ਸਾਬਕਾ ਪੁਲਿਸ ਅਧਿਕਾਰੀ ਪੁਲਿਸ ਨੂੰ ਕਟਹਿਰੇ ਵਿੱਚ ਖੜ੍ਹਾ ਕਰਨਾ
ਜਦੋਂ ਪੰਜਾਬ ਵਿੱਚ ਬੇਅਦਬੀ ਦੀਆਂ ਮੰਦਭਾਗੀਆਂ ਘਟਨਾਵਾਂ ਵਾਪਰ ਰਹੀਆਂ ਸਨ ਤਾਂ ਪੰਜਾਬ ਪੁਲਿਸ ਦਾ ਇੱਕ ਮਸ਼ਹੂਰ ਚਿਹਰਾ ਕੁੰਵਰ ਵਿਜੇ ਪ੍ਰਤਾਪ ਸਿੰਘ ਸੁਰਖੀਆਂ ਵਿੱਚ ਸੀ। ਉਸ ਸਮੇਂ ਉਹ ਨਿਧੜਕ ਪੁਲਿਸ ਅਫਸਰ ਕਾਰਨ ਸੀ ਅਤੇ ਅੱਜ ਉਹ ਇਕ ਨਿਧੜਕ ਅਤੇ ਬੇਬਾਕ ਰਾਜਨੀਤਿਕ ਵਜੋਂ ਚਰਚਾ ਵਿਚ ਹੈ। ਉਸ ਸਮੇਂ ਦੀ ਕਾਂਗਰਸ ਸਰਕਾਰ ਨੇ ਬੇਅਦਬੀ ਦੀਆਂ ਵਾਪਰੀਆਂ ਘਟਨਾਵਾਂ ਦੀ ਜਾਂਚ ਕਰਨ ਲਈ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਅਗਵਾਈ ਵਿੱਚ ਇੱਕ ਸਿਟ ਦਾ ਗਠਨ ਕੀਤਾ ਗਿਆ ਸੀ ਅਤੇ ਉਸ ਸਿਟ ਵੱਲੋਂ ਕੀਤੀ ਗਈ ਜਾਂਚ ਰਿਪੋਰਟ ਨੇ ਪੰਜਾਬ ਦੀ ਸਿਆਸਤ ਵਿੱਚ ਹਲਚਲ ਮਚਾ ਦਿੱਤੀ ਗਈ ਸੀ। ਆਮ ਤੌਰ ਤੇ ਮੰਨਿਆ ਜਾਂਦਾ ਹੈ ਕਿ ਰਾਜਨੀਤਿਕ ਲੋਕ ਭਾਵੇਂ ਕਿਸੇ ਵੀ ਪਾਰਟੀ ਨਾਲ ਸੰਬੰਧਤ ਹੋਣ ਉਹ ਵੱਖਰੀ ਪਾਰਟੀ ਹੋਣ ਦੇ ਨਾਤੇ ਜਨਤਕ ਸਭਾਵਾਂ ਵਿਚ ਤਾਂ ਭਾਵੇਂ ਇਕ ਦੂਸਰੇ ਖਿਲਾਫ ਬਿਆਨਬਾਜ਼ੀ ਕਰਦੇ ਹਨ ਪਰ ਅੰਦਰੂਨੀ ਤੌਰ ਤੇ ਇਹ ਸਭ ਉਕੋ ਹੀ ਹੁੰਦੇ ਹਨ। ਉਊਸੇ ਕਬਾਵਤ ਨੂੰ ਸੱਚ ਸਾਬਿਤ ਕਰਦਿਆਂ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਤਿਆਰ ਕੀਤੀ ਗਈ ਜਾਂਚ ਰਿਪੋਰਟ ਨੂੰ ਨਾ ਤਾਂ ਉਸ ਸਮੇਂ ਦੀ ਕਾਂਗਰਸ ਸਰਕਾਰ ਨੇ ਸਵੀਕਾਰ ਕੀਤਾ ਸੀ ਅਤੇ ਨਾ ਹੀ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੇ, ਭਾਵੇਂ ਕੁੰਵਰ ਵਿਜੇ ਪ੍ਰਤਾਪ ਸਿੰਘ ਅਫਸਰਸ਼ਾਹੀ ਤਿਆਗ ਕੇ ਰਾਜਨੀਤੀ ਵਿਚ ਪ੍ਰਵੇਸ਼ ਕਰ ਗਏ ਅਤੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਕੇ ਵਿਧਾਇਕ ਵੀ ਚੁਣੇ ਗਏ। ਮੰਨਿਆ ਜਾ ਰਿਹਾ ਹੈ ਕਿ ਆਪਣੀ ਪੇਸ਼ ਕੀਤੀ ਰਿਪੋਰਟ ਤੇ ਉਨ੍ਹਾਂ ਦੀ ਹੀ ਸਰਕਾਰ ਨੇ ਕੋਈ ਕਾਰਵਾਈ ਕਰਨ ਤੋਂ ਇਨਕਾਰ ਕਰ ਦਿਤਾ ਤਾਂ ਉਨਾਂ ਆਪਣੀ ਹੀ ਸਰਕਾਰ ਨੂੰ ਕਟਹਿਰੇ ਵਿੱਚ ਖੜ੍ਹਾ ਕਰਨਾ ਸ਼ੁਰੂ ਕਰ ਦਿੱਤਾ ਤਾਂ ਸਰਕਾਰ ਨੇ ਉਨ੍ਹਾਂ ਨੂੰ ਰਾਜਨੀਤਿਕ ਤੌਰ ਤੇ ਖੁੱਡੇ ਲਾਇਨ ਲਗਾ ਦਿਤਾ। ਇਸ ਬਰੇ ਉਹ ਸਮੇਂ-ਸਮੇਂ ’ਤੇ ਆਪਣਾ ਦਰਦ ਬਿਆਨ ਕਰਦੇ ਰਹਿੰਦੇ ਹਨ। ਹੁਣ ਉੁਨ੍ਹਾਂ ਨੇ ਨਸ਼ੇ ਦੇ ਮਾਮਲੇ ’ਚ ਆਪਣੀ ਹੀ ਸਰਕਾਰ ’ਤੇ ਫਿਰ ਨਿਸ਼ਾਨਾ ਸਾਧਿਆ ਹੈ। ਆਮ ਆਦਮੀ ਪਾਰਟੀ ਦੇ ਲੋਕ ਸਭਾ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਦੇ ਹੱਕ ’ਚ ਰੱਖੇ ਗਏ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਸ਼ਹਿਰ ’ਚ ਨਸ਼ੇ ਵੇਚਣ ਦੇ ਦੋਸ਼ ਇਕ ਐੱਸ.ਪੀ ਅਤੇ ਇਕ ਡੀ.ਐੱਸ.ਪੀ ਤੇ ਲਗਾਏ। ਇਹ ਵੀ ਕਿਹਾ ਕਿ ਇਹ ਦੋਵੇਂ ਅਧਿਕਾਰੀ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਦੇ ਖਾਸਮ-ਖਾਸ ਹਨ। ਉਨ੍ਹਾਂ ਨੇ ਦੋਸ਼ ਲਾਇਆ ਕਿ ਸ਼ਹਿਰ ’ਚ ਵਿਕ ਰਹੇ ਨਸ਼ੇ ’ਚ ਪੁਲਸ ਦਾ ਹੱਥ ਹੈ। ਇਹੀ ਕਾਰਨ ਹੈ ਕਿ ਪੰਜਾਬ ’ਚ ਅੱਜ ਤੱਕ ਨਸ਼ਾ ਖਤਮ ਨਹੀਂ ਹੋ ਸਕਿਆ ਹੈ। ਸ਼ਹਿਰ ’ਚ ਪੰਜ ਕਮਿਸ਼ਨਰ ਬਦਲੇ ਹਨ ਪਰ ਇਹ ਦੋਵੇਂ ਅਧਿਕਾਰੀ ਡੀਜੀਪੀ ਤੱਕ ਨੂੰ ਕਹਿਣ ਦੇ ਬਾਵਜੂਦ ਬਦਲੇ ਨਹੀਂ ਗਏ। ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਸੁਰਖਈਆਂ ਬਟੋਰ ਰਹੀ ਹੈ ਅਤੇ ਹੁਣ ਆਮ ਆਦਮੀ ਪਾਰਟੀ ਦੇ ਗਲੇ ਦੀ ਹੱਡੀ ਬਣਦੀ ਜਾ ਰਹੀ ਹੈ। ਵਿਰੋਧੀ ਧਿਰਾਂ ਸੱਤਾਧਾਰੀ ਪਾਰਟੀ ਦੇ ਹੀ ਵਿਧਾਇਕ ਅਤੇ ਸਾਬਕਾ ਪੁਲਿਸ ਅਧਿਕਾਰੀ ਵਲੋਂ ਲਗਾਏ ਜਾ ਰਹੇ ਦੋਸ਼ਾਂ ਕਾਰਨ ਸਰਕਾਰ ਨੂੰ ਘੇਰ ਰਹੀਆਂ ਹਨ। ਸੱਤਾ ਧਾਰੀ ਪਾਰਟੀ ਦੇ ਵਿਧਾਇਕ ਅਤੇ ਇਕ ਸਾਬਕਾ ਪੁਲਿਸ ਅਧਿਕਾਰੀ ਜੇਕਰ ਇਸ ਤਰਾਂ ਦੇ ਦੋਸ਼ ਲਗਾਉਂਦਾ ਹੈ ਤਾਂ ਮਾਮਲਾ ਬਹੁਤ ਗੰਭੀਰ ਹੈ। ਹੁਣ ਵੱਡਾ ਸਵਾਲ ਇਹ ਹੈ ਕਿ ਜਦੋਂ ਤੋਂ ਪੰਜਾਬ ਵਿੱਚ ਚਿੱਟਾ ਨਸ਼ੇ ਦਾ ਦੌਰ ਸ਼ੁਰੂ ਹੋਇਆ ਹੈ, ਉਸਨੂੰ ਹਰ ਸਰਕਾਰ ਖਤਮ ਕਰਨ ਲਈ ਬਿਆਨਬਾਜ਼ੀ ਕਰਦੀ ਰਹੀ ਹੈ। ਪਰ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੀਆਂ ਸਰਕਾਰਾਂ ਇਸੇ ਨਸ਼ੇ ਦੀ ਭੇਂਟ ਚੜ੍ਹੀਆਂ ਅਤੇ ਹੁਣ ਆਪ ਦੀ ਵਾਰੀ ਆ ਰਹੀ ਹੈ। ਪੰਜਾਬ ਨਸ਼ਾ ਮੁਕਤ ਹੋਣ ਦੀ ਬਜਾਏ ਹੋਰ ਵਧੇਰੇ ਗਿ੍ਰਫਤ ਵਿਚ ਆ ਰਿਹਾ ਹੈ। ਇਹ ਨਸ਼ਾ ਕਿੱਥੋਂ ਆਉਂਦਾ ਹੈ ਅਤੇ ਇਸ ਦੀ ਸਪਲਾਈ ਚੇਨ ਕਿਵੇਂ ਕੰਮ ਕਰਦੀ ਹੈ ਇਹ ਅੱਜ ਤੱਕ ਕੋਈ ਸਰਕਾਰ ਖੁਲਾਸਾ ਨਹੀਂ ਕਰ ਸਕੀ। ਬੱਸ ਸਿਰਫ ਥੋੜਾ ਬਹੁਤਾ ਖਾਣ ਵਾਲੇ ਨਸ਼ੇੜੀ ਜੋ ਅੱਗੇ ਅਪਣੇ ਨਸ਼ੇ ਦੀ ਪੂਰਤੀ ਲਈ ਥੋੜਾ ਬਹੁਤ ਵੇਚਦੇ ਹਨ ਉਹ ਫੜ ਫੜ ਕੇ ਜੇਲਾਂ ਭਰੀਆਂ ਜਾ ਰਹੀਆਂ ਹਨ। ਇਸ ਮਾਮਲੇ ’ਚ ਪੁਲਸ ਦੀ ਭੂਮਿਕਾ ’ਤੇ ਨਜ਼ਰ ਮਾਰੀਏ ਤਾਂ ਇਹ ਵੀ ਸਪੱਸ਼ਟ ਹੁੰਦਾ ਹੈ ਕਿ ਪੁਲਸ ਦੀ ਸਹਿਮਤੀ ਤੋਂ ਬਿਨਾਂ ਇਕ ਚੂੰਢੀ ਵੀ ਨਸ਼ੇ ਦੀ ਨਹੀਂ ਵਿਕ ਸਕਦੀ। ਪੰਜਾਬ ਵਿਚ ਸ਼ੁਰੂ ਤੋਂ ਹੀ ਰਾਜਨੀਤਿਕ, ਪੁਲਿਸ ਅਤੇ ਨਸ਼ਾ ਤਸਕਰਾਂ ਦਾ ਗਠਦੋੜ ਚੱਲਦਾ ਰਿਹਾ ਹੈ। ਜਿਸ ਕਾਰਨ ਅੱਜ ਤੱਕ ਨਸ਼ਾ ਖਤਮ ਨਹੀਂ ਹੋ ਸਕਿਆ। ਕਿਸੇ ਵੀ ਵਿਧਾਨ ਸਭਾ ਹਲਕੇ ਵਿੱਚ ਨਜਰ ਮਾਰ ਲਓ ਤਾਂ ਕਈ ਅਜਿਹੇ ਇਲਾਕੇ ਹੁੰਦੇ ਹਨ ਜੋ ਨਸ਼ੇ ਲਈ ਹੱਬ ਮੰਨੇ ਜਾਂਦੇ ਹਨ। ਨਸ਼ੇ ਤਸਕਰੀ ਲਈ ਮਸ਼ਹੂਰ ਹਨ ਅਤੇ ਨਸ਼ੇੜੀਆਂ ਤੱਕ ਦੇ ਨਾਮ ਵੀ ਲੋਕਾਂ ਦੀ ਜ਼ੁਬਾਨ ’ਤੇ ਹਮੇਸ਼ਾ ਰਹਿੰਦਾ ਹੈ। ਪੰਜਾਬ ਵਿੱਚ ਅਜਿਹਾ ਦੌਰ ਵੀ ਆਇਆ ਸੀ ਨਸ਼ਾ ਤਸਕਰਾਂ ਖਿਲਾਫ ਲੋਕ ਪਿੰਡ ਪੱਧਰ ਤੇ ਉੱਠ ਖੜੇ ਹੋਏ ਸਨ ਅਤੇ ਪੁਲਿਸ ਨੂੰ ਨਸ਼ਾ ਤਸਕਰਾਂ ਦੀਆਂ ਸੂਚੀਆਂ ਤੱਕ ਸੌਂਪੀਆਂ ਗਈਆਂ ਪਰ ਉਸਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਹੋ ਸਕੀ। ਬਲਕਿ ਸੂਚੀਆਂ ਦੇਣ ਵਾਲੇ ਲੋਕ ਜਰੂਪ ਨਸ਼ਾ ਤਸਕਰਾਂ ਦੀ ਹਿੱਟ ਲਿਸਟ ਤੇ ਆ ਗਏ। ਜਦੋਂ ਕਦੇ ਪੁਲਿਸ ਨੇ ਛਾਪੇਮਾਰੀ ਕਰਨੀ ਹੁੰਦੀ ਹੈ ਤਾਂ ਨਸ਼ਾ ਤਸਕਰਾਂ ਨੂੰ ਪਹਿਲਾਂ ਹੀ ਪੂਰੀ ਜਾਣਕਾਰੀ ਦੇ ਦਿੱਤੀ ਜਾਂਦੀ ਹੈ ਅਤੇ ਪੁਲਿਸ ਛਾਪੇਮਾਰੀ ਦੌਰਾਨ ਕੋਈ ਵੀ ਨਸ਼ਾ ਹਾਸਿਲ ਨਹੀਂ ਹੁੰਦਾ ਅਤੇ ਕੋਈ ਨਸ਼ਾ ਤਸਕਰ ਹੱਥ ਨਹੀਂ ਆਉਂਦਾ। ਨਸ਼ਾ ਅੱਜ ਵੀ ਪੰਜਾਬ ਦੇ ਹਰ ਗਲੀ ਕੂਚੇ ਵਿਚ ਧੜ੍ਰੱਲੇ ਨਾਲ ਵੇਚਿਆ ਜਾਂਦਾ ਹੈ ਅਤੇ ਹਰ ਰੋਜ਼ ਸਾਡੇ ਨੌਜਵਾਨ ਇਸ ਨਸ਼ੇ ਦਾ ਸ਼ਿਕਾਰ ਹੋ ਰਹੇ ਹਨ। ਜੇਕਰ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਹਰ ਇਲਾਕੇ ਦੇ ਪੁਲਿਸ ਅਫਸਰਾਂ ਨੂੰ ਜਿੰਮੇਵਾਰ ਠਹਿਰਾਇਆ ਜਾਵੇ। ਹਰ ਹਲਕੇ ਦੀ ਪੁਲਿਸ ਚੌਕੀ ਜਾਂ ਪੁਲਿਸ ਥਾਣਾ ਖੇਤਰ ਦੇ ਅੰਦਰ ਨਸ਼ਾ ਤਸਕਰਾਂ ਦੇ ਠਿਕਾਣਿਆ ਬਾਰੇ ਜਾਣਕਾਰੀ ਹੁੰਦੀ ਹੈ। ਇਸ ਲਈ ਕੁਮਾਰ ਵਿਜੇ ਪ੍ਰਤਾਪ ਸਿੰਘ ਦੁਆਰਾ ਕੀਤੇ ਗਏ ਇਸ ਅਹਿਮ ਖੁਲਾਸੇ ਨੂੰ ਪੰਜਾਬ ਸਰਕਾਰ ਨੈਗਟਿਵ ਤੌਰ ਤੇ ਲੈਣ ਦੀ ਬਜਾਏ ਪਾਜਟਿਵ ਸਢੰਗ ਨਾਲ ਲੈ ਕੇ ਸਖਤ ਕਾਰਵਾਈ ਕਰੇ ਕਿਉਂਕਿ ਆਮ ਆਦਮੀ ਪਾਰਟੀ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਨਾਂ ’ਤੇ ਸੱਤਾ ’ਚ ਆਈ ਸੀ ਅਤੇ ਪੰਜਾਬੀਆਂ ਨੇ ਇਸ ਮਾਮਲੇ ’ਤੇ ਉਨ੍ਹਾਂ ’ਤੇ ਬਹੁਤ ਭਰੋਸਾ ਜਤਾਇਆ ਸੀ ਪਰ ਪਿਛਲੇ ਢਾਈ ਸਾਲਾਂ ਤੋ ਇਸ ਮੁੱਦੇ ’ਤੇ ਸਰਕਾਰ ਪਬਲਿਕ ਦਾ ਭਰੋਸਾ ਕਾਇਮ ਨਹੀਂ ਰੱਖ ਸਕੀ। ਜਿਸ ਕਾਰਨ ਅੱਜ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਨੂੰ ਖਮਿਆਜ਼ਾ ਭੁਗਤਣਾ ਪਿਆ ਹੈ, ਉਸੇ ਤਰ੍ਹਾਂ ਉਨ੍ਹਾਂ ਨੂੰ ਵੀ ਭੁਗਤਣਾ ਪੈ ਸਕਦਾ ਹੈ। ਇਸ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੁੰਵਰ ਵਿਜੇ ਪ੍ਰਤਾਪ ਸਿੰਘ ਵਲੋਂ ਖੁੱਲ੍ਹੇ ਤੌਰ ਤੇ ਕੀਤੇ ਗਏ ਇਸ ਅਹਿਮ ਖੁਲਾਸੇ ਤੇ ਉਸਾਰੂ ਸੋਚ ਨਾਲ ਅੱਗੇ ਵਧਣਾ ਚਾਹੀਦਾ ਹੈ ਤਾਂ ਜੋ ਪੰਜਾਬ ਨੂੰ ਸੱਚਮੁੱਚ ਨਸ਼ਾ ਮੁਕਤ ਕੀਤਾ ਜਾ ਸਕੇ।
ਹਰਵਿੰਦਰ ਸਿੰਘ ਸੱਗੂ।