ਦਾਖਾ (ਰਾਜੇਸ ਜੈਨ-ਭਗਵਾਨ ਭੰਗੂ) ਸ਼ੁੱਕਰਵਾਰ ਰਾਤ ਪਿੰਡ ਕੈਲਪੁਰ ਸਥਿਤ ਭੂਰੀ ਵਾਲਿਆਂ ਦੀ ਕੁਟੀਆ ’ਚ ਰਹਿੰਦੇ ਦੋ ਸੰਤਾਂ ਨੂੰ ਬੰਧਕ ਬਣਾ ਕੇ ਅਣਪਛਾਤੇ ਲੁਟੇਰੇ ਨਕਦੀ, ਐੱਲਸੀਡੀ ਅਤੇ ਡੀਵੀਆਰ ਲੈ ਕੇ ਫਰਾਰ ਹੋ ਗਏ ਜਿਸ ਦੀ ਇਤਲਾਹ ਸੇਵਾਦਾਰਾਂ ਵੱਲੋਂ ਦਾਖਾ ਪੁਲਿਸ ਨੂੰ ਦਿੱਤੀ ਪਰ ਪੁਲਿਸ ਨੇ ਘਟਨਾ ਦਾ ਮੌਕਾ ਦੇਖਣਾ ਵੀ ਮੁਨਾਸਿਬ ਨਹੀਂ ਸਮਝਿਆ। ਸੇਵਾਦਾਰ ਜਤਿੰਦਰ ਸਿੰਘ ਔਲਖ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਕੁਝ ਹਥਿਆਰਬੰਦ ਲੁਟੇਰੇ ਕੈਲਪੁਰ ਸਥਿਤ ਕੁਟੀਆ ਅੰਦਰ ਦਾਖਲ ਹੋ ਗਏ ਜਿਨ੍ਹਾਂ ਨੇ ਅੰਦਰ ਰਹਿੰਦੇ ਦੋ ਸੰਤਾਂ ਨੂੰ ਬੰਧਕ ਬਣਾ ਕੇ ਕਮਰਿਆਂ ਦੀ ਫਰੋਲਾ–ਫਰਾਲੀ ਕੀਤੀ ਅਤੇ ਗਲਾ ਤੋੜ ਕੇ ਕਰੀਬ 10 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ। ਫੜੇ ਜਾਣ ਦੇ ਡਰੋ ਉਕਤ ਵਿਅਕਤੀ ਜਾਂਦੇ ਹੋਏ ਐੱਲਸੀਡੀ ਤੇ ਡੀਵੀਆਰ ਵੀ ਲੈ ਗਏ। ਲੁਟੇਰਿਆਂ ਦੇ ਜਾਣ ਮਗਰੋਂ ਸੰਤਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਜਦੋਂ ਇਸ ਸਬੰਧੀ ਏਐੱਸਆਈ ਤਰਸੇਮ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸ਼ਿਕਾਇਤ ਮਿਲ ਚੁੱਕੀ ਹੈ ਅਤੇ ਮੌਕਾ ਦੇਖਣ ਤੋਂ ਬਾਅਦ ਹੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ।