ਚੰਡੀਗੜ੍ਹ,26 ਫਰਵਰੀ (ਬਿਊਰੋ ਡੇਲੀ ਜਗਰਾਉਂ ਨਿਊਜ਼)- ਚੰਡੀਗੜ੍ਹ ਵਿੱਚ ਬਿਜਲੀ ਕਰਮਚਾਰੀਆਂ ਦੀ ਹੜਤਾਲ ਕਾਰਨ ਬਿਜਲੀ ਵਿਵਸਥਾ ਦੇ ਪੈਦਾ ਹੋਏ ਸੰਕਟ ਉਤੇ ਚੰਡੀਗੜ੍ਹ ਪ੍ਰਸ਼ਾਸਨ ਨੇ ਵੱਡੀ ਕਾਰਵਾਈ ਕੀਤੀ ਹੈ।ਚੰਡੀਗੜ੍ਹ ਪ੍ਰਸ਼ਾਸਨ ਨੇ 17 ਆਊਟਸੋਰਸ ਕਰਮਚਾਰੀਆਂ ਦੀਆਂ ਸੇਵਾਵਾਂ ਖਤਮ ਕਰ ਦਿੱਤੀ ਹੈ। ਇਸ ਤੋਂ ਇਲਾਵਾ ਬਿਜਲੀ ਵਿਭਾਗ ਦੇ 143 ਕਰਮਚਾਰੀਆਂ ਖਿਲਾਫ ਵੀ ਐਫਆਈਆਰ ਦਰਜ ਕੀਤੀ ਗਈ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ 126 ਰੈਗੂਲਰ ਕਰਮਚਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ।ਚੰਡੀਗੜ੍ਹ ਪ੍ਰਸ਼ਾਸਨ ਨੇ ਬਿਜਲੀ ਮੁਲਾਜ਼ਮਾਂ ਦੀ ਹੜਤਾਲ ਦੌਰਾਨ ਬਿਜਲੀ ਖਰਾਬ ਹੋਣ ਦੀ ਜਾਂਚ ਲਈ ਆਈਏਐਸ ਅਧਿਕਾਰੀ ਯਸ਼ਪਾਲ ਗਰਗ ਦੀ ਪ੍ਰਧਾਨਗੀ ਹੇਠ ਕਮੇਟੀ ਦਾ ਗਠਨ ਕੀਤਾ ਸੀ। ਇਸ ਕਮੇਟੀ ਵਿੱਚ ਸੈਕਟਰ 16 ਅਤੇ ਸੈਕਟਰ 32 ਹਸਪਤਾਲ ਦੇ ਮੈਡੀਕਲ ਸੁਪਰਡੈਂਟ ਅਤੇ ਬਿਜਲੀ ਵਿਭਾਗ ਦੇ ਐਕਸੀਅਨ ਗੁਰਪ੍ਰੀਤ ਸਿੰਘ ਨੂੰ ਵੀ ਸ਼ਾਮਲ ਕੀਤਾ ਹੈ, ਜੋ ਚੰਡੀਗੜ੍ਹ ਦੇ ਸੈਕਟਰ 16 ਅਤੇ ਸੈਕਟਰ 32 ਹਸਪਤਾਲ ਵਿੱਚ ਬਿਜਲੀ ਠੱਪ ਹੋਣ ਦੀਆਂ ਖਾਮੀਆਂ ਦੀ ਜਾਂਚ ਕਰੇਗੀ।ਪ੍ਰਸ਼ਾਸਨ ਨੇ ਸੈਕਟਰ 32 ਸੈਕਟਰ 16 ਦੇ ਹਸਪਤਾਲ ਦੀ ਬਿਜਲੀ ਸਪਲਾਈ ਨੂੰ ਸੰਭਾਲਦੇ ਹੋਏ ਜੂਨੀਅਰ ਇੰਜਨੀਅਰ ਨੂੰ ਸਸਪੈਂਡ ਕਰ ਦਿੱਤਾ ਹੈ।ਬਿਜਲੀ ਵਿਭਾਗ ਦੇ ਸੁਪਰਡੈਂਟ ਇੰਜੀਨੀਅਰ ਨੂੰ ਫੌਜ ਨਾਲ ਸਹਿਯੋਗ ਨਾ ਕਰਨ ‘ਤੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ।ਕਾਬਲੇਗੌਰ ਹੈ ਕਿ ਬੀਤੇ ਦਿਨੀਂ ਚੰਡੀਗੜ੍ਹ ਦੇ ਬਿਜਲੀ ਵਿਭਾਗ ਦੇ ਕਰਮਚਾਰੀਆਂ ਨੇ ਨਿੱਜੀਕਰਨ ਖਿਲਾਫ ਹੜਤਾਲ ਕੀਤੀ ਸੀ,ਜਿਸ ਕਾਰਨ ਪੂਰੇ ਸ਼ਹਿਰ ਦੀ ਬਿਜਲੀ ਵਿਵਸਥਾ ਠੱਪ ਹੋ ਗਈ ਸੀ।ਕਰਮਚਾਰੀਆਂ ਦੀ ਹੜਤਾਲ ਕਾਰਨ ਪੈਦਾ ਹੋਏ ਸੰਕਟ ਮਗਰੋਂ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।
