Home crime ਆਪਣੇ ਆਪ ਨੂੰ ਬਿਸ਼ਨੋਈ ਤੇ ਲਾਹੌਰੀਆ ਦਾ ਨਜ਼ਦੀਕੀ ਦੱਸਣ ਵਾਲਾ ਚੀਕੂ ਗ੍ਰਿਫ਼ਤਾਰ,...

ਆਪਣੇ ਆਪ ਨੂੰ ਬਿਸ਼ਨੋਈ ਤੇ ਲਾਹੌਰੀਆ ਦਾ ਨਜ਼ਦੀਕੀ ਦੱਸਣ ਵਾਲਾ ਚੀਕੂ ਗ੍ਰਿਫ਼ਤਾਰ, ਦੇਸੀ ਪਿਸਤੌਲ ਤੇ ਦੇਸੀ ਕੱਟਾ ਬਰਾਮਦ

19
0


ਪਟਿਆਲਾ,13 ਮਈ (ਰਾਜੇਸ਼ ਜੈਨ – ਭਗਵਾਨ ਭੰਗੂ) : ਪੁਲਿਸ ਨੇ ਖੁਦ ਨੂੰ ਲਾਰੇਂਸ ਬਿਸ਼ਨੋਈ ਅਤੇ ਨਵ ਲਾਹੌਰੀਆ ਗੈਂਗ ਦਾ ਨਜ਼ਦੀਕੀ ਦੱਸਣ ਵਾਲੇ ਨੌਜਵਾਨ ਨੂੰ ਅਸਲੇ ਸਮੇਤ ਗ੍ਰਿਫ਼ਤਾਰ ਕੀਤਾ ਹੈ। ਐੱਸਪੀ ਸਰਫਰਾਜ ਆਲਮ ਨੇ ਇਸਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਥਾਣਾ ਕੋਤਵਾਲੀ ਮੁਖੀ ਇੰਸਪੈਕਟਰ ਹਰਜਿੰਦਰ ਸਿੰਘ ਢਿੱਲੋਂ ਨੇ ਮੁਲਜਮ ਕੋਲੋਂ ਇਕ ਦੇਸੀ ਪਿਸਤੌਲ, ਅੱਠ ਕਾਰਤੂਸ ਅਤੇ ਇੱਕ ਦੇਸੀ ਕੱਟਾ ਚਾਰ ਰੌਂਦ ਸਮੇਤ ਬਰਾਮਦ ਕੀਤਾ ਗਿਆ ਹੈ।ਐੱਸਪੀ ਸਰਫਾਰਜ਼ ਆਲਮ ਨੇ ਦੱਸਿਆ ਕਿ ਥਾਣਾ ਕੋਤਵਾਲੀ ਮੁਖੀ ਦੀ ਅਗਵਾਈ ਵਿਚ ਸਹਾਇਕ ਥਾਣੇਦਾਰ ਗੁਰਬਿੰਦਰ ਸਿੰਘ ਪੁਲਿਸ ਟੀਮ ਸਮੇਤ ਘਲੋੜੀ ਗੇਟ ਸ਼ਮਸ਼ਾਨ ਘਾਟ ਕੋਲ ਮੋਜੂਦ ਸੀ। ਇਸੇ ਦੌਰਾਨ ਸੂਚਨਾ ਮਿਲੀ ਕਿ ਰੋਹਿਤ ਕੁਮਾਰ ਉਰਫ ਚੀਕੂ ਵਾਸੀ ਨਿਊ ਮਾਲਵਾ ਕਾਲੋਨੀ, ਸਨੌਰੀ ਅੱਡਾ ਗੈਂਗਸਟਰ ਗਤੀਵਿਧੀਆਂ ਨਾਲ ਸਬੰਧ ਰੱਖਦਾ ਹੈ। ਜਿਸਦੇ ਕਰੀਬੀ ਦੋਸਤ ਤੇਜਪਾਲ ਦਾ ਵਿਰੋਧੀ ਪਾਰਟੀ ਵੱਲੋ ਕਤਲ ਕਰ ਦਿੱਤਾ ਗਿਆ ਸੀ। ਰੋਹਿਤ ਕੁਮਾਰ ਵਿਰੋਧੀ ਗੈਂਗ ਦੇ ਮੈਂਬਰਾਂ ਨੂੰ ਮਾਰਣ ਲਈ ਪਿਸਟਲ ਲੈ ਕੇ ਉਨ੍ਹਾਂ ਦੀ ਭਾਲ ਕਰ ਰਿਹਾ ਹੈ। ਪੁਲਿਸ ਨੇ ਛੋਟੀ ਨਦੀ ਦੇ ਬੰਨੇ ’ਤੇ ਪੀਰ ਦੀ ਦਰਗਾਹ ਤੋਂ ਪਿਸਟਲ ਸਮੇਤ ਰੋਹਿਤ ਨੂੰ ਗ੍ਰਿਫਤਾਰ ਕਰ ਲਿਆ ਅਤੇ ਅਗਲੇ ਦਿਨ ਉਸਦੀ ਨਿਸ਼ਾਨਦੇਹੀ ’ਤੇ ਇੱਕ ਦੇਸੀ ਕੱਟਾ 12 ਬੋਰ ਚਾਰ ਰੌਂਦ ਸਮੇਤ ਵੀ ਬਰਾਮਦ ਕੀਤਾ।ਐੱਸਪੀ ਸਰਫਰਾਜ਼ ਆਲਮ ਨੇ ਦੱਸਿਆ ਕਿ ਰੋਹਿਤ ਉਰਫ ਚੀਕੂ ਆਪਣੇ ਆਪ ਨੂੰ ਨਵ ਲਾਹੌਰੀਆ ਗਰੁੱਪ ਨਾਲ ਸਬੰਧਤ ਦੱਸਦਾ ਹੈ। ਜਿਸ ਖਿਲਾਫ ਸੱਤ ਮੁੱਕਦਮੇ ਲੜਾਈ ਝਗੜੇ ਅਤੇ ਹੋਰ ਜੁਰਮਾਂ ਅਧੀਨ ਦਰਜ ਹਨ। ਨਵ ਲਾਹੌਰੀਆ ਖਿਲਾਫ ਕਰੀਬ 20 ਮੁੱਕਦਮੇ ਦਰਜ ਹਨ। ਨਵ ਲਾਹੌਰੀਆ ਦਾ ਨਜ਼ਦੀਕੀ ਸਬੰਧ ਅੱਗੇ ਲਾਰੈਂਸ ਬਿਸ਼ਨੋਈ ਗਰੁੱਪ ਨਾਲ ਹੈ, ਜੋ ਅੱਜ ਕੱਲ ਗੋਇੰਦਵਾਲ ਸਾਹਿਬ ਜੇਲ ਵਿੱਚ ਬੰਦ ਹੈ। ਗੈਂਗਵਾਰ ’ਚ ਮਰਿਆ ਤੇਜਪਾਲ ਵੀ ਇਨ੍ਹਾ ਦੇ ਗਰੁੱਪ ਦਾ ਸਰਗਰਮ ਮੈਂਬਰ ਸੀ। ਮੁਲਜ਼ਮ ਅਨੁਸਾਰ ਇਸਦੇ ਵਿਰੋਧੀ ਗਰੁੱਪ ਦਾ ਮੈਂਬਰ ਪੀਯੂਸ਼ ਜੇਲ੍ਹ ਵਿਚ ਹੈ। ਪੁਨੀਤ ਉਰਫ ਗੋਲਾ ਫਰਾਰ ਚੱਲ ਰਿਹਾ ਹੈ, ਸ਼ੰਮੀ ਜੇਲ੍ਹ ਵਿਚ ਹੈ। ਇਸਤੋ ਇਲਾਵਾ ਅਮਨਦੀਪ ਸਿੰਘ ਉਰਫ ਜੱਟ, ਸਾਗਰ ਉਰਫ ਜੱਗੂ ਤੇ ਰਵੀ, ਇਹ ਤਿੰਨੋ ਤੇਜਪਾਲ ਕਤਲ ਮਾਮਲੇ ਵਿਚ ਜੇਲ੍ਹ ’ਚ ਹਨ। ਰੋਹਿਤ ਕੁਮਾਰ ਉਰਫ ਚੀਕੂ ਪਾਸੋ ਪੁਲਿਸ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਜਿਸ ਪਾਸੋ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।

LEAVE A REPLY

Please enter your comment!
Please enter your name here