Home Punjab ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਾਂ ਪੈਣ ਵਾਲੇ ਦਿਨ ਹਰ ਇੱਕ ਪੋਲਿੰਗ...

ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਾਂ ਪੈਣ ਵਾਲੇ ਦਿਨ ਹਰ ਇੱਕ ਪੋਲਿੰਗ ਬੂਥ ‘ਤੇ ਸ਼ੈੱਡ, ਛਬੀਲ, ਪੱਖੇ ਤੇ ਕੂਲਰ ਆਦਿ ਦੇ ਹੋਣਗੇ ਇੰਤਜ਼ਾਮ

20
0


ਤਰਨ ਤਾਰਨ, ਮਈ 20 (ਭਗਵਾਨ ਭੰਗੂ – ਲਿਕੇਸ਼ ਸ਼ਰਮਾ) : ਸੂਬੇ ਦੇ ਵਿੱਚ ਵੱਧ ਰਹੀ ਗਰਮੀ ਨੂੰ ਵੇਖਦਿਆਂ ਹਲਕਾ-03 ਖਡੂਰ ਸਾਹਿਬ ਦੇ ਰਿਟਰਨਿੰਗ ਅਫਸਰ-ਕਮ-ਡਿਪਟੀ ਕਮਿਸ਼ਨਰ, ਤਰਨ ਤਾਰਨ,ਸੰਦੀਪ ਕੁਮਾਰ ਨੇ ਅਧਿਕਾਰੀਆਂ ਨਾਲ ਸੋਮਵਾਰ ਨੂੰ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਅਹਿਮ ਮੀਟਿੰਗ ਕੀਤੀ।ਇਸ ਮੌਕੇ ਹਲਕਾ ਖਡੂਰ ਸਾਹਿਬ ਦੇ 09 ਹਲਕਿਆਂ ਦੇ ਸਹਾਇਕ ਰਿਟਰਨਿੰਗ ਅਫ਼ਸਰ ਅਤੇ ਸਿਹਤ ਵਿਭਾਗ ਦੇ ਅਧਿਕਾਰੀ ਵੀ ਹਾਜ਼ਰ ਸਨ।ਮੀਟਿੰਗ ਦੌਰਾਨ ਸੰਦੀਪ ਕੁਮਾਰ ਵੱਲੋਂ ਅਧਿਕਾਰੀਆਂ ਨੂੰ 01 ਜੂਨ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਅਤੇ ਵੱਧ ਰਹੀ ਗਰਮੀ ਦੇ ਮੱਦੇਨਜ਼ਰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਤਾਂ ਜੋ ਵੋਟਾਂ ਵਾਲੇ ਦਿਨ ਗਰਮੀ ਦਾ ਚੋਣਾਂ ‘ਤੇ ਪ੍ਰਭਾਵ ਨਾ ਪਵੇ ਅਤੇ ਪੋਲਿੰਗ ਬੂਥਾਂ ‘ਤੇ ਪਹੁੰਚ ਕੇ ਆਪਣੀ ਵੋਟ ਦਾ ਇਸਤੇਮਾਲ ਕਰ ਸਕਣ।ਸੰਦੀਪ ਕੁਮਾਰ ਨੇ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਵੱਧ ਰਹੀ ਗਰਮੀ ਨੂੰ ਧਿਆਨ ਵਿੱਚ ਰੱਖਦਿਆਂ ਅਡਵਾਇਜ਼ਰੀ ਜਾਰੀ ਕੀਤੀ ਹੈ।ਉਨਾਂ ਕਿ ਮੌਸਮ ਵਿਭਾਗ ਦੇ ਅੰਦੇਸ਼ੇ ਅਨੁਸਾਰ ਆਉਣ ਵਾਲੇ ਦਿਨਾਂ ਦੌਰਾਨ ਤਾਪਮਾਨ ਕਾਫ਼ੀ ਵਧੇਗਾ।