ਲੁਧਿਆਣਾ, 14 ਮਈ ( ਸੰਜੀਵ ਗੋਇਲ, ਅਨਿਲ ਕੁਮਾਰ)-: ਲੋਕ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਇੱਕ ਵੱਡੀ ਮਜਬੂਤੀ ਪ੍ਰਦਾਨ ਕਰਦਿਆਂ, ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਹੇਠ ਆਜ਼ਾਦ ਸਮਾਜ ਪਾਰਟੀ (ਕਾਂਸ਼ੀ ਰਾਮ) ਦੇ ਸਾਬਕਾ ਪੰਜਾਬ ਪ੍ਰਧਾਨ ਤੇ ਉੱਘੇ ਸਮਾਜਸੇਵੀ ਰਾਜੀਵ ਕੁਮਾਰ ਲਵਲੀ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ। ਜਿਨਾਂ ਦਾ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਵੱਲੋਂ ਪਾਰਟੀ ਚ ਸਵਾਗਤ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਰਜੀਵ ਕੁਮਾਰ ਲਵਲੀ ਦੇ ਪਿਤਾ ਸਵ. ਬਾਬੂ ਅਜੀਤ ਕੁਮਾਰ ਸਾਲ 1962 ਤੋਂ 1967 ਤੱਕ ਆਰਪੀਆਈ ਪਾਰਟੀ ਦੇ ਸਿੱਧਵਾਂ ਬੇਟ ਹਲਕੇ ਤੋਂ ਵਿਧਾਇਕ ਰਹੇ ਹਨ। ਜਦ ਕਿ ਰਾਜੀਵ ਕੁਮਾਰ ਲਵਲੀ ਆਜਾਦ ਸਮਾਜ ਪਾਰਟੀ (ਕਾਸ਼ੀ ਰਾਮ) ਦੇ ਸਾਬਕਾ ਸੂਬਾ ਪ੍ਰਧਾਨ ਹੋਣ ਤੋਂ ਇਲਾਵਾ, ਅੰਬੇਦਕਰ ਨਵਯੁਵਕ ਦਲ ਦੇ ਸਰਪਰਸਤ, ਸ਼੍ਰੀ ਗੁਰੂ ਰਵਿਦਾਸ ਸਭਾ ਦੇ ਪ੍ਰਧਾਨ, ਮਾਲਵਾ ਸੱਭਿਆਚਾਰਕ ਮੰਚ ਪੰਜਾਬ ਦੇ ਪ੍ਰਧਾਨ, ਪ੍ਰੋ ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਦੇ ਪ੍ਰਧਾਨ ਤੇ ਡਾ ਏ.ਵੀ.ਐਮ ਐਜੂਕੇਸ਼ਨ ਸੁਸਾਇਟੀ ਦੇ ਪ੍ਰਧਾਨ ਵੀ ਹਨ।
ਇਸ ਮੌਕੇ ਰਾਜੀਵ ਕੁਮਾਰ ਲਵਲੀ ਨੇ ਕਿਹਾ ਕਿ ਦੇਸ਼ ਅਤੇ ਸੰਵਿਧਾਨ ਦੀ ਰਾਖੀ ਲਈ ਆਮ ਆਦਮੀ ਪਾਰਟੀ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੇ ਪਾਰਟੀ ਚ ਸ਼ਾਮਿਲ ਹੋਣ ਦਾ ਫੈਸਲਾ ਕੀਤਾ ਹੈ। ਉਹਨਾਂ ਨੇ ਕਿਹਾ ਕਿ ਐਸ.ਸੀ, ਐਸ.ਟੀ ਸਣੇ ਘੱਟ ਗਿਣਤੀ ਭਾਈਚਾਰੇ ਦੇ ਹਿੱਤਾਂ ਦੀ ਰਾਖੀ ਇਸ ਦੇਸ਼ ਦਾ ਸੰਵਿਧਾਨ ਕਰ ਸਕਦਾ ਹੈ, ਜਿਸਨੂੰ ਬਚਾਉਣ ਲਈ ਆਮ ਆਦਮੀ ਪਾਰਟੀ ਵੱਲੋਂ ਇੰਡੀਆ ਗਠਜੋੜ ਬੈਨਰ ਹੇਠਾਂ ਸੰਵਿਧਾਨ ਵਿਰੋਧੀ ਤਾਕਤਾਂ ਖਿਲਾਫ ਲੜਾਈ ਲੜੀ ਜਾ ਰਹੀ ਹੈ।
ਲਵਲੀ ਨੇ ਆਪ ਸੰਯੋਜਕ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ ਸਣੇ ਸਮੂਹ ਆਮ ਆਦਮੀ ਪਾਰਟੀ ਲੀਡਰਸ਼ਿਪ ਦਾ ਧੰਨਵਾਦ ਪ੍ਰਗਟਾਉਂਦਿਆਂ ਹੋਇਆਂ ਕਿਹਾ ਕਿ ਪਾਰਟੀ ਵੱਲੋਂ ਉਹਨਾਂ ਨੂੰ ਜਿਹੜੀ ਵੀ ਜਿੰਮੇਵਾਰੀ ਦਿੱਤੀ ਜਾਵੇਗੀ, ਉਹ ਉਸਨੂੰ ਤਨਦੇਹੀ ਨਾਲ ਨਿਭਾਉਣਗੇ।