ਬਟਾਲਾ (ਰੋਹਿਤ ਗੋਇਲ) ਬਟਾਲਾ ਮਹਿਤਾ ਰੋਡ ‘ਤੇ ਰੰਗੜ ਨੰਗਲ ਵਿਖੇ ਬੁੱਧਵਾਰ 7 ਵਜੇ ਦੇ ਕਰੀਬ ਇਕ ਤੇਜ਼ ਰਫਤਾਰ ਟਿੱਪਰ ਨੇ ਲੱਕੜਾਂ ਨਾਲ ਲੱਦੇ ਘੜੁੱਕੇ ਨੂੰ ਸਾਈਡ ਮਾਰ ਦਿੱਤੀ। ਬੇਕਾਬੂ ਹੋਏ ਘੜੁੱਕੇ ਦੀ ਲਪੇਟ ‘ਚ ਆਉਣ ਨਾਲ ਅਖਬਾਰ ਵੰਡਣ ਜਾ ਰਹੇ ਹਾਕਰ ਦੀ ਮੌਕੇ ‘ਤੇ ਹੀ ਮੌਤ ਹੋ ਗਈ ਹੈ। ਮੌਕੇ ਤੋਂ ਇਕੱਤਰ ਜਾਣਕਾਰੀ ਅਨੁਸਾਰ ਪਿਛਲੇ 20 ਸਾਲਾਂ ਤੋਂ ਅਖਬਾਰ ਵੰਡਣ ਦਾ ਕੰਮ ਕਰਦੇ ਆ ਰਹੇ ਸਤਨਾਮ ਸਿੰਘ (40) ਪੁੱਤਰ ਗੁਰਦੀਪ ਸਿੰਘ ਵਾਸੀ ਬਦੋਵਾਲ ਮਹਿਤਾ ਚੌਂਕ ਤੋਂ ਅਖਬਾਰਾਂ ਲੈ ਕੇ ਵੱਖ-ਵੱਖ ਪਿੰਡਾਂ ‘ਚ ਅਖਬਾਰਾਂ ਵੰਡਣ ਜਾ ਰਿਹਾ ਸੀ। ਜਦ ਉਹ ਰੰਗੜ ਨੰਗਲ ਨਜ਼ਦੀਕ ਚੌਧਰੀਵਾਲ ਪੁੱਜਾ ਤਾਂ ਪਿੱਛੋ ਇੱਕ ਤੇਜ਼ ਰਫਤਾਰ ਟਿੱਪਰ ਨੇ ਲੱਕੜਾਂ ਲੱਦ ਕੇ ਜਾ ਰਹੇ ਘੜੁੱਕੇ ਨੂੰ ਸਾਈਡ ਮਾਰ ਦਿੱਤੀ, ਜਿਸ ਨਾਲ ਲੱਕੜਾਂ ਨਾਲ ਲੱਦਿਆ ਘੜੁੱਕਾ ਬੇਕਾਬੂ ਹੋ ਗਿਆ ਅਤੇ ਉਸਨੇ ਹਾਕਰ ਸਤਨਾਮ ਸਿੰਘ ਨੂੰ ਆਪਣੀ ਲਪੇਟ ‘ਚ ਲੈ ਲਿਆ, ਜਿਸ ਨਾਲ ਉਸਦੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਅਣਪਛਾਤਾ ਟਿੱਪਰ ਚਾਲਕ ਮੌਕੇ ਤੋਂ ਟਿੱਪਰ ਭਜਾ ਕੇ ਲੈ ਗਿਆ, ਜਦ ਕਿ ਘੜੁੱਕਾ ਚਾਲਕ ਤੇ ਉਸਦੇ ਨਾਲ ਬੈਠਾ ਇੱਕ ਹੋਰ ਵਿਅਕਤੀ ਅਤੇ ਇੱਕ ਛੋਟਾ ਬੱਚਾ ਵਾਲ-ਵਾਲ ਬਚ ਗਏ। ਹਾਕਰ ਸਤਨਾਮ ਸਿੰਘ ਦੀ ਮੌਤ ਨਾਲ ਇਲਾਕੇ ‘ਚ ਸੋਗ ਦੀ ਲਹਿਰ ਫੈਲ ਗਈ ਹੈ।