ਰਾਏਕੋਟ (ਰਾਜੇਸ ਜੈਨ-ਸਤੀਸ਼ ਜੱਗਾ) ਪਿੰਡ ਤਲਵੰਡੀ ਰਾਏ ਦੇ 48 ਸਾਲਾ ਰਣਜੀਤ ਸਿੰਘ ਢਿੱਲੋਂ ਦੀ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਖੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਇਸ ਮੌਕੇ ਰਣਜੀਤ ਸਿੰਘ ਦੇ ਵੱਡੇ ਭਰਾ ਸੈਕਟਰੀ ਕੁਲਵਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਉਸ ਦੇ ਭਰਾ ਦਾ ਸੰਨ 1996 ਵਿੱਚ ਪਿੰਡ ਹਿੱਸੋਵਾਲ ਦੀ ਦਵਿੰਦਰ ਕੌਰ ਨਾਲ ਵਿਆਹ ਹੋਇਆ ਸੀ। ਉਪਰੰਤ ਸੰਨ 1997 ਵਿੱਚ ਉਹ ਕੈਨੇਡਾ ਦੇ ਸ਼ਹਿਰ ਬਰੈਂਪਟਨ ਚਲਾ ਗਿਆ ਜਿੱਥੇ ਉਹ ਪਤਨੀ ਸਮੇਤ 2 ਬੱਚਿਆਂ ਨਾਲ ਰਹਿ ਰਿਹਾ ਸੀ। 9 ਅਗਸਤ ਦੀ ਰਾਤ 11 ਵਜੇ ਉਸ ਦੇ ਕੈਨੇਡਾ ਰਹਿੰਦੇ ਪੁੱਤਰ ਧਰਮਪ੍ਰੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਚਾਚੇ ਰਣਜੀਤ ਸਿੰਘ ਢਿੱਲੋਂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਰਣਜੀਤ ਸਿੰਘ ਢਿੱਲੋਂ 13 ਸਾਲਾਂ ਬਾਅਦ 3-4 ਮਹੀਨੇ ਪਹਿਲਾਂ ਇੰਡੀਆ ਆਇਆ ਸੀ, ਜੋ ਡੇਢ ਮਹੀਨਾ ਆਪਣੇ ਪਰਿਵਾਰ ਵਿੱਚ ਰਹਿ ਕੇ ਵਾਪਸ ਕੈਨੇਡਾ ਚਲਾ ਗਿਆ ਸੀ। ਬੇਵਕਤੀ ਮੌਤ ’ਤੇ ਪਰਿਵਾਰ ਦੇ ਕਰੀਬੀ ਅਕਾਲੀ ਆਗੂ ਜਥੇਦਾਰ ਜਗਜੀਤ ਸਿੰਘ ਤਲਵੰਡੀ ਮੈਂਬਰ ਐੱਸਜੀਪੀਸੀਵੱਲੋਂ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।