ਮਸਲੇ ਦੇ ਪੱਕੇ ਹਲ ਲਈ ਸਰਕਾਰ ਨੇ ਮੰਗਿਆਂ ਤਿੰਨ ਹਫ਼ਤੇ ਦਾ ਸਮਾਂ
ਜਗਰਾਓਂ, 2 ਅਗਸਤ ( ਰੋਹਿਤ ਗੋਇਲ, ਜਗਰੂਪ ਸੋਹੀ )-ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆ ਪ੍ਰਦੂਸ਼ਿਤ ਗੈਸ ਫੈਕਟਰੀਆ ਵਿਰੋਧੀ ਤਾਲਮੇਲ ਸ਼ੰਘਰਸ਼ ਕਮੇਟੀ ਦੇ ਜਿਲਾ ਲੁਧਿਆਣਾ ਦੇ ਕੁਆਰਡੀਨੇਟਰ ਡਾ. ਸੁਖਦੇਵ ਸਿੰਘ ਭੂੰਦੜੀ ਨੇ ਦੱਸਿਆ ਕਿ ਕਲ ਮਿਤੀ 1ਅਗਸਤ ਨੂੰ ਚੰਡੀਗੜ੍ਹ ਸੱਕਤਰੇਤ ਵਿਖੇ ਮੁੱਖ ਮੰਤਰੀ ਦੇ ਦਫਤਰ ਵਿਖੇ ਮੁਸ਼ਕਾਬਾਦ,ਘੂੰਗਰਾਲੀ ਰਾਜਪੂਤਾ ,ਭੂੰਦੜੀ ਅਤੇ ਆਖਾੜਾ ਦੇ ਤਾਲਮੇਲ ਸ਼ੰਘਰਸ਼ ਕਮੇਟੀ ਦੇ ਨੁਮਾਇੰਦਿਆ ਦੀ ਮੀਟਿੰਗ ਮੁੱਖ ਮੰਤਰੀ ਦੇ ਪ੍ਰਿੰਸੀਪਲ ਸੈਕਟਰੀ ਵੀਕੇ ਸਿੰਘ ਨਾਲ ਹੋਈ। ਜਿਸ ਵਿੱਚ ਪਰਦੂਸ਼ਨ ਰੋਕੂ ਬੋਰਡ ਦੇ ਅਧਿਕਾਰੀ,ਹੋਰ ਸੰਬੰਧਤ ਸੈਕਟਰੀਜ,ਡੀ.ਸੀ. ਲੁਧਿਆਣਾ ਸਾਕਸ਼ੀ ਸਾਹਨੀ ,ਐਸ.ਐਸ. ਪੀ.(ਦਿਹਾਤੀ ਲੁਧਿਆਣਾ) ਨਵਨੀਤ ਸਿੰਘ ਬੈਂਸ, ਐਸ.ਡੀ.ਐਮ.ਖੰਨਾ, ਡੀ.ਐਸ.ਪੀ.ਜਗਰਾਉ,ਡੀ.ਐੱਸ. ਪੀ ਸਮਰਾਲਾ ਸ਼ਾਮਲ ਹੋਏ। ਤਾਲਮੇਲ ਸ਼ੰਘਰਸ਼ ਕਮੇਟੀ ਵਲੋ ਉੱਘੇ ਵਿਗਿਆਨੀ ਡਾ.ਬਲਵਿੰਦਰ ਸਿੰਘ ਔਲਖ ਨੇ ਵਿਗਿਆਨਕ ਤਰਕ ਰਾਹੀ ਦੱਸਿਆ ਕਿ ਇਹ ਬਾਇਉ ਗੈਸ ਪਲਾਂਟ ਵਿਚ ਜੋ ਵੇਸਟ ਮਟੀਰੀਅਲ ਪੈਣਾ ਉਸ ਰਾਹੀ ਜਹਿਰੀਲੀਆਂ ਗੈਸ ਪੈਦਾ ਹੋਣਗੀਆ ਤੇ ਦੂਸ਼ਿਤ ਪਾਣੀ ਰਾਹੀਂ ਧਰਤੀ ਅੰਦਰਲੇ ਪਾਣੀ ਵਿਚ ਉਹ ਜ਼ਹਿਰੀਲੇ ਤੱਤ ਪੈਦਾ ਹੋਣਗੇ ਜੋ ਹਰ ਜਿੳਦੇ ਜੀਅ ਅੰਦਰ ਕੈਂਸਰ ਪੈਦਾ ਕਰਨਗੇ। ਇਸ ਤਰਾਂ ਇਹਨਾ ਨੂੰ ਕੈਂਸਰ ਫੈਕਟਰੀਆਂ ਦਾ ਨਾਮ ਦਿਤਾ ਜਾਣਾ ਚਾਹੀਦਾ ਹੈ । ਜਿਥੇ ਵੀ ਇਹ ਫ਼ੈਕਟਰੀਆਂ ਲੱਗਣਗੀਆਂ ਸਿਹਤ ਨਾਲ ਖਿਲਵਾੜ ਕਰਨਗੀਆਂ ਤੇ 15 ਕਿਲੋਮੀਟਰ ਦੇ ਘੇਰੇ ਅੰਦਰ ਇਹ ਜਹਿਰੀਲੇ ਤੱਤ ਫੈਲ ਕੇ ਭਿਆਨਕ ਬੀਮਾਰੀਆਂ ਫੈਲਾਉਣਗੇ।ਉਨਾਂ ਅੱਗੇ ਕਿਹਾ ਇਹ ਬਾਇਉ ਗੈਸ ਫੈਕਟਰੀਆ ਲਾਉਣ ਦਾ ਮਾਡਲ ਹੀ ਗਲਤ ਹੈ। ਜਿਸ ਤੇ ਅਧਿਕਾਰੀ ਨਿਰ-ਉਤਰ ਹੋ ਗਏ। ਇਸ ਤੋ ਬਾਅਦ ਤਾਲਮੇਲ ਕਮੇਟੀ ਦੇ ਮੁੱਖ ਆਗੂਆ ਕੰਵਲਜੀਤ ਖੰਨਾ ,ਬਲਵੰਤ ਸਿੰਘ ਘੁਡਾਣੀ,ਡਾ.ਸੁਖਦੇਵ ਸਿੰਘ ਭੂੰਦੜੀ ਨੇ ਦੱਸਿਆ ਕਿ ਅਸੀਂ ਇਨ੍ਹਾਂ ਕੈਂਸਰ ਫੈਕਟਰੀਆਂ ਸਾਹਮਣੇ ਲਗਭਗ 4ਮਹੀਨੇ ਤੋ ਇਹਨਾ ਨੂੰ ਬੰਦ ਕਰਾਉਣ ਲਈ ਸ਼ੰਘਰਸ਼ ਕਰ ਰਹੇ ਹਾਂ ਪਰ ਪ੍ਰਸ਼ਾਸਨ ਤੇ ਸਰਕਾਰ ਦੇ ਕੰਨਾਂ ਤੇ ਕੋਈ ਜੂੰ ਨਹੀ ਸਰਕੀ। ਅਸੀ ਤਹਿਸੀਲ ਅਤੇ ਜਿਲਾ ਪੱਧਰ ਤੇ ਵੱਡੇ ਵੱਡੇ ਇੱਕਠ ਕਰਕੇ ਆਪਣੀ ਆਵਾਜ ਬੁਲੰਦ ਕਰ ਚੁੱਕੇ ਹਾਂ ਪਰ ਪ੍ਰਸ਼ਾਸਨ ਅਣਗੌਲਿਆ ਕਰ ਰਿਹਾ ਹੈ। ਉਹਨਾ ਨੇ ਚਿਤਾਵਨੀ ਦਿਤੀ ਜੇ ਇਸ ਮਸਲੇ ਨੂੰ ਹਲ ਨਾ ਕੀਤਾ ਤਾ ਪੰਜਾਬ ਪੱਧਰ ਦੀਆਂ ਸ਼ੰਘਰਸ਼ੀਲ ਜੱਥੇਬੰਦੀਆ ਨੂੰ ਨਾਲ ਲੈ ਕੇ ਤਿੱਖਾ ਸੰਘਰਸ਼ ਵਿਢਿਆ ਜਾਵੇਗਾ ਜਿਸਦੀ ਜੁੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਤੋ ਇਲਾਵਾ ਸ਼ੰਘਰਸ਼ ਕਮੇਟੀ ਘੂੰਗਰਾਲੀ ਰਾਜਪੂਤਾਂ ਜਿਥੇ ਕਿ ਇਹ ਕੈਂਸਰ ਫੈਕਟਰੀ ਲਗੀ ਹੋਈ ਹੈ, ਦੇ ਨੁਮਾਇੰਦਿਆ ਕਰਮਜੀਤ ਸਿੰਘ ਸਹੋਤਾ,ਗੁਰਪ੍ਰੀਤ ਸਿੰਘ ਗੁਰੀ,ਹਰਦੀਪ ਸਿੰਘ,ਅਮਨਦੀਪ ਸਿੰਘ ਤੇ ਅਜਿੰਦਰਪਾਲ ਸਿੰਘ ਨੇ ਦੱਸਿਆ ਕਿ ਕਿਵੇ ਪਿਛਲੇ ਢਾਈ ਸਾਲ ਤੋ ਉਹ ਨਰਕ ਹੰਢਾ ਰਹੇ ਹਨ। ਸਾਡੇ ਪਿੰਡ ਦੇ 10 ਕਿਲੋਮੀਟਰ ਦੇ ਘੇਰੇ ਅੰਦਰ ਗੰਦੀ ਬਦਬੂ ਫੈਲਦੀ ਹੈ,ਨੇੜੇ ਸਕੂਲ ਅੰਦਰ ਬੱਚੇ ਜਹਿਰੀਲੀ ਗੈਸ ਨਾਲ ਬੇਹੋਸ਼ ਹੋ ਜਾਦੇ ਹਨ। ਪੂਰੇ ਇਲਾਕੇ ਅੰਦਰ ਭਿਆਨਕ ਬੀਮਾਰੀਆਂ ਪੈਦਾ ਹੋ ਚੁਕੀਆ ਹਨ। ਮਜਦੂਰ ਕਿਸਾਨ ਖੇਤਾ ਤੇ ਹੋਰ ਕਾਰੋਬਾਰਾ ਕਰਦੇ ਸਮੇ ਬੜੀ ਕਠਨਾਈ ਨਾਲ ਜਿੰਦਗੀ ਜਿਊਂਦੇ ਹਨ। ਜਿੰਨਾ ਖੇਤਾ ਅੰਦਰ ਵੈਸਟ ਮਟੀਰੀਅਲ ਸੁੱਟਿਆ ਜਾ ਰਿਹਾ ਹੈ। ਉਨ੍ਹਾਂ ਦੀ ਉਪਜਾਊ ਸ਼ਕਤੀ ਬਿਲਕੁਲ ਖਤਮ ਚੁੱਕੀ ਹੈ। ਖੇਡ ਮੈਦਾਨ ਅੰਦਰ ਲੋਕਾ ਨੇ ਗੰਦੀ ਬਦਬੂ ਕਾਰਨ ਆੳਣਾ ਛੱਡ ਦਿੱਤਾ ਹੈ। ਸੋ ਸਾਰੇ ਸੰਬੰਧਤ ਅਧਿਕਾਰੀ ਇਸ ਗਲ ਨੂੰ ਅਣਗੋਲਿਆ ਕਰਦੇ ਰਹੇ ਹਨ। ਉਹਨਾ ਨੇ ਮੰਗ ਕੀਤੀ ਕਿ ਇਹਨਾ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਭਾਵੇ ਕਿ ਸ਼ੰਘਰਸ਼ ਦੇ ਦਬਾਅ ਥਲੇ ਇਹ ਫੈਕਟਰੀ ਬੰਦ ਹੋ ਗਈ ਹੈ। ਇਸ ਤੋ ਬਾਅਦ ਮੁਸ਼ਕਾਬਾਦ ਦੇ ਸਾਥੀਆ ਰੂਪ ਸਿੰਘ,ਮਾਲਵਿੰਦਰ ਸਿੰਘ ਸਰਪੰਚ,ਹਰਮੇਲ ਸਿੰਘ ਸਰਪੰਚ,ਕੁਲਵਿੰਦਰ ਸਿੰਘ ਪੰਚ,ਕੁਲਵਿੰਦਰ ਸਿੰਘ ਕਾਕਾ ਨੇ ਕਿਹਾ ਕਿ ਸਾਡਾ ਇਲਾਕਾ ਹਰੀਆਂ ਸ਼ਬਜੀਆ ਦਾ ਹੱਬ ਹੈ, ਅਜਿਹਾ ਗੰਦਾ ਪਲਾਂਟ ਲੱਗਣ ਨਾਲ ਸਾਰਾ ਇਲਾਕਾ ਤੇ ਲੋਕਾ ਦੀ ਸਿਹਤ ਬਰਬਾਦ ਹੋ ਜਾਵੇਗੀ । ਇਸ ਸਮੇਂ ਗੁਰਤੇਜ ਸਿੰਘ ਅਖਾੜਾ, ਸੁਖਜੀਤ ਸਿੰਘ ਅਖਾੜਾ ਨੇ ਅਖਾੜਾ ਫੈਕਟਰੀ ਮਾਲਕ ਵੱਲੋਂ ਲਿਖਤੀ ਭਰੋਸਾ ਦੇਣ ਦੇ ਬਾਵਜੂਦ ਉਕਸਾਹਟ ਪੈਦਾ ਕਰਨ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ।। ਪਿੰਸੀਪਲ ਸੈਕਟਰੀ ਵੀ ਕੇ ਸਿੰਘ ਨੇ ਬੁਨਿਆਦੀ ਤੌਰ ਸਹਿਮਤ ਹੁੰਦਿਆਂ ਮੁੁੱਖ ਮੰਤਰੀ ਪੰਜਾਬ ਨਾਲ 21ਦਿਨ ਦੇ ਅੰਦਰ-ਅੰਦਰ ਵਿਚਾਰ ਵਟਾਂਦਰਾ ਕਰਕੇ ਪੱਕਾ ਹਲ ਕਰਨ ਦਾ ਭਰੋਸਾ ਦਿਵਾਇਆ। ਉਸਾਰੀ ਅਧੀਨ ਫੈਕਟਰੀਆਂ ਦੀ ਉਸਾਰੀ ਬੰਦ ਹੋਵੇਗੀ ਤੇ ਘੂੰਗਰਾਲੀ ਰਾਜਪੂਤਾਂ ਦੀ ਫੈਕਟਰੀ ਬੰਦ ਕਰ ਦਿਤੀ ਗਈ ਹੈ।ਅਗਲੀ ਮੀਟਿੰਗ ਚ ਮੁੱਖ ਮੰਤਰੀ ਪੰਜਾਬ ਵੀ ਸ਼ਾਮਲ ਹੋਣਗੇ।ਇਸ ਗੱਲਬਾਤ ਦੇ ਮੱਦੇ ਨਜ਼ਰ ਅੱਜ ਦੋ ਅਗਸਤ ਨੂੰ ਡੀ ਸੀ ਲੁਧਿਆਣਾ ਦਾ ਕੀਤਾ ਜਾਣ ਵਾਲਾ ਘਿਰਾਓ ਮੁਲਤਵੀ ਕਰ ਦਿੱਤਾ ਗਿਆ ਹੈ।