Home Punjab ਲਾਪਤਾ ਬੱਚਿਆਂ ਨੂੰ ਪੁਲਿਸ ਸਹੀ ਸਲਾਮਤ ਲਿਆਈ ਵਾਪਸ, ਪਰਿਵਾਰਕ ਮੈਂਬਰਾਂ ਨੇ ਡੇਰਾਬੱਸੀ...

ਲਾਪਤਾ ਬੱਚਿਆਂ ਨੂੰ ਪੁਲਿਸ ਸਹੀ ਸਲਾਮਤ ਲਿਆਈ ਵਾਪਸ, ਪਰਿਵਾਰਕ ਮੈਂਬਰਾਂ ਨੇ ਡੇਰਾਬੱਸੀ ਪੁਲਿਸ ਦਾ ਕੀਤਾ ਧੰਨਵਾਦ

34
0


ਡੇਰਾਬੱਸੀ,14 ਜੁਲਾਈ (ਭਗਵਾਨ ਭੰਗੂ – ਮੋਹਿਤ) : ਪੁਲਿਸ ਨੇ ਡੇਰਾਬੱਸੀ ਤੋਂ ਲਾਪਤਾ ਹੋਏ ਬੱਚਿਆਂ ਨੂੰ ਸੁਰੱਖਿਅਤ ਵਾਪਸ ਲਿਆ ਕੇ ਉਨ੍ਹਾਂ ਦੇ ਪਰਿਵਾਰਾਂ ਦੇ ਹਵਾਲੇ ਕਰ ਦਿੱਤਾ ਹੈ। ਜਿੱਥੇ ਖੇਤਰ ’ਚ ਪੁਲਿਸ ਦੀ ਸ਼ਲਾਘਾ ਕੀਤੀ ਜਾ ਰਹੀ ਹੈ, ਉਥੇ ਹੀ ਬੱਚਿਆਂ ਦੇ ਪਰਿਵਾਰਾਂ ਨੇ ਵੀ ਪੁਲਿਸ ਦਾ ਧੰਨਵਾਦ ਕੀਤਾ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਪਿਛਲੇ ਐਤਵਾਰ 7 ਬੱਚੇ ਕ੍ਰਿਕਟ ਖੇਡਣ ਲਈ ਘਰੋਂ ਨਿਕਲੇ ਸਨ ਅਤੇ ਮੁੰਬਈ ਪਹੁੰਚ ਗਏ ਸੀ। ਦੋ ਬੱਚੇ ਜੋ ਕਿ ਆਪਣੇ ਦੋਸਤਾਂ ਨੂੰ ਛੱਡ ਕੇ ਦਿੱਲੀ ਰੇਲਵੇ ਸਟੇਸ਼ਨ ਤੋਂ ਵਾਪਸ ਆ ਗਏ ਸੀ। ਜਿਨ੍ਹਾਂ ਨੂੰ ਪੁਲਿਸ ਨੇ ਵੀਰਵਾਰ ਨੂੰ ਬਰਾਮਦ ਕਰ ਲਿਆ ਅਤੇ ਸੁਰੱਖਿਅਤ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ ਸੀ। ਬਾਕੀ 5 ਬੱਚਿਆਂ ਨੂੰ ਮੁੰਬਈ ਪੁਲਿਸ ਨੇ ਆਪਣੀ ਹਿਰਾਸਤ ’ਚ ਲੈ ਲਿਆ ਸੀ, ਜਿਨ੍ਹਾਂ ਨੂੰ ਡੇਰਾਬੱਸੀ ਪੁਲਿਸ ਨੇ ਸੁਰੱਖਿਅਤ ਵਾਪਸ ਲਿਆ ਕੇ ਉਨ੍ਹਾਂ ਦੇ ਪਰਿਵਾਰਾਂ ਦੇ ਹਵਾਲੇ ਕਰ ਦਿੱਤਾ ਹੈ। ਏਐੱਸਪੀ ਡੇਰਾਬੱਸੀ ਵੈਭਵ ਚੌਧਰੀ ਨੇ ਦੱਸਿਆ ਕਿ ਪੁਲਿਸ ਟੀਮ ਨੇ ਇਸ ਮਾਮਲੇ ’ਤੇ ਕਾਫ਼ੀ ਮਿਹਨਤ ਕੀਤੀ ਹੈ। ਇਸ ਤੋਂ ਪਹਿਲਾਂ ਪੁਲਿਸ ਟੀਮ ਨੇ ਦਿੱਲੀ ਰੇਲਵੇ ਸਟੇਸ਼ਨ ਤੋਂ 2 ਬੱਚੇ ਬਰਾਮਦ ਕੀਤੇ ਸਨ ਅਤੇ ਪੁਲਿਸ ਟੀਮ ਨੇ 5 ਬੱਚਿਆਂ ਨੂੰ ਮੁੰਬਈ ਤੋਂ ਵਾਪਸ ਲਿਆਉਣ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਕਾਊਂਸਲਿੰਗ ਕੀਤੀ ਜਾਵੇਗੀ ਤਾਂ ਜੋ ਭਵਿੱਖ ਵਿੱਚ ਬੱਚੇ ਮੁੜ ਅਜਿਹਾ ਕਦਮ ਨਾ ਚੁੱਕਣ। ਉਨ੍ਹਾਂ ਮਾਪਿਆਂ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਰੁਝੇਵਿਆਂ ਭਰੀ ਜ਼ਿੰਦਗੀ ਵਿੱਚੋਂ ਸਮਾਂ ਕੱਢ ਕੇ ਆਪਣੇ ਬੱਚਿਆਂ ਨੂੰ ਕੁਝ ਸਮਾਂ ਦੇਣ ਤਾਂ ਜੋ ਉਹ ਭਵਿੱਖ ਲਈ ਦਿਸ਼ਾ-ਨਿਰਦੇਸ਼ ਪ੍ਰਾਪਤ ਕਰ ਸਕਣ ਅਤੇ ਆਪਣੀਆਂ ਕਦਰਾਂ-ਕੀਮਤਾਂ ਦਾ ਖੁੱਲ੍ਹ ਕੇ ਪ੍ਰਗਟਾਵਾ ਕਰ ਸਕਣ। ਉਨ੍ਹਾਂ ਕਿਹਾ ਕਿ ਉਹ ਜਾਂਚ ਅਧਿਕਾਰੀ ਏਐੱਸਆਈ ਕੇਵਲ ਕੁਮਾਰ ਅਤੇ ਹੌਲਦਾਰ ਰਣਜੀਤ ਸਿੰਘ ਨੂੰ ਸਨਮਾਨਤ ਕਰਨ ਲਈ ਪੁਲਿਸ ਵਿਭਾਗ ਨੂੰ ਪੱਤਰ ਲਿਖਣਗੇ।