ਗ੍ਰਾਂਟ ਦੇਣ ਆਦਿ ਪ੍ਰਮੁੱਖ ਮੰਗਾਂ ਜਿੱਥੇ ਲੋਕ ਮਨ੍ਹਾਂ ’ਚ ਘਰ ਕਰੀ ਬੈਠੀਆਂ ਹਨ। ਇਹ ਵਾਅਦੇ ਉਨ੍ਹਾਂ ਪੂਰੇ ਤਾਂ ਕੀ ਕਰਨੇ ਸਨ ਸਦੋਂ ਪੰਜ ਸਾਲ ਤੱਕ ਹਲਕੇ ਦੇ ਲੋਕਾਂ ਦੀ ਸਾਰ ਲੈਣ ਦੀ ਵੀ ਜਰੂਰਤ ਨਹੀਂ ਸਮਝੀ। ਹੋਰ ਪ੍ਰੋਜੈਕਟ ਅਤੇ ਪੈਸੇ ਤਾਂ ਕੀ ਲਗਾਉਣੇ ਸਨ ਬਲਕਿ ਜੋ ਗ੍ਰਾਂਟ ਦਾ ਪੈਸਾ ਹਲਕੇ ਵਿਚ ਖਰਚ ਕਰਨ ਲਈ ਇਕ ਸੰਸਦ ਨੂੰ ਦਿਤਾ ਜਾਂਦਾ ਹੈ ਉਹ ਵੀ ਪੂਰਾ ਖਰਚ ਨਹੀਂ ਕਰ ਸਕੇ। ਜਗਰਾਓਂ ਵਿਚ ਐਮਆਰਆਈ ਦੀ ਕੋਠੀ ਤੇ ਨਜਾਉਜ਼ ਕਬਜੇ ਦਾ ਮਾਮਲਾ ਭਾਵੇਂ ਦੇਸ਼ ਵਿਦੇਸ਼ ਤੱਕ ਗੂੰਜਿਆ ਪਰ ਲੁਧਿਆਣਾ ਹਲਕੇ ਦਾ ਸਸੰਦ ਹੋਣ ਦੇ ਨਾਤੇ ਰਵਨੀਤ ਸਿੰਘ ਬਿੱਟੂ ਨੇ ਇਸ ਮਾਮਲੇ ਤੇ ਮੂੰਹ ਨਹੀਂ ਖੋਲਿ੍ਹਆ ਅਤੇ ਨਾ ਹੀ ਜਗਰਾਓਂ ਆ ਕੇ ਇਸ ਮਾਮਲੇ ਤੇ ਹਾਅ ਦਾ ਨਾਅਰਾ ਮਾਰਨ ਦੀ ਖੇਚਲ ਕੀਤੀ। ਸਗੋਂ ਘਰ ਬੈਠੇ ਟਵੀਟਾਂ ਰਾਹੀਂ ਹੀ ਵੱਡੇ ਵੱਡੇ ਮਸਲੇ ਹਲ ਕਰਨ ਦੇ ਦਾਅਵੇ ਕਰਦੇ ਰਹੇ। ਹੁੱਣ ਦੂਸਰੀ ਪਾਰਟੀ’ਚ ਦਲ-ਬਦਲੀ ਤੋਂ ਉਨ੍ਹੰ ਦੀਆਂ ਇਹ ਯਾਦਾਂ ਬਾਅਦ ਹੋਰ ਵੀ ਗੁੜ੍ਹੀਆਂ ਹੋ ਗਈਆਂ ਹਨ। ਪ੍ਰਚਾਰ ਦੌਰਾਨ ਰਵਨੀਤ ਬਿੱਟੂ ਨੂੰ ਪਬਲਿਕ ਦਾ ਸਾਹਮਣਾ ਕਰਨਾ ਸੌਖਾ ਨਹੀਂ ਜਿੰਨ੍ਹਾਂ ਨੂੰ ਪੰਜ ਸਾਲ ਲਾਰਿਆਂ’ਚ ਰੱਖਿਆ ਹੋਵੇ। ਦੂਸਰੇ ਪਾਸੇ ਪੰਜਾਬ ਦੀ ਸੱਤਾਧਾਰੀ ਧਿਰ ਦੇ ਮੁੱਖ-ਮੰਤਰੀ ਭਗਵੰਤ ਸਿੰਘ ਮਾਨ ਜਦੋਂ ਜਗਰਾਓਂ ਜੱਚਾ-ਬੱਚਾ ਕੇਂਦਰ ਦਾ ਉਦਘਾਟਨ ਕਰਨ ਲਈ ਆਏ ਸਨ ਤਾਂ ਉਦੋਂ ਜਗਰਾਉਂ ਦੇ ਲੋਕਾਂ ਨੇ ਮੁੱਖ ਮੰਤਰੀ ਵੱਲੋਂ ਪੰਜਾਬ’ਚ ਬਣਨ ਵਾਲੇ ਮੈਡੀਕਲ ਕਾਲਜਾਂ ਚੋਂ ਇੱਕ ਜਗਰਾਉਂ ਵਿਖੇ ਬਣਾਉਣ ਲਈ ਮੰਗ ਰੱਖੀ ਸੀ। ਜਗਰਾਉਂ ਵਾਸੀਆਂ ਨੇ ਸਨਮਤੀ ਵਿਗਿਆਨ ਅਤੇ ਖੋਜ਼ ਕਾਲਿਜ਼ ਰਾਏਕੋਟ ਰੋਡ ਦੀ ਕਈ ਏਕੜ ਵਿਹਲੀ ਪਈ ਜਮੀਨ ਦੇਣ ਦਾ ਪ੍ਰਸਤਾਵ ਭੇਜਿਆ ਗਿਆ ਸੀ। ਬਾਅਦ’ਚ ਕਈ ਵਾਰ ਇਸ ਮੰਗ ਨੂੰ ਲੈ ਕੇ ਅਖਬਾਰਾਂ ਰਾਂਹੀ ਸਰਕਾਰ ਨੂੰ ਯਾਦ ਕਰਵਾਇਆ ਗਿਆ, ਪਰ ਤਰਾਸਦੀ ਇਹ ਰਹੀ ਕਿ ਅਜੇ ਤੱਕ ਇਸ ਮੰਗ ਦੀ ਪੂਰਤੀ ਲਈ ਸੇਰ ਚੋਂ ਪੂਣੀ ਵੀ ਨਹੀਂ ਕੱਤੀ ਗਈ। ਇਸਤੋਂ ਇਲਾਵਾ ਜਗਰਾਉਂ’ਚ ਪ੍ਰੈਸ ਭਵਨ ਬਣਾਉਣ ਆਦਿ ਅਣ-ਗਿਣਤ ਮੰਗਾਂ ਹਨ ਜੋ ਵਫਾ ਤਾਂ ਕੀ ਹੋਣੀਆਂ ਸੀ ਤਾਕਤ ’ਚ ਰਹਿੰਦਿਆਂ ਲੀਡਰਾਂ ਨੇ ਪਾਰਟੀਆਂ ਤਾਂ ਬਦਲ ਲਈਆਂ ਪਰ ਦੁਬਾਰਾ ਉਚਾਰੀਆਂ ਹੀ ਨਹੀਂ। ਅਜਿਹੇ ਲਾਰਿਆਂ ਦਾ ਹਿਸਾਬ ਲੈਣ ਲਈ ਲੋਕ ਰਾਜਨੀਤਿਕ ਆਗੂਆਂ ਦਾ ਸਾਹਮਣਾ ਹੋਣ ਦੀ ਉਡੀਕ ਕਰਨ ਲੱਗੇ ਹਨ। ਦੇਖੋ ਰਾਜਨੀਤਿਕ ਭਾਈਚਾਰਾ ਲੋਕਾਂ ਨੂੰ ਕਿਸ ਤਰ੍ਹਾਂ ਸਮਝਾ ਪਾਂਉਦਾ ਹੈ।
ਚਰਨਜੀਤ ਸਿੰਘ ਢਿੱਲੋਂ।