ਅੰਮ੍ਰਿਤਸਰ,8 ਜੂਨ (ਰੋਹਿਤ ਗੋਇਲ) : ਈ ਰਿਕਸ਼ਾ ਵਰਕਰਜ਼ ਯੂਨੀਅਨ ਸੀਟੂ ਵੱਲੋਂ ਪੁਤਲੀਘਰ ਚੌਕ ‘ਚ ਸੜਕ ਜਾਮ ਕਰ ਕੇ ਟ੍ਰੈਫਿਕ ਪੁਲਿਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਸੜਕ ਜਾਮ ਕਰਨ ਤੋਂ ਪਹਿਲਾਂ ਸੀਟੂ ਯੂਨੀਅਨ ਦਫ਼ਤਰ ਵਿਖੇ ਕਾਮਰੇਡ ਵਿਜੇ ਕੁਮਾਰ ਦੀ ਪ੍ਰਧਾਨਗੀ ਹੇਠ ਮੀਟਿੰਗ ਕਰ ਕੇ ਫ਼ੈਸਲਾ ਕੀਤਾ ਗਿਆ ਕਿ ਪੰਜਾਬ ਪੁਲਿਸ ਵੱਲੋਂ ਜੋ ਈ ਰਿਕਸ਼ਾ ਚਾਲਕਾਂ ਨੂੰ ਭਰਾਵਾਂ ਦੇ ਢਾਬੇ ਤੋਂ ਲੈ ਕੇ ਫੁਆਰਾ ਚੌਕ ਤਕ ਨਹੀਂ ਜਾਣ ਦਿੱਤਾ ਜਾਂਦਾ, ਉਸ ਵਿਰੁੱਧ ਏਕਤਾ ਦਾ ਸਬੂਤ ਦੇ ਕੇ ਆਪਣੀ ਮੰਗ ਪੁਲਿਸ ਪ੍ਰਸ਼ਾਸਨ ਤਕ ਪਹੁੰਚਾਉਣ ਲਈ ਸੜਕ ਜਾਮ ਕੀਤੀ ਜਾਵੇ, ਜਿਸ ‘ਤੇ ਸੈਂਕੜੇ ਤੋਂ ਵੱਧ ਈ ਰਿਕਸ਼ਾ ਚਾਲਕਾਂ ਨੇ ਸੀਟੂ ਦੇ ਸੂਬਾਈ ਵਿੱਤ ਸਕੱਤਰ ਕਾਮਰੇਡ ਸੁੱਚਾ ਸਿੰਘ ਅਜਨਾਲਾ, ਕਾਮਰੇਡ ਨਰਿੰਦਰਪਾਲ ਚਮਿਆਰੀ, ਕਾਮਰੇਡ ਵਿਜੇ ਕੁਮਾਰ, ਕਾਮਰੇਡ ਕਿਰਪਾ ਰਾਮ ਅਤੇ ਕਾਮਰੇਡ ਚਰਨਜੀਤ ਸਿੰਘ ਦੀ ਅਗਵਾਈ ਹੇਠ ਪੁਤਲੀਘਰ ਚੌਕ ‘ਚ ਪਹੁੰਚ ਕੇ ਸੜਕ ਜਾਮ ਕਰ ਦਿੱਤੀ।ਸੜਕ ਜਾਮ ਹੋਣ ਕਾਰਨ ਦੂਰ-ਦੂਰ ਤਕ ਵਾਹਨ ਅੱਧਾ ਘੰਟਾ ਜਾਮ ਵਿਚ ਫਸ ਗਏ, ਜਿਸ ਕਾਰਨ ਅੱਤ ਦੀ ਗਰਮੀ ‘ਚ ਰਾਹਗੀਰ ਬੇਹਾਲ ਹੁੰਦੇ ਵਿਖਾਈ ਦਿੱਤੇ। ਕਾਮਰੇਡ ਸੁੱਚਾ ਸਿੰਘ ਅਜਨਾਲਾ ਨੇ ਕਿਹਾ ਕਿ ਦਰਬਾਰ ਸਾਹਿਬ ਦੇ ਦਰਸ਼ਨਾਂ ਵਾਸਤੇ ਰੋਜ਼ਾਨਾ ਲੱਖਾਂ ਦੀ ਗਿਣਤੀ ‘ਚ ਸ਼ਰਧਾਲੂ ਨਤਮਸਤਕ ਹੋਣ ਆਉਂਦੇ ਹਨ, ਜਿਨ੍ਹਾਂ ਵਿਚ ਬਜ਼ੁਰਗ ਅਤੇ ਬੱਚੇ ਵੀ ਹੁੰਦੇ ਹਨ, ਪਰ ਡਿਊਟੀ ‘ਤੇ ਤਾਇਨਾਤ ਪੰਜਾਬ ਪੁਲਿਸ ਦੇ ਕਰਮਚਾਰੀਆਂ ਵੱਲੋਂ ਇਨ੍ਹਾਂ ਈ ਰਿਕਸ਼ਾ ਚਾਲਕਾਂ ਨੂੰ ਭਰਾਵਾਂ ਦੇ ਢਾਬੇ ਕੋਲ ਹੀ ਰੋਕ ਲਿਆ ਜਾਂਦਾ ਹੈ ਅਤੇ ਸਵਾਰੀਆਂ ਉਤਾਰਨ ਲਈ ਫੁਆਰਾ ਚੌਕ ਤਕ ਨਹੀਂ ਜਾਣ ਦਿੱਤਾ ਜਾਂਦਾ, ਜਿਸ ਕਾਰਨ ਸ਼ਰਧਾਲੂਆਂ ਦੇ ਨਾਲ-ਨਾਲ ਈ ਰਿਕਸ਼ਾ ਚਾਲਕ ਵੀ ਖੱਜਲ-ਖੁਆਰ ਹੁੰਦੇ ਹਨ। ਕਾਮਰੇਡ ਅਜਨਾਲਾ ਅਤੇ ਈ ਰਿਕਸ਼ਾ ਚਾਲਕਾਂ ਨੇ ਸਾਂਝੇ ਤੌਰ ‘ਤੇ ਕਿਹਾ ਕਿ ਪੰਜਾਬ ਪੁਲਿਸ ਦੇ ਡਿਊਟੀ ‘ਤੇ ਤਾਇਨਾਤ ਕਈ ਕਰਮਚਾਰੀ ਮਿਲੀ ਭੁਗਤ ਨਾਲ ਕਈ ਆਟੋ ਚਾਲਕਾਂ ਨੂੰ ਤਾਂ ਫੁਆਰਾ ਚੌਕ ਤਕ ਜਾਣ ਦਿੰਦੇ ਹਨ ਪਰ ਜ਼ਿਆਦਾਤਰ ਈ ਰਿਕਸ਼ਾ ਚਾਲਕਾਂ ਨੂੰ ਅੱਗੇ ਨਹੀਂ ਲੰਘਣ ਦਿੱਤਾ ਜਾਂਦਾ, ਜਿਸ ਕਾਰਨ ਈ ਰਿਕਸ਼ਾ ਚਾਲਕਾਂ ਵਿਚ ਦਿਨ-ਬ-ਦਿਨ ਰੋਸ ਪੈਦਾ ਹੋ ਰਿਹਾ ਹੈ। ਕਾਮਰੇਡ ਅਜਨਾਲਾ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਦੇ ਕੰਨਾਂ ਤਕ ਆਵਾਜ਼ ਪਹੁੰਚਾਉਣ ਲਈ ਹੀ ਸੜਕ ਜਾਮ ਕੀਤੀ ਗਈ ਹੈ ਕਿ ਈ ਰਿਕਸ਼ਾ ਚਾਲਕਾਂ ਨੂੰ ਫੁਆਰਾ ਚੌਕ ਤਕ ਸਵਾਰੀਆਂ ਉਤਾਰਨ ਦੀ ਆਗਿਆ ਦਿੱਤੀ ਜਾਵੇ। ਜੇਕਰ ਫਿਰ ਵੀ ਪੁਲਿਸ ਪ੍ਰਸ਼ਾਸਨ ਨੇ ਇਸ ਮੰਗ ਵੱਲ ਧਿਆਨ ਨਾ ਦਿੱਤਾ ਤਾਂ ਸੀਟੂ ਜਥੇਬੰਦੀ ਪੂਰਨ ਹਮਾਇਤ ਦੇ ਕੇ ਇਸ ਤੋਂ ਵੀ ਵੱਡੇ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ। ਉਧਰ ਸੜਕ ਜਾਮ ਹੋਣ ਦਾ ਪਤਾ ਲੱਗਦੇ ਹੀ ਸਬ ਇੰਸਪੈਕਟਰ ਅਜਵਿੰਦਰ ਸਿੰਘ ਮੌਕੇ ‘ਤੇ ਪਹੁੰਚੇ ਅਤੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ, ਜਿਸ ‘ਤੇ ਡੀਐੱਸਪੀ ਜਸਵੀਰ ਸਿੰਘ ਮੌਕੇ ‘ਤੇ ਪਹੁੰਚੇ ਅਤੇ ਧਰਨਾਕਾਰੀਆਂ ਨੂੰ ਸ਼ਾਂਤ ਕਰ ਕੇ ਜਾਮ ਖੁਲਵਾਇਆ ਅਤੇ ਐੱਸਪੀ ਹਰਪਾਲ ਸਿੰਘ ਨਾਲ ਮੀਟਿੰਗ ਕਰਨ ਦਾ ਸੱਦਾ ਦਿੱਤਾ।ਕਾਮਰੇਡ ਸੁੱਚਾ ਸਿੰਘ ਅਜਨਾਲਾ ਨੇ ਦੱਸਿਆ ਕਿ ਵਫ਼ਦ ਦੀ ਸੁਖਾਵੇਂ ਮਾਹੌਲ ਵਿਚ ਐੱਸਪੀ ਹਰਪਾਲ ਸਿੰਘ ਨਾਲ ਮੀਟਿੰਗ ਨੇਪਰੇ ਚੜ੍ਹੀ ਹੈ ਅਤੇ ਭਰੋਸਾ ਦਿੱਤਾ ਗਿਆ ਹੈ ਕਿ ਸ਼ਾਮ ਨੂੰ ਐੱਸਪੀ ਹਰਪਾਲ ਸਿੰਘ ਈ ਰਿਕਸ਼ਾ ਚਾਲਕਾਂ ਕੋਲ ਮੌਕੇ ‘ਤੇ ਪਹੁੰਚਣਗੇ ਅਤੇ ਟ੍ਰੈਫਿਕ ਵਿਵਸਥਾ ਨੂੰ ਧਿਆਨ ਹਿੱਤ ਰੱਖਦਿਆਂ ਸ਼ਾਸਤਰੀ ਮਾਰਕੀਟ ਦੇ ਨੇੜੇ ਈ ਰਿਕਸ਼ਾ ਖੜੇ੍ਹ ਕਰਨ ਲਈ ਵਿਊੁਂਤਬੰਦੀ ਕਰਨਗੇ। ਰੋਸ ਧਰਨੇ ਵਿਚ ਈ ਰਿਕਸ਼ਾ ਵਰਕਰਜ਼ ਯੂਨੀਅਨ ਵੱਲੋਂ ਅਮਿਤ, ਸੰਨੀ, ਰਾਜਨ, ਵਿਭੋਰ, ਹਰੀਸ਼, ਬਲਜੀਤ, ਨਿਸ਼ਾਨ, ਸੰਨੀ ਅਤੇ ਰਿੱਕੀ ਆਦਿ ਹਾਜ਼ਰ ਸਨ।