ਜਗਰਾਉਂ, 27 ਮਈ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ )-ਥਾਣਾ ਸਿਟੀ ਦੀ ਵੱਖ-ਵੱਖ ਪੁਲਿਸ ਪਾਰਟੀਆਂ ਨੇ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 60 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ। ਏਐਸਆਈ ਨਰਿੰਦਰ ਸ਼ਰਮਾ ਨੇ ਦੱਸਿਆ ਕਿ ਉਹ ਪੁਲੀਸ ਪਾਰਟੀ ਸਮੇਤ ਜੀਟੀ ਰੋਡ ’ਤੇ ਨਹਿਰ ਪਾਲ ਅਖਾੜਾ ਕੋਲ ਨਾਕਾਬੰਦੀ ਦੌਰਾਨ ਮੌਜੂਦ ਸਨ। ਉਥੇ ਚੈਕਿੰਗ ਦੌਰਾਨ ਪਿੰਡ ਅਖਾੜਾ ਵਾਲੇ ਪਾਸੇ ਤੋਂ ਇਕ ਵਿਅਕਤੀ ਹੱਥ ’ਚ ਪਲਾਸਟਿਕ ਦੀ ਭਾਰੀ ਕੈਨ ਲੈ ਕੇ ਪੈਦਲ ਆ ਰਿਹਾ ਸੀ, ਜੋ ਪੁਲਸ ਪਾਰਟੀ ਨੂੰ ਦੇਖ ਕੇ ਤੇਜ਼ੀ ਨਾਲ ਨਹਿਰ ਦੀ ਪਟੜੀ ਵੱਲ ਮੁੜਨ ਲੱਗਾ। ਜਿਸ ਨੂੰ ਪੁਲਿਸ ਪਾਰਟੀ ਨੇ ਸ਼ੱਕ ਦੇ ਅਧਾਰ ’ਤੇ ਕਾਬੂ ਕੀਤਾ। ਉਸ ਨੇ ਆਪਣਾ ਨਾਂ ਕਰਨੈਲ ਸਿੰਘ ਵਾਸੀ ਪਿੰਡ ਤਲਵਾੜਾ, ਥਾਣਾ ਸਿੱਧਵਾਂਬੇਟ ਦੱਸਿਆ। ਉਸ ਦੇ ਹੱਥ ਵਿੱਚ ਫੜੀ ਪਲਾਸਟਿਕ ਦੀ ਕੈਨੀ ਦੀ ਜਾਂਚ ਕਰਨ ’ਤੇ ਉਸ ਵਿੱਚੋਂ 25 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਹੋਈ। ਇਸੇ ਤਰ੍ਹਾਂ ਪੁਲਿਸ ਚੌਂਕੀ ਬੱਸ ਸਟੈਂਡ ਤੋਂ ਏ.ਐਸ.ਆਈ ਕੁਲਵੰਤ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਸ਼ੇਰਪੁਰ ਚੌਂਕ ਵਿਖੇ ਚੈਕਿੰਗ ਦੌਰਾਨ ਮੌਜੂਦ ਸਨ। ਸੂਚਨਾ ਮਿਲੀ ਸੀ ਕਿ ਬਲਵੰਤ ਸਿੰਘ ਉਰਫ਼ ਨੰਜਾ ਵਾਸੀ ਪਿੰਡ ਕੋਕਰੀ ਕਲਾਂ ਜ਼ਿਲ੍ਹਾ ਮੋਗਾ ਨਾਜਾਇਜ਼ ਸ਼ਰਾਬ ਵੇਚਣ ਦਾ ਧੰਦਾ ਕਰਦਾ ਹੈ। ਜੋ ਕਿ ਸ਼ੂਗਰ ਮਿੱਲ ਕਲੋਨੀ ਜਗਰਾਉਂ ਦੇ ਇੱਕ ਖਾਲੀ ਪਲਾਟ ਵਿੱਚ ਬਣੀ ਪਾਣੀ ਵਾਲੀ ਟੈਂਕੀ ਕੋਲ ਪਲਾਸਟਿਕ ਦੀ ਕੈਨੀ ਵਿੱਚ ਨਜਾਇਜ਼ ਸ਼ਰਾਬ ਲੈ ਕੇ ਖੜ੍ਹਾ ਹੈ ਅਤੇ ਗਾਹਕਾਂ ਦੀ ਉਡੀਕ ਕਰ ਰਿਹਾ ਹੈ। ਇਸ ਸੂਚਨਾ ’ਤੇ ਸ਼ੂਗਰ ਮਿੱਲ ਕਲੋਨੀ ’ਚ ਪਾਣੀ ਦੀ ਟੈਂਕੀ ਨੇੜੇ ਛਾਪਾਮਾਰੀ ਕਰਕੇ ਬਲਵੰਤ ਸਿੰਘ ਉਰਫ ਨੰਜਾ ਨੂੰ ਕਾਬੂ ਕੀਤਾ ਗਿਆ। ਉਸ ਕੋਲੋਂ ਪਲਾਸਟਿਕ ਦੀ ਕੈਨੀ ਵਿਚੋਂ 35 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਹੋਈ। ਦੋਵਾਂ ਖ਼ਿਲਾਫ਼ ਥਾਣਾ ਸਿਟੀ ਜਗਰਾਉਂ ਵਿੱਚ ਐਕਸਾਈਜ਼ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।