ਉਨ੍ਹਾਂ ਦੱਸਿਆ ਕਿ ਜ਼ਿਲਾ੍ਹ ਚੋਣ ਦਫਤਰ ਵੱਲੋਂ ਵੋਟਾਂ ਵਾਲੇ ਦਿਨ ਹਲਕਾ ਖਡੂਰ ਸਾਹਿਬ ਦੇ ਹਰ ਇੱਕ ਬੂਥ ‘ਤੇ ਛਾਂ ਲਈ ਸ਼ੈਡ ਦਾ ਇੰਤਜ਼ਾਮ ਕੀਤਾ ਜਾਵੇਗਾ ਤਾਂ ਜੋ ਵੋਟਰਾਂ ਨੂੰ ਧੁੱਪ ਅਤੇ ਗਰਮੀ ਕਾਰਨ ਪਰੇਸ਼ਾਨੀ ਨਾ ਝੱਲਣੀ ਪਵੇ।ਇਸ ਤੋਂ ਇਲਾਵਾ ਸੰਦੀਪ ਕੁਮਾਰ ਨੇ ਦੱਸਿਆ ਕਿ ਚੋਣ ਦਫਤਰ ਵੱਲੋਂ ਬੀ. ਐਲ. ਓਜ਼ ਰਾਹੀ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇਗਾ ਕਿ ਹਰ ਇੱਕ ਬੂਥ ‘ਤੇ ਲੋੜ ਅਨੁਸਾਰ ਪੱਖੇ, ਕੂਲਰ ਲਗਾਏ ਜਾਣ ਤਾਂ ਜੋ ਗਰਮੀ ਕਾਰਨ ਆਪਣੀ ਵੋਟ ਪਾਉਣ ਦੇ ਇੰਤਜ਼ਾਰ ਕਰ ਰਹੇ ਵੋਟਰਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਾ ਮਹਿਸੂਸ ਹੋਵੇ।ਉਹਨਾਂ ਕਿਹਾ ਕਿ ਹਲਕੇ ਦੇ ਹਰ ਇੱਕ ਬੂਥ ‘ਤੇ ਠੰਡੇ ਮਿੱਠੇ ਜਲ ਦੀ ਛਬੀਲ ਦਾ ਪ੍ਰਬੰਧ ਵੀ ਜ਼ਿਲਾ੍ਹ ਚੋਣ ਦਫਤਰ ਵੱਲੋਂ ਕੀਤਾ ਜਾਵੇਗਾ ਅਤੇ ਇਹ ਛਬੀਲ ਵੋਟਿੰਗ ਸ਼ੁਰੂ ਹੋਣ ਤੋਂ ਲੈ ਕੇ ਖਤਮ ਹੋਣ ਤੱਕ ਚੱਲਦੀ ਰਹੇਗੀ।ਉਨਾਂ ਕਿਹਾ ਵੋਟਰਾਂ ਤੋਂ ਇਲਾਵਾ, ਸੈਕਟਰ ਸੁਪਰਵਾਇਜ਼ਰਾਂ ਅਤੇ ਬੀ. ਐਲ. ਓਜ਼ ਵੱਲੋਂ ਇਸ ਗੱਲ ਨੂੰ ਵੀ ਯਕੀਨੀ ਬਣਾਇਆ ਜਾਵੇਗਾ ਕਿ ਵੋਟਿੰਗ ਸਟਾਫ ਨੂੰ ਵੀ ਬੂਥ ‘ਤੇ ਮਿਆਰੀ ਸਹੂਲਤਾਂ ਮਿਲਣ ਤਾਂ ਜੋ ਵੋਟਿੰਗ ਦੌਰਾਨ ਗਰਮੀ ਕੰਮ-ਕਾਜ ‘ਤੇ ਅਸਰ ਨਾ ਪਾਵੇ।ਉਨਾਂ ਕਿਹਾ ਕਿ ਚੋਣ ਦਫਤਰ ਵੱਲੋਂ ਵੋਟਿੰਗ ਸਟਾਫ ਨੂੰ ਓ. ਆਰ. ਐਸ ਮੁਹੱਈਆ ਕਰਵਾਈਆਂ ਜਾਵੇਗਾ ਅਤੇ ਉਨਾਂ ਵੱਲੋਂ ਸਟਾਫ ਲਈ ਸੁਝਾਅ ਹੈ ਕਿ ਉਹ ਵੋਟਿੰਗ ਵਾਲੇ ਦਿਨ ਓ. ਆਰ. ਐਸ ਯੁਕਤ ਪਾਣੀ ਦਾ ਪ੍ਰਯੋਗ ਕਰਨ। ਰਿਟਰਨਿੰਗ ਅਫਸਰ, ਸ਼੍ਰੀ ਸੰਦੀਪ ਕੁਮਾਰ ਨੇ ਕਿਹਾ ਕਿ ਵੋਟਿੰਗ ਸਵੇੇਰੇ 7 