ਅੰਮ੍ਰਿਤਸਰ, 8 ਜੂਨ (ਵਿਕਾਸ ਮਠਾੜੂ) : ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਭਾਈ ਰਜਿੰਦਰ ਸਿੰਘ ਮਹਿਤਾ ਨੇ ਕਿਹਾ ਕਿ ਅੰਮਿ੍ਤਪਾਲ ਸਿੰਘ ਦੀ ਜਲਦੀ ਰਿਹਾਈ ਲਈ ਸ਼ੋ੍ਮਣੀ ਕਮੇਟੀ ਕਾਨੂੰਨੀ ਸਹਾਇਤਾ ਜਾਰੀ ਰੱਖੇਗੀ। ਮਹਿਤਾ ਨੇ ਕਿਹਾ ਕਿ ਨਵ-ਨਿਯੁਕਤ ਸੰਸਦ ਮੈਂਬਰ ਕੰਗਨਾ ਰਣੌਤ ਨੂੰ ਅਮਿਤ ਸ਼ਾਹ ਸਿਆਣਪ ਸਿਖਾਉਣ। ਮਹਿਤਾ ਨੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮਿ੍ਤਪਾਲ ਸਿੰਘ ਅਤੇ ਫਰੀਦਕੋਟ ਤੋਂ ਸੰਸਦ ਮੈਂਬਰ ਸਰਬਜੀਤ ਸਿੰਘ ਖ਼ਾਲਸਾ ਨੂੰ ਸੰਸਦ ਮੈਂਬਰ ਚੁਣੇ ਜਾਣ ‘ਤੇ ਵਧਾਈ ਦਿੰਦਿਆਂ ਕਿਹਾ ਕਿ ਅੰਮਿ੍ਤਪਾਲ ਸਿੰਘ ਦੀ ਜਲਦੀ ਰਿਹਾਈ ਲਈ ਸ਼ੋ੍ਮਣੀ ਕਮੇਟੀ ਕਾਨੂੰਨੀ ਸਹਾਇਤਾ ਜਾਰੀ ਰੱਖੇਗੀ। ਸ਼ਨਿਚਰਵਾਰ ਨੂੰ ਸ਼ੋ੍ਮਣੀ ਕਮੇਟੀ ਦੇ ਮੁੱਖ ਦਫ਼ਤਰ ਵਿਖੇ ਹੋਈ ਅੰਤਿੰ੍ਗ ਕਮੇਟੀ ਦੀ ਮੀਟਿੰਗ ਤੋਂ ਬਾਅਦ ਮਹਿਤਾ ਨੇ ਕਿਹਾ ਕਿ ਸ਼ੋ੍ਮਣੀ ਕਮੇਟੀ ਮੈਂਬਰ ਅਤੇ ਵਕੀਲ ਭਗਵੰਤ ਸਿੰਘ ਸਿਆਲਕਾ ਪਹਿਲਾਂ ਵਾਂਗ ਅੰਮਿ੍ਤਪਾਲ ਸਿੰਘ ਦੀ ਰਿਹਾਈ ਲਈ ਕੇਸ ਲੜਦੇ ਰਹਿਣਗੇ ਅਤੇ ਰਿਹਾਈ ਜਲਦੀ ਕਰਵਾਉਣ ਲਈ ਕੋਸ਼ਿਸ਼ ਆਰੰਭੇਗੀ। ਉਨ੍ਹਾਂ ਕਿਹਾ ਕਿ ਰਿਹਾਈ ਬਾਰੇ ਅੰਤਿਮ ਫ਼ੈਸਲਾ ਅਦਾਲਤ ਹੀ ਲਵੇਗੀ। ਉਨ੍ਹਾਂ ਕਿਹਾ ਕਿ ਲੋਕ ਨੁਮਾਇੰਦੇ ਵਜੋਂ ਅਦਾਲਤ ਨੂੰ ਸੰਸਦ ਮੈਂਬਰ ਅੰਮਿ੍ਤਪਾਲ ਸਿੰਘ ਨੂੰ ਜਲਦੀ ਤੋਂ ਜਲਦੀ ਰਿਹਾਅ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਾਰਲੀਮੈਂਟ ਚੋਣਾਂ ਵਿੱਚ ਦੋਵਾਂ ਸੰਸਦ ਮੈਂਬਰਾਂ ਦੀ ਜਿੱਤ ਸਿੱਖ ਪੰਥ ਲਈ ਬਹੁਤ ਖੁਸ਼ੀ ਦੀ ਗੱਲ ਹੈ। ਕੰਗਨਾ ਰਣੌਤ ਤੇ ਸੀਆਈਐੱਸਐੱਫ ਜਵਾਨ ਕੁਲਵਿੰਦਰ ਕੌਰ ਮਾਮਲੇ ‘ਤੇ ਮਹਿਤਾ ਨੇ ਕਿਹਾ ਕਿ ਕੰਗਨਾ ਨੂੰ ਆਪਣੀ ਜ਼ੁਬਾਨ ‘ਤੇ ਕਾਬੂ ਰੱਖਣਾ ਚਾਹੀਦਾ ਹੈ, ਉਸ ਦੀ ਜੁਬਾਨ ਬੇਲਗਾਮ ਹੈ। ਪੰਜਾਬੀਆਂ ਖਾਸ ਕਰ ਕੇ ਸਿੱਖ ਕੌਮ ਪ੍ਰਤੀ ਉਸ ਦੀ ਨਫਰਤ ਦੇ ਸਿੱਟੇ ਵਜੋਂ ਪ੍ਰਤੀਕਰਮ ਸਾਹਮਣੇ ਆਇਆ ਹੈ। ਉਨ੍ਹਾਂ ਇਸ ਘਟਨਾ ਦੀ ਨਿਰਪੱਖ ਜਾਂਚ ਦੀ ਮੰਗ ਕਰਦਿਆਂ ਕਿਹਾ ਕਿ ਕੰਗਨਾ ਦੇ ਰਵੱਈਏ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਕੰਗਨਾ ਵੱਲੋਂ ਪਹਿਲਾਂ ਇਤਰਾਜ਼ਯੋਗ ਟਿੱਪਣੀਆਂ ਕਰਨ ਦੇ ਨਤੀਜੇ ਵਜੋਂ ਕੁਲਵਿੰਦਰ ਕੌਰ ਨੇ ਭਾਵੁਕ ਹੋ ਕੇ ਉਸ ਨੂੰ ਥੱਪੜ ਮਾਰਨ ਦਾ ਇਹ ਕਦਮ ਚੁੱਕਿਆ। ਉਨ੍ਹਾਂ ਕਿਹਾ ਕਿ ਕੇਂਦਰ ਵੱਲੋਂ ਕੁਲਵਿੰਦਰ ਕੌਰ ਖ਼ਿਲਾਫ਼ ਦਰਜ ਕੀਤਾ ਕੇਸ ਵਾਪਸ ਲਿਆ ਜਾਵੇ।ਉਨ੍ਹਾਂ ਕਿਹਾ ਕਿ ਸਮੁੱਚੀ ਸਿੱਖ ਕੌਮ ਖਾਸ ਕਰ ਕੇ ਸ਼ੋ੍ਮਣੀ ਕਮੇਟੀ ਕੁਲਵਿੰਦਰ ਕੌਰ ਦੇ ਨਾਲ ਚੱਟਾਨ ਵਾਂਗ ਖੜ੍ਹੀ ਹੈ। ਸ਼ੋ੍ਮਣੀ ਕਮੇਟੀ ਕੁਲਵਿੰਦਰ ਕੌਰ ਜਾਂ ਉਸ ਦੇ ਰਿਸ਼ਤੇਦਾਰਾਂ ਦੀ ਹਰ ਸੰਭਵ ਮਦਦ ਕਰਨ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਕੰਗਨਾ ਅਜਿਹਾ ਸਿਰਫ ਆਪਣੇ ਆਕਾਵਾਂ ਨੂੰ ਖੁਸ਼ ਕਰਨ ਲਈ ਕਰਦੀ ਹੈ।