(ਜਨਮ ਦਿਨ ‘ਤੇ ਵਿਸ਼ੇਸ਼)
20ਵੀਂ ਸਦੀ ਦੇ ਮਹਾਨ ਸਿੱਖ ਜਰਨੈਲ, ਦਮਦਮੀ ਟਕਸਾਲ ਦੇ 14ਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੇ ਭਤੀਜੇ ਅਤੇ ਇੰਟਰਨੈਸ਼ਨਲ ਪੰਥਕ ਦਲ ਦੇ ਸਰਪ੍ਰਸਤ ਸਤਿਕਾਰਯੋਗ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਰੋਡੇ ਜੋ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਰਹਿ ਚੁੱਕੇ ਹਨ। ਜਿਨ੍ਹਾਂ ਨੂੰ ਪੰਥ ਦੀਆਂ ਮਹਾਨ ਸਟੇਜਾਂ ਤੋਂ ਗੁਰਬਾਣੀ ਕਥਾ ਵਿਚਾਰ ਕਰਦਿਆਂ ਸੰਗਤਾਂ ਵਿਸ਼ੇਸ਼ ਤੌਰ ‘ਤੇ ਸੁਣਦੀਆਂ ਹਨ। ਉਨ੍ਹਾਂ ਦਾ ਜਨਮ 15 ਜੂਨ 1954 ਨੂੰ ਸੰਤਾਂ ਦੇ ਵੱਡੇ ਭਰਾਤਾ ਸ਼ਹੀਦ ਭਾਈ ਜਗੀਰ ਸਿੰਘ ਦੇ ਗ੍ਰਹਿ ਵਿਖੇ ਮਾਤਾ ਗੁਰਦੇਵ ਕੌਰ ਦੀ ਕੁੱਖੋਂ ਹੋਇਆ। ਆਪ ਦੇ ਦਾਦਾ ਸਤਿਕਾਰਯੋਗ ਜਥੇਦਾਰ ਬਾਬਾ ਜੋਗਿੰਦਰ ਸਿੰਘ ਜੀ ਮਹਾਨ ਪੰਥਕ ਵਿਦਵਾਨ ਅਤੇ ਸ਼ਰਧਾਵਾਨ ਗੁਰਸਿੱਖ ਸਨ, ਜਿਨ੍ਹਾਂ ਦੇ ਦਮਦਮੀ ਟਕਸਾਲ ਪ੍ਰਤੀ ਸਮਰਪਣ ਅਤੇ ਨਜ਼ਦੀਕੀ ਸਬੰਧਾਂ ਕਾਰਨ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਦਾ ਟਕਸਾਲ ਵਿੱਚ ਰਹਿ ਕੇ ਵਿੱਦਿਆ ਪ੍ਰਾਪਤ ਕਰਨ ਦਾ ਰੱਬੀ ਸਬੱਬ ਬਣਿਆ। ਭਾਈ ਜਸਵੀਰ ਸਿੰਘ ਦੀ ਬਚਪਨ ਤੋਂ ਹੀ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਨਾਲ ਸਨੇਹ ਭਰੀ ਨੇੜਤਾ ਸੀ । ਇਸ ਲਈ 10ਵੀਂ ਜਮਾਤ ਪੜ੍ਹਣ ਤੋਂ ਬਾਅਦ ਉਨ੍ਹਾਂ ਨੂੰ ਵੀ ਸੰਤ ਜਰਨੈਲ ਸਿੰਘ ਖ਼ਾਲਸਾ ਦਮਦਮੀ ਟਕਸਾਲ ਵਿੱਚ ਲੈ ਗਏ ਜਿਥੇ ਲਗਾਤਾਰ ਚਾਰ ਸਾਲ ਸ੍ਰੀਮਾਨ ਸੰਤ ਕਰਤਾਰ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਕੋਲ ਜਥੇ ਵਿੱਚ ਰਹਿ ਕੇ ਗੁਰਮਤਿ ਵਿੱਦਿਆ ਪ੍ਰਾਪਤ ਕਰਨ ਉਪਰੰਤ ਦੇਸ਼ ਅਤੇ ਵਿਦੇਸ਼ਾਂ ਵਿੱਚ ਗੁਰਮਤਿ ਪ੍ਰਚਾਰ ਅਤੇ ਅੰਮ੍ਰਿਤ ਸੰਚਾਰ ਦੀ ਸਮੇਂ-ਸਮੇਂ ਸੇਵਾ ਨਿਭਾਉਂਦੇ ਰਹੇ। ਆਪ ਦਾ ਵਿਆਹ ਬੀਬੀ ਜਗਦੇਵ ਕੌਰ ਪੁੱਤਰੀ ਦਲਵਾਰਾ ਸਿੰਘ ਪਿੰਡ ਭਿੰਡਰ ਕਲਾਂ (ਮੋਗਾ) ਨਿਵਾਸੀ ਨਾਲ 1981 ਵਿੱਚ ਹੋਇਆ ਅਤੇ ਅਨੰਦ ਕਾਰਜ ਦੀਆਂ ਰਸਮਾਂ ਵੀ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਨੇ ਆਪ ਨਿਭਾਈਆਂ। ਸਾਕਾ ਨੀਲਾ ਤਾਰਾ ਸਮੇਂ ਸ੍ਰੀ ਦਰਬਾਰ ਸਾਹਿਬ ‘ਤੇ ਹਮਲਾਵਰ ਭਾਰਤੀ ਫੌਜਾਂ ਨਾਲ ਯੁੱਧ ਲੜਦਿਆਂ ਬਹੁਤ ਸਾਰੇ ਸਿੰਘਾਂ ਵਾਂਗ ਆਪ ਜੀ ਦੇ ਪਿਤਾ ਭਾਈ ਜਗੀਰ ਸਿੰਘ ਤੇ ਭਰਾਤਾ ਭਾਈ ਸਵਰਨ ਸਿੰਘ ਵੀ ਸ਼ਹੀਦ ਹੋ ਗਏ। ਬਾਅਦ ਵਿੱਚ ਆਪ ਨੂੰ ਫਿਲਪਾਈਨ ਤੋਂ ਗ੍ਰਿਫਤਾਰ ਕਰਕੇ ਮੱਧ ਪ੍ਰਦੇਸ਼ ਦੀ ਸਾਗਰ ਜੇਲ੍ਹ ਅਤੇ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਚਾਰ ਸਾਲ ਬੰਦ ਰੱਖਿਆ ਗਿਆ। ਇਸੇ ਦੌਰਾਨ ਸਰਬੱਤ ਖ਼ਾਲਸਾ ਸੰਮੇਲਨ ਵਿੱਚ ਆਪ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਐਲਾਨਿਆ ਗਿਆ। ਜੇਲ੍ਹ ਤੋਂ ਰਿਹਾਈ ਉਪਰੰਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਿੱਖ ਪੰਥ ਵੱਲੋਂ ਰਸਮੀ ਤੌਰ ‘ਤੇ ਸਿਰੋਪਾਓ ਦੇ ਕੇ ਆਪ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ। ਇਸ ਤੋਂ ਬਾਅਦ ਵੀ ਸੰਘਰਸ਼ਮਈ ਸਮੇਂ ਦੌਰਾਨ ਆਪ ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਲਗਭਗ ਚਾਰ ਸਾਲ ਨਜ਼ਰਬੰਦ ਰਹੇ। ਸਿੰਘ ਸਾਹਿਬ ਜੀ ਮੌਜੂਦਾ ਸਮੇਂ ਵੀ ਆਪਣੇ ਢੰਗ ਅਤੇ ਵਿੱਤ ਅਨੁਸਾਰ ਇੰਟਰਨੈਸ਼ਨਲ ਪੰਥਕ ਦਲ ਜਥੇਬੰਦੀ ਦੇ ਅਗਵਾਈ ਕਰਤਾ ਦੇ ਰੂਪ ਵਿੱਚ ਮਹਾਨ ਪੰਥਕ ਕਾਰਜ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਸਿੰਘ ਸਾਹਿਬ ਜੀ ਦੇ ਇਕਲੌਤੇ ਸਪੁੱਤਰ ਭਾਈ ਗੁਰਮੁਖ ਸਿੰਘ ਬਰਾੜ ਨੂੰ ਵੀ ਸਿੱਖ ਵਿਰੋਧੀ ਏਜੰਸੀਆਂ ਵੱਲੋਂ ਝੂਠੇ ਮੁਕੱਦਮਿਆਂ ਤਹਿਤ ਪਿਛਲੇ ਲੰਮੇ ਸਮੇਂ ਤੋਂ ਜੇਲ੍ਹ ਵਿੱਚ ਨਜ਼ਰਬੰਦ ਕੀਤਾ ਹੋਇਆ ਹੈ, ਪਰ ਸਿੰਘ ਸਾਹਿਬ ਅਡੋਲਤਾ ਅਤੇ ਦ੍ਰਿੜ੍ਹ ਜਜ਼ਬੇ ਸਹਿਤ ਲਗਾਤਾਰ ਪੰਥਕ ਸੇਵਾਵਾਂ ਵਿਚ ਕਾਰਜਸ਼ੀਲ ਹਨ। ਹੋਰਨਾਂ ਪੰਥਕ ਸੇਵਾਵਾਂ ਤੋਂ ਇਲਾਵਾ ਭਾਈ ਜਸਵੀਰ ਸਿੰਘ ਜੀ ਨੇ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੇ ਪਵਿੱਤਰ ਜੀਵਨ ਨੂੰ ‘ਸੁਹਿਰਦ ਸੰਤ ਖ਼ਾਲਸਾ’ ਨਾਮੀ ਪੁਸਤਕ ਵਿੱਚ ਕਲਮਬੱਧ ਕਰਕੇ ਸ਼ਲਾਘਾਯੋਗ ਉੱਦਮ ਕੀਤਾ ਹੈ। ਸੰਤ ਮਹਾਂਪੁਰਖਾਂ ਦੀ ਸ਼ਖਸੀਅਤ ਦੇ ਬਹੁਤ ਸਾਰੇ ਪੱਖਾਂ ਤੋਂ ਸੰਗਤਾਂ ਨੂੰ ਜਾਣੂ ਕਰਵਾਉਣ ਦਾ ਵਡਮੁੱਲਾ ਕਾਰਜ ਕੀਤਾ ਹੈ। ਪੰਥ ਦੀ ਇਸ ਮਾਇਨਾਜ਼ ਸ਼ਖ਼ਸੀਅਤ ਸਤਿਕਾਰਯੋਗ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਰੋਡੇ ਦੇ ਜਨਮ ਦਿਨ ਦੀਆਂ ਸਿੰਘ ਸਾਹਿਬ ਜੀ ਅਤੇ ਆਪ ਸਮੂਹ ਸੰਗਤਾਂ ਨੂੰ ਬੇਅੰਤ-ਬੇਅੰਤ ਵਧਾਈਆਂ ਦਿੰਦਿਆਂ ਮੈਂ ਅਰਦਾਸ ਕਰਦਾ ਹਾਂ ਕਿ ਵਾਹਿਗੁਰੂ ਜੀ ਸਿੰਘ ਸਾਹਿਬ ਨੂੰ ਲੰਮੀ ਉਮਰ ਅਤੇ ਤੰਦਰੁਸਤੀ ਬਖ਼ਸ਼ ਕੇ ਚੜ੍ਹਦੀਕਲਾ ਨਾਲ ਪੰਥਕ ਸੇਵਾਵਾਂ ਲੈਂਦੇ ਰਹਿਣ।
ਦਾਸ:
*ਗਿਆਨੀ ਰਾਜਪਾਲ ਸਿੰਘ ਬੋਪਾਰਾਏ ਕਥਾਵਾਚਕ (ਦਮਦਮੀ ਟਕਸਾਲ)