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ 6 ਵਜੇ ਤੱਕ ਚੱਲੇਗੀ ਅਤੇ ਦੁਪਹਿਰ ਸਮੇਂ ਗਰਮੀ ਪੂਰੀ ਸ਼ਿਖਰਾਂ ‘ਤੇ ਹੁੰਦੀ ਹੈ ਅਤੇ ਉਹ ਹਲਕਾ ਖਡੂਰ ਸਾਹਿਬ ਦੇ ਵੋਟਰਾਂ ਨੂੰ ਅਪੀਲ ਕਰਦੇ ਹਨ ਕਿ ਸਵੇਰੇ-ਸਵੇਰੇ ਤਾਪਮਾਨ ਘੱਟ ਹੁੰਦਾ ਹੈ ਅਤੇ ਇਸ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਵੱਧ ਤੋਂ ਵੱਧ ਵੋਟਰ ਦੁਪਹਿਰ ਦੇ ਸਮੇਂ ਤੋਂ ਪਹਿਲਾਂ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ।ਉਨਾਂ ਕਿਹਾ ਕਿ 85 ਸਾਲਾਂ ਤੋਂ ਵੱਧ ਉਮਰ ਵਾਲੇ ਬਜ਼ੁਰਗ ਵਿਅਕਤੀ ਅਤੇ 40 ਫੀਸਦੀ ਤੋਂ ਵੱਧ ਦਿਵਿਆਂਗ ਵਿਅਕਤੀਆਂ ਨੂੰ ਵੋਟ ਦੇ ਅਧਿਕਾਰ ਦੀ ਵਰਤੋਂ ਲਈ ਜ਼ਿਲਾ ਚੋਣ ਦਫਤਰ ਵੱਲੋਂ ਟਰਾਂਸਪੋਰਟ ਦੀ ਸਹੂਲਤ ਦਿੱਤੀ ਜਾਵੇਗੀ।ਉਨ੍ਹਾਂ ਦੱਸਿਆ ਕਿ ਵੱਧ ਰਹੀ ਗਰਮੀ ਦੇ ਬਾਵਜੂਦ ਵੀ ਚੋਣ ਅਮਲਾ ਪੂਰੀ ਤਰ੍ਹਾਂ ਮੁਸਤੈਦ ਅਤੇ ਤੱਤਪਰ ਹੈ ਅਤੇ ਉਹ ਉਮੀਦ ਕਰਦੇ ਹਨ ਕਿ ਹਲਕੇ ਦੇ ਵੋਟਰ ਉਨਾਂ ਵੱਲੋਂ ਮਿਥੇ 75 ਪਾਰ ਵੋਟਿੰਗ ਨੂੰ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਉਨਾਂ ਦਾ ਸਹਿਯੋਗ ਕਰਨਗੇ।ਇਸ ਮੌਕੇ ਉਹਨਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਆਉਣ ਵਾਲੇ ਦਿਨਾਂ ਵਿੱਚ ਵਧ ਰਹੀ ਹੀਟ ਵੇਵ ਨੂੰ ਧਿਆਨ ਵਿੱਚ ਰੱਖਦਿਆਂ ਵੋਟਾਂ ਵਾਲੇ ਦਿਨ ਐਂਮਰਜੈਂਸੀ ਹਾਲਾਤ ਨਾਲ ਨਜਿੱਠਣ ਲਈ ਹਰ ਇੱਕ ਪੋਲਿੰਗ ਬੂਥ ‘ਤੇ ਪਹੁੰਚ ਕਰਨ ਲਈ ਮੈਡੀਕਲ ਟੀਮਾਂ ਦਾ ਗਠਨ ਕਰਨ ਅਤੇ ਲੋੜੀਂਦੇ ਓ. ਆਰ. ਐੱਸ. ਦੇ ਪੈਕੇਟ ਸਮੇਂ ਸਿਰ ਪਹੁੰਚਾਉਣਾ ਯਕੀਨੀ ਬਣਾਉਣ।

LEAVE A REPLY

Please enter your comment!
Please enter your